ਵਿਧਾਇਕ ਵੱਲੋਂ ਚੁਕਾਈ ਦੇ ਭਰੋਸੇ ਮਗਰੋਂ ਜਾਮ ਖੋਲ੍ਹਿਆ
ਜਗਜੀਤ ਸਿੰਘ
ਮੁਕੇਰੀਆਂ, 28 ਅਕਤੂਬਰ
ਗੜ੍ਹਦੀਵਾਲਾ ਮੰਡੀ ਵਿੱਚ ਚੁਕਾਈ ਨਾ ਹੋਣ ਖ਼ਿਲਾਫ਼ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਦਸੂਹਾ- ਹੁਸ਼ਿਆਰਪੁਰ ਮਾਰਗ ’ਤੇ ਸਰਹਾਲਾ ਮੋੜ ’ਤੇ ਕਰੀਬ ਤਿੰਨ ਘੰਟੇ ਆਵਾਜਾਈ ਠੱਪ ਰੱਖੀ ਗਈ। ਕਰੀਬ 11.30 ਵਜੇ ਲੱਗਾ ਇਹ ਜਾਮ ਵਿਧਾਇਕ ਜਸਵੀਰ ਰਾਜਾ ਵੱਲੋਂ ਤੁਰੰਤ ਚੁਕਾਈ ਦੇ ਦਿੱਤੇ ਭਰੋਸੇ ਮਗਰੋਂ ਖੋਲ੍ਹਿਆ ਗਿਆ। ਇਸ ਮੌਕੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਤੇ ਚੇਅਰਮੈਨ ਪ੍ਰੀਤਮੋਹਣ ਸਿੰਘ ਝੱਜੀਪਿੰਡ ਆਦਿ ਨੇ ਕਿਹਾ ਕਿ ਮੰਡੀ ਵਿੱਚ ਕਰੀਬ 56 ਹਜ਼ਾਰ ਬੋਰੀ ਚੁਕਾਈ ਵਾਲੀ ਪਈ ਹੈ ਅਤੇ ਮੰਡੀ ਵਿੱਚ ਝੋਨੇ ਦੀ ਢੇਰੀ ਲਗਾਉਣ ਲਈ ਥਾਂ ਨਹੀਂ ਹੈ। ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਦਾਣਾ ਮੰਡੀ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠੇ ਸਨ।
ਇਸ ਦੌਰਾਨ ਆੜ੍ਹਤੀ ਯੂਨੀਅਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਵਿੱਚ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਸੋਮਵਾਰ ਨੂੰ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਜਾਵੇਗੀ ਪਰ ਅੱਜ ਵੀ ਚੁਕਾਈ ਨਾ ਹੋਣ ਕਾਰਨ ਉਨ੍ਹਾਂ ਸੰਘਰਸ਼ ਦਾ ਰਾਹ ਚੁਣਿਆ ਹੈ। ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਰੱਖਣ ਲਈ ਥਾਂ ਨਹੀਂ ਬਚੀ ਅਤੇ ਭਰਾਈ ਤੋਂ ਬਿਨਾਂ ਵੀ ਝੋਨਾ ਖੁੱਲੇ ਅਸਮਾਨ ਥੱਲੇ ਪਿਆ ਹੈ। ਜਾਮ ਦਾ ਪਤਾ ਲੱਗਦਿਆਂ ਹੀ ਪੁੱਜੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਐਸਡੀਐਮ ਕੰਵਲਜੀਤ ਸਿੰਘ ਵਲੋਂ ਕਿਸਾਨਾਂ ਅਤੇ ਆੜਤੀਆਂ ਨੂੰ ਤੁਰੰਤ ਲਿਫਿਟੰਗ ਦੇ ਭਰੋਸੇ ਉਪਰੰਤ ਜਾਮ ਖੋਲ੍ਹਿਆ ਗਿਆ।