ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਸਲਾ

09:27 AM Jul 06, 2023 IST

ਮਨਦੀਪ ਗਿੱਲ ਧੜਾਕ
ਹੱਲ ਨਹੀਓਂ ਹੋਣਾ ਸੱਜਣਾ, ਪਿੰਡ ਤੇ ਸ਼ਹਿਰ ਦਾ ਮਸਲਾ,
ਸ਼ੁਰੂ ਤੋਂ ਚਲਦਾ ਆਇਆ ਹੈ ਚਾਨਣ ਨ੍ਹੇਰ ਦਾ ਮਸਲਾ।

Advertisement

ਕਿਧਰੇ ਹੈ ਜਾਤ ਦਾ ਮਸਲਾ ਤੇ ਕਿਧਰੇ ਧਰਮਾਂ ਦਾ,
ਨਾ ਹੀ ਇਹ ਕਦੇ ਹੱਲ ਹੋਣਾ ਹੈ ਤੇਰ-ਮੇਰ ਦਾ ਮਸਲਾ।

ਹਾਕਮ ਹੱਕ ਖੋਹ ਕੇ ਫਿਰ ਜਨਤਾ ਨੂੰ ਪਰਚਾਉਂਦਾ ਹੈ,
ਡਰ ਹੈ ਮੁੜ ਉੱਠ ਨਾ ਜਾਵੇ ਦੱਬੀ ਲਹਿਰ ਦਾ ਮਸਲਾ।

Advertisement

ਜ਼ਹਿਰ ਪਰੋਸਣ ਲੋਕੀਂ ਏਥੇ ਆਪਣਿਆਂ ਨੂੰ ਹੀ,
ਜੇਬ ਦਾ ਮਸਲਾ ਵੇਖਣ, ਨਾ ਵੇਖਣ ਜ਼ਹਿਰ ਦਾ ਮਸਲਾ।

ਆ ਯਾਰਾ ਆਪਾਂ ਦੋਵੇਂ ਕਰੀਏ ਮਿਲ ਬੈਠ ਕੇ ਵਿਚਾਰਾਂ,
ਆਪਣਾ ਕਿਹੜਾ ਚੰਡੀਗੜ੍ਹ ਜਾਂ ਹੈ ਨਹਿਰ ਦਾ ਮਸਲਾ।

ਦੱਸ ਕਿਵੇਂ ਮਨਦੀਪ ਲਿਖੇ ਕਵਿਤਾ ਤੇ ਗ਼ਜ਼ਲਾਂ ਨੂੰ,
ਕਿਧਰੇ ਹੈ ਪਿੰਗਲ ਦਾ ਤੇ ਕਿਧਰੇ ਬਹਿਰ ਦਾ ਮਸਲਾ।
ਸੰਪਰਕ: 99881-11134
* * *

ਚੱਲਿਆ ਗੁਆਚ ਵਿਰਸਾ

ਅਮਰਿੰਦਰ ਕੰਗ
ਆ ਜਾ ਵੇ ਸੁਣਾਵਾਂ ਤੈਨੂੰ ਗੱਲ ਹਾਣੀਆਂ
ਉਲਝ ਨੇ ਗਈਆਂ ਸਾਰੀਆਂ ਹੀ ਤਾਣੀਆਂ
ਕਤਲ ਹੋਇਆ ਏ ਗੁਰੂਆਂ ਦੇ ਖ਼ੁਆਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਉੱਚੇ ਲੰਮੇ ਕੱਦ ਚੌੜੀਆਂ ਸੀ ਛਾਤੀਆਂ
ਡਰਦਾ ਨਾ ਕੋਈ ਮਾਰਦਾ ਸੀ ਝਾਤੀਆਂ
ਰੋਹਬ ਝੱਲਿਆ ਨਾ ਜਾਂਦਾ ਸੀ ਨਵਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਦਿਸਣ ਨਾ ਕਿਤੇ ਕੈਂਠੇ ਫੁਲਕਾਰੀਆਂ
ਸੱਥਾਂ ਵਿੱਚ ਵੱਜਣ ਨਾ ਕਿਲਕਾਰੀਆਂ
ਸੁਣਦਾ ਨਾ ਸੁਰ ਬਾਬੇ ਦੀ ਰਬਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਲੱਭਣ ਨਾ ਕਿਤੇ ਚਾਟੀਆਂ ਮਧਾਣੀਆਂ
ਸਿਰ ਕੱਜ ਤੁਰਦੀਆਂ ਨਾ ਸੁਆਣੀਆਂ
ਨਾ ਦਿਸੇ ਖੂਹੀ ਨਾ ਹੀ ਪਾਣੀ ਢਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਬਲਦਾਂ ਦੇ ਗਲ ਨਾ ਵੱਜਣ ਟੱਲੀਆਂ
ਕੂੰਜਾਂ ਉੱਡ ਦੱਸ ਕਿਹੜੇ ਦੇਸ਼ ਚੱਲੀਆਂ
ਗੰਧਲ਼ਾ ਏ ਕੀਤਾ ਪਾਣੀ ਵੀ ਚਨਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਨਾ ਹੀ ਗੁੱਲੀ ਡੰਡਾ ਨਾ ਖੇਡਾਂ ਨਿਆਰੀਆਂ
ਭੱਤਾ ਲੈ ਕੇ ਖੇਤ ਜਾਂਦੀਆਂ ਨਾ ਨਾਰੀਆਂ
ਮਹਿਕਦਾ ਸੀ ਫੁੱਲ ਜਿਉਂ ਗੁਲਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਸੱਥਾਂ ਵਿੱਚ ਲੱਗਦੀ ਨਾ ਸੀਪ ਹਾਣੀਆਂ
ਯਾਦ ਆਉਂਦੀਆਂ ਨੇ ਮੈਨੂੰ ਮੌਜਾਂ ਮਾਣੀਆਂ
ਕੰਗ ਚੰਗਾ ਸੀਗਾ ਦੌਰ ਇਨਕਲਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ।
ਸੰਪਰਕ: 90730-00004
* * *

ਗ਼ਜ਼ਲ

ਹਰਮੀਤ ਸਿਵੀਆਂ
ਜ਼ਿੰਦਗੀ ਦਾ ਮੁਲਾਂਕਣ ਵੀ ਅੱਜ ਕਰ ਲਿਆ ਮੈਂ।
ਹੋਇਆ ਅਹਿਸਾਸ ਕਿ ਬੜਾ ਕੁਝ ਜਰ ਲਿਆ ਮੈਂ।

ਅਹਿਸਾਸ ’ਚ ਨਾਦ-ਵਿਸਮਾਦ ਹੀ ਰਿਹਾ ਮੈਂ ਉਦੋਂ,
ਸੀ ਕਾਇਨਾਤ ਨੂੰ ਕਲਾਵੇ ’ਚ ਭਰ ਲਿਆ ਮੈਂ।

ਮਾਯੂਸੀ ਦੇ ਸਮੁੰਦਰ ਗੋਤੇ ਰਿਹਾ ਖਾਂਦਾ,
ਹੁਣ ਖ਼ੁਸ਼ੀ ਦੇ ਤਲਾਬ ’ਚ ਵੀ ਤਰ ਲਿਆ ਮੈਂ।

ਅਵਾਜ਼ਾਰੀਆਂ ਵੀ ਕਰ ਲਈ ਤੌਬਾ ਫੇਰ,
ਜਦੋਂ ਔਕੜਾਂ ਦੀ ਧੌਣ ਗੋਡਾ ਧਰ ਲਿਆ ਮੈਂ।

ਰੰਜ ਨਹੀਂ ਕਿ ਕੀ ਖੋਇਆ ਤੇ ਕੀ ਪਾਇਆ ਮੈਂ,
ਪਿਆਰ ਅਦਬ ਦਾ ਝੋਲੀਆਂ ਵਿੱਚ ਭਰ ਲਿਆ ਮੈਂ।

ਕੌਣ ਰੁਸ਼ਨਾਉਂਦਾ ਏ ਜੁਗਨੂੰਆਂ ਦੇ ਰਸਤੇ ਨੂੰ,
ਤਾਂ ਹੀ ਅਦਬ ਦਾ ਚਾਨਣ ਅੰਦਰ ਕਰ ਲਿਆ ਮੈਂ।

ਘਰ ਹੁੰਦਿਆਂ ਵੀ ਰਿਹਾ ਹਾਂ ਬੇ-ਘਰਾ ‘ਸਿਵੀਆਂ’,
ਵਿਡੰਬਨਾ ਹੈ ਕਿ ਕਿਰਾਏ ’ਤੇ ਘਰ ਲਿਆ ਮੈਂ।
ਸੰਪਰਕ: 80547-57806
* * *

ਗ਼ਜ਼ਲ

ਬਲਵਿੰਦਰ ‘ਬਾਲਮ’
ਰਹਿੰਦੀ ਦੁਨੀਆ ਤੱਕ ਰਹਿਣਾ ਸਤਿਕਾਰ ਸ਼ਹੀਦਾਂ ਦਾ।
ਦੇਸ਼ ਦੇ ਜ਼ੱਰੇ-ਜ਼ੱਰੇ ਵਿੱਚ ਹੈ ਪਿਆਰ ਸ਼ਹੀਦਾਂ ਦਾ।

ਕੌਮਾਂ ਅੰਦਰ ਜਜ਼ਬਾ ਤੇ ਕੁਰਬਾਨੀ ਭਰਦਾ ਹੈ,
ਹੋ ਜਾਂਦਾ ਹੈ ਪੂਰਾ ਜਦ ਇਕਰਾਰ ਸ਼ਹੀਦਾਂ ਦਾ।

ਭਾਰਤ ਮਾਂ ਦੇ ਸਿਰ ’ਤੇ ਜਿੱਤ ਦਾ ਮੁਕਟ ਸਜਾ ਦੇਂਦਾ,
ਖ਼ੂਨ ਕਦੀ ਵੀ ਜਾਂਦਾ ਨਈਂ ਬੇਕਾਰ ਸ਼ਹੀਦਾਂ ਦਾ।

ਉਸ ਦੀ ਮਮਤਾ ਰੋਂਦੀ ਨਈਂ ਏ ਫ਼ਖ਼ਰ ਕਰੇਂਦੀ ਹੈ,
ਅਰਥੀ ’ਤੇ ਜਦ ਕਰਦੀ ਹੈ ਦੀਦਾਰ ਸ਼ਹੀਦਾਂ ਦਾ।

ਭਾਰਤ ਦੇ ਇਤਿਹਾਸ ’ਚ ਚੰਨ ਦੇ ਵਾਂਗੂ ਚਮਕੇਗਾ,
ਫ਼ੌਜੀ ਜਿਹੜਾ ਬਣਦਾ ਹੈ ਦਿਲਦਾਰ ਸ਼ਹੀਦਾਂ ਦਾ।

ਕੁਰਬਾਨੀ ਦਾ ਜਜ਼ਬਾ ਇੱਕ ਇੱਕ ਫੁੱਲ ਦੇ ਅੰਦਰ ਹੈ,
ਨਵ ਪੀੜ੍ਹੀ ਨੂੰ ਯਾਦ ਦਿਲਾਊ ਹਾਰ ਸ਼ਹੀਦਾਂ ਦਾ।

ਹਰ ਬਰਸੀ ’ਤੇ ਮੇਲੇ ਲਾਈਏ ਤਾਂ ਜੋ ਬਣਿਆ ਰਹੇ,
ਸੱਤਿਅਮ-ਸ਼ਿਵਮ-ਸੁੰਦਰਮ ਇਹ ਸਤਿਕਾਰ ਸ਼ਹੀਦਾਂ ਦਾ।

ਸਿਰ ਨਹੀਂ ਚੁੱਕਣ ਦੇਂਦੇ ‘ਬਾਲਮ’ ਰਾਖੇ ਦੁਸ਼ਮਣ ਨੂੰ,
ਸ਼ੇਰਾਂ ਵਰਗੀ ਗਰਜ ਜਿਹਾ ਕਿਰਦਾਰ ਸ਼ਹੀਦਾਂ ਦਾ।
ਸੰਪਰਕ: 98156-25409
* * *

ਗੱਲ ਨਹੀਂ ਖ਼ਾਸ

ਲਖਵਿੰਦਰ ਸਿੰਘ ਰਈਆ
ਤੂੰ ਫ਼ਿਕਰ ਨਾ ਕਰੀਂ ਸ਼ੇਰਾ
ਤੈਨੂੰ ਤੋਰਿਆ ਸੀ ਕਰ ਵੱਡਾ ਜੇਰਾ
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।

ਪਹੁ ਫੁਟਾਲੇ ਦਾ ਤੁਰਿਆ,
ਅਜੇ ਨਹੀਂ ਮੁੜਿਆ।
ਪੈ ਗਈ ਰਾਤ,
ਹੰਝੂਆਂ ਦੀ ਬਰਸਾਤ।
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।

ਘਰ ਕੱਚੇ, ਰਿਸ਼ਤੇ ਪੱਕੇ
ਦੁੱਖ ਸੁੱਖ ਦੀ ਸੀ ਸਾਂਝ।
ਹੁਣ ਮਮਤਾ ਹੋ ਗਈ ਬਾਂਝ
ਨਕਲੀ ਹਾਸੇ ਨਾ ਕੋਈ ਹੁਲਾਸ
ਗੱਲ ਨਹੀਂ ਖ਼ਾਸ
ਬਸ ਦਿਲ ਹੀ ਉਦਾਸ।

ਸੁੱਕਾ ਬੁਰਕਾ, ਢਿੱਡ ਨੂੰ ਝੁਲਕਾ,
ਮਜ਼ਦੂਰ ਬੜਾ ਮਜਬੂਰ।
ਚੁੱਲ੍ਹਾ ਘੂਰੇ, ਮੂਧੀ ਪਈ ਪਰਾਤ
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।

ਅੰਨਦਾਤਾ ਸਭ ਗਿਆਤਾ,
ਬੇਮੌਸਮੇ ਮੀਂਹ ਦਾ ਸਿਆਪਾ।
ਡਾਢਾ ਕੱਢੇ ਭੜਾਸ,
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।

ਨਸ਼ਿਆਂ ਦੀ ਹਨੇਰੀ ਰਹੀ ਝੁੱਲ,
ਬਸੰਤ ਰੁੱਤੇ ਕਿਤੇ ਕਿਤੇ ਖਿੜੇ ਫੁੱਲ।
ਸ਼ਹਿਦ ’ਚੋਂ ਮੁੱਕੀ ਮਿਠਾਸ,
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।

ਕੰਸ ਅਜੇ ਮਰਿਆ ਨਹੀਂ,
ਰਾਵਣ ਅਜੇ ਸੜਿਆ ਨਹੀਂ।
ਚੀਰ ਹਰਣ ਨਿੱਤ ਹੋਵਣ,
ਚੀਸਾਂ ਦੇਣ ਨਾ ਸੋਵਣ।
ਜਤ ਸਤ ਦਾ ਸਤਿਆਨਾਸ
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।

ਗਲਵੱਕੜੀ ਦੀ ਟੁੱਟੀ ਸਾਂਝ
ਡੰਗੋਰੀ ਹੋ ਰਹੀ ਬਾਂਝ
ਨਾ ਕੋਈ ਮਮਤਾ ਦੀ ਧਰਵਾਸ,
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।

ਹਿਣਕਣ ਹੰਕਾਰ ਦੇ ਘੋੜੇ,
ਵਧ ਗਏ ਝਗੜੇ ਬੇਲੋੜੇ
ਮੈਂ ਮੈਂ ਤੂੰ ਤੂੰ ਦੀ ਹੋਵੇ ਬਰਸਾਤ
ਗੱਲ ਨਹੀਂ ਖ਼ਾਸ,
ਬਸ ਦਿਲ ਹੀ ਉਦਾਸ।
ਸੰਪਰਕ: 98764-74858
* * *

ਗ਼ਜ਼ਲ

ਰਾਕੇਸ਼ ਕੁਮਾਰ
ਔਖਾ ਹੁੰਦਾ ਰਾਹ ਸੱਚ ਦਾ।
ਸੂਲਾਂ ਰੋੜੇ ਭਰਿਆ ਕੱਚ ਦਾ
ਚਾਨਣ ਦੇ ਵਣਜਾਰੇ ਫੜ ਕੇ,
ਹਾਕਮ ਨਿੱਤ ਛੜਯੰੰਤਰ ਰਚਦਾ।

ਪਿਆਰ ਉਸ ਦਾ ਖ਼ੁਦਾ ਵਰਗਾ,
ਨਫ਼ਰਤ ਤੋਂ ਜੋ ਰਿਹਾ ਬਚਦਾ
ਕਾਹਦਾ ਮਾਣ ਪੁਤਲੇ ’ਤੇ ਤੈਨੂੰ,
ਵੇਖੀਂ ਅੰਤ ਨੂੰ ਕਿਵੇਂ ਹੈ ਮੱਚਦਾ।

ਪੈਰੀਂ ਘੁੰਗਰੂ, ਹੱਥ ਫੜਿਆ ਕਾਸਾ,
ਇਸ਼ਕ ਹਕੀਕੀ ਆਪਾ ਨੱਚਦਾ।
ਰੰਗ ਤਾਂ ਢਲ ਜਾਵਣ ‘ਰਾਕੇਸ਼’,
ਚੰਗੀ ਸੀਰਤ ’ਚ ਬੰਦਾ ਜਚਦਾ।
ਸੰਪਰਕ: 94630-24455
* * *

ਗ਼ਜ਼ਲ

ਅਵਤਾਰ ਸਿੰਘ ਪੁਆਰ
ਚਲਦਾ ਰਹਿੰਦਾ ਦੌਰ ਇਹ ਜਿੱਤਾਂ ਹਾਰਾਂ ਦਾ।
ਐਪਰ ਫਿੱਕਾ ਪਵੇ ਨਾ ਰੰਗ ਪਿਆਰਾਂ ਦਾ।

ਜ਼ਿਕਰ ਸਦਾ ਇਤਿਹਾਸ ’ਚ ਹੁੰਦਾ ਰਹਿਣਾ ਏ,
ਯੂਕਰੇਨ ’ਤੇ ਰੂਸ ਦੇਸ਼ ਦੀਆਂ ਮਾਰਾਂ ਦਾ।

ਹਸਪਤਾਲ ਦੀ ਆਪਣੀ ਹਾਲਤ ਠੀਕ ਨਹੀਂ,
ਦੂਰ ਕਰੇਗਾ ਕਿਵੇਂ ਰੋਗ਼ ਬਿਮਾਰਾਂ ਦਾ।

ਉਹ ਮੰਡੀ ਵਿੱਚ ਬੈਠਾ ਕਣਕ ਦੀ ਢੇਰੀ ’ਤੇ,
ਪਰਸੋਂ ਤੋਂ ਰਾਹ ਦੇਖ ਰਿਹਾ ਸਰਕਾਰਾਂ ਦਾ।

ਥਾਂ-ਥਾਂ ਉਸਰੇ ਬਿਰਧ ਆਸ਼ਰਮ ਪੁੱਛਦੇ ਨੇ,
ਅਸਰ ਕੀ ਹੋਇਆ ਧਰਮਾਂ ਦੇ ਪ੍ਰਚਾਰਾਂ ਦਾ?

ਕਰ ਦਿੱਤਾ ਜੋ ਤੇਰੇ ਅੱਜ ਦੋ ਸ਼ਬਦਾਂ ਨੇ,
ਕੰਮ ਸੀ ਇਹ ਤੀਰਾਂ ਤੇ ਤਲਵਾਰਾਂ ਦਾ।
ਸੰਪਰਕ: 94173-72986
* * *

ਗਿਲੇ ਸ਼ਿਕਵੇ

ਸੁਖਚੈਨ ਸਿੰਘ ਠੱਠੀ ਭਾਈ
ਗਿਲੇ ਸ਼ਿਕਵੇ ਦੂਰ ਤੂੰ ਕਰ ਲੈ
ਰੋਜ਼ ਮਰਨੋਂ ਇੱਕ ਦਿਨ ਮਰ ਲੈ
ਲੰਘਦੀ ਜਾਵੇ ਉਮਰ ਹੁਣ ਤੇਰੀ
ਰੂਹ ਨਾਲ ਪਿਆਰ ਤੂੰ ਕਰ ਲੈ

ਦਿਨ ਰਾਤ ਨੇ ਚੜ੍ਹਦੇ ਲਹਿੰਦੇ
ਗੱਲ ਦਾ ਅਹਿਸਾਸ ਤੂੰ ਕਰ ਲੈ
ਸੰਸਾਰ ਉੱਤੇ ਸਦਾ ਨਹੀਂ ਰਹਿਣਾ
ਮਨ ਦੇ ਵਿੱਚ ਇਹ ਪੱਕਾ ਕਰ ਲੈ

ਚੁਗ਼ਲੀ ਨਿੰਦਿਆ ਕਰਨੀ ਛੱਡ ਦੇ
ਪਾਪਾਂ ਦਾ ਪ੍ਰਾਸ਼ਚਿਤ ਕਰ ਲੈ
ਆਖ਼ਰ ਵਾਲਾ ਪੰਧ ਹੈ ਨੇੜੇ
ਸੁਖਚੈਨ, ਚੰਗਾ ਕਾਰਜ ਕਰ ਲੈ

ਸਭ ਦੇ ਨਾਲ ਕਰ ਮੁਹੱਬਤ
ਜਾਤ ਪਾਤ ਤੋਂ ਕਿਨਾਰਾ ਕਰ ਲੈ।
ਉਸ ਸੱਚੇ ਦੇ ਦਰ ਹੋਣੇ ਨਬੇੜੇ
ਜਿੰਨੇ ਮਰਜ਼ੀ ਤੂੰ ਡਰਾਮੇ ਕਰ ਲੈ।
ਸੰਪਰਕ: 009-715-2763-2924

Advertisement
Tags :
ਮਸਲਾ