For the best experience, open
https://m.punjabitribuneonline.com
on your mobile browser.
Advertisement

ਖੇਤ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਦਾ ਮੁੱਦਾ ਡੀਸੀ ਤੱਕ ਪੁੱਜਿਆ

07:46 AM Jan 04, 2024 IST
ਖੇਤ ਮਜ਼ਦੂਰਾਂ ਦੇ ਸਮਾਜਿਕ ਬਾਈਕਾਟ ਦਾ ਮੁੱਦਾ ਡੀਸੀ ਤੱਕ ਪੁੱਜਿਆ
ਸਮਾਜਿਕ ਬਾਈਕਾਟ ਦਾ ਮੁੱਦਾ ਲੈ ਕੇ ਡੀਸੀ ਦਫ਼ਤਰ ਪੁੱਜੇ ਤਰਸੇਮ ਖੁੰਡੇ ਹਲਾਲ ਤੇ ਹੋਰ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਜਨਵਰੀ
ਇੱਥੋਂ ਲਾਗਲੇ ਪਿੰਡ ਬੁੱਢੀਮਾਲ ਵਿਖੇ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਅਤੇ ਸਪੀਕਰ ਰਾਹੀਂ ਮੁਨਿਆਦੀ ਕਰਕੇ ਪਿੰਡ ਦੇ ਚਾਰ ਪਰਿਵਾਰਾਂ ਦੇ ਸਮਾਜਿਕ ਬਾਈਕਾਟ ਕਰਨ ਦਾ ਮੁੱਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਹੈ| ਬਾਈਕਾਟ ਤੋਂ ਪੀੜਤ ਸੁਖਪਾਲ ਸਿੰਘ, ਹਰਪਾਲ ਸਿੰਘ, ਹਮੀਰ ਸਿੰਘ, ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਪੱਕੇ ਬਸ਼ਿੰਦੇ ਹਨ। ਅਮਨ ਅਮਾਨ ਨਾਲ ਰਹਿੰਦੇ ਹਨ ਪਰ 28 ਦਸੰਬਰ ਨੂੰ ਪਿੰਡ ਦੇ ਸੰਦੀਪ ਸਿੰਘ, ਕੰਵਲਜੀਤ ਸਿੰਘ, ਹਰਗੋਬਿੰਦ ਸਿੰਘ, ਤੇਜਿੰਦਰ ਸਿੰਘ, ਧਰਮਾ ਸਿੰਘ, ਪਰਮਜੀਤ ਸਿੰਘ ਅਤੇ ਸੱਤ ਹੋਰਾਂ ਨੇ ਉਨ੍ਹਾਂ ਨੂੰ ਘਰ ਆ ਕੇ ਬੁਰਾ ਭਲਾ ਕਿਹਾ ਅਤੇ ਸਮਾਜਿਕ ਬਾਈਕਾਟ ਦੀ ਧਮਕੀ ਦਿੱਤੀ| 29 ਦਸੰਬਰ ਨੂੰ ਪਿੰਡ ਦੇ ਗੁਰਦੁਆਰੇ ਤੋਂ ਸਪੀਕਰ ਰਾਹੀਂ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰਦਿਆਂ ਪਿੰਡ ਵਾਸੀਆਂ ਨੂੰ ਖੇਤਾਂ ਤੇ ਘਰਾਂ ਵਿੱਚ ਨਾ ਵਾੜੇ ਜਾਣ ਦੀ ਅਪੀਲ ਕੀਤੀ| ਇਸੇ ਦਿਨ ਪਿੰਡ ਦੇ ਸਰਪੰਚ ਗੁਰਭੇਜ ਸਿੰਘ, ਪੰਚਾਇਤ ਮੈਂਬਰਾਂ ਤੇ ਹੋਰ ਲੋਕਾਂ ਨੇ ਮਤਾ ਪਾਸ ਕਰਕੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ|
ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਖੇਤ ਮਜ਼ਦੂਰ ਸੁਖਪਾਲ ਸਿੰਘ ਹੋਰਾਂ ਦਾ ਸਮਾਜਿਕ ਬਾਈਕਾਟ ਕਰਕੇ ਸਰਪੰਚ, ਪੰਚਾਇਤ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੇ ਮਾਣ- ਸਨਮਾਨ ਨੂੰ ਠੇਸ ਪਹੁੰਚਾਈ ਹੈ| ਹੁਣ ਪਿੰਡ ਦੇ ਲੋਕ ਉਨ੍ਹਾਂ ਨੂੰ ਕੋਈ ਕੰਮ ਨਹੀਂ ਕਰਨ ਦੇ ਰਹੇ ਜਿਸ ਕਰਕੇ ਉਨ੍ਹਾਂ ਦੇ ਚੁੱਲ੍ਹੇ ਵੀ ਠੰਢੇ ਹੋ ਗਏ ਹਨ| ਉਨ੍ਹਾਂ ਡੀਸੀ ਕੋਲੋਂ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ| ਉਨ੍ਹਾਂ ਕਿਹਾ ਕਿ ਥਾਣਾ ਬਰੀਵਾਲਾ ਪੁਲੀਸ ਨੂੰ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਸ੍ਰੀ ਖੁੰਡੇ ਹਲਾਲ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਵਿੱਢਣਗੇ| ਇਸ ਦੌਰਾਨ ਉਨ੍ਹਾਂ ਐੱਸਡੀਐੱਮ ਨੂੰ ਮੰਗ ਪੱਤਰ ਵੀ ਦਿੱਤਾ ਜਿਸ ’ਤੇ ਅਧਿਕਾਰੀ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ|
ਇਸ ਦੌਰਾਨ ਬੁੱਢੀਮਾਲ ਦੇ ਸਰਪੰਚ ਅਤੇ ਥਾਣਾ ਬਰੀਵਾਲਾ ਦੇ ਮੁਖੀ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਹੱਲ ਲਈ ਯਤਨ ਕਰ ਰਹੇ ਹਨ ਤੇ ਜਲਦੀ ਹੀ ਮਸਲਾ ਹੱਲ ਹੋ ਜਾਵੇਗਾ|

Advertisement

Advertisement
Advertisement
Author Image

joginder kumar

View all posts

Advertisement