ਵਿਧਾਨ ਸਭਾ ’ਚ ਗੂੰਜਿਆ ਖੇਤਾਂ ਵਿੱਚ ਆਏ ਰੇਤ ਦਾ ਮੁੱਦਾ
ਪਰਮਜੀਤ ਸਿੰਘ
ਫਾਜ਼ਿਲਕਾ, 29 ਨਵੰਬਰ
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਵੱਡੀ ਮੰਗ ਉਠਾ ਕੇ ਮੁਸ਼ਕਲ ਹੱਲ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ।
ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਵਿਚ ਵਿਧਾਇਕ ਸਵਨਾ ਨੇ ਆਖਿਆ ਕਿ ਪਿਛਲੀਆਂ ਬਰਸਾਤਾਂ ਵਿਚ ਆਏ ਹੜ੍ਹਾਂ ਕਾਰਨ ਫਾਜ਼ਿਲਕਾ ਹਲਕੇ ਦੇ ਸਰਹੱਦੀ ਪਿੰਡਾਂ ਵਿਚ ਬਹੁਤ ਨੁਕਸਾਨ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਦਰਿਆ ਦੇ ਪਾਣੀ ਨਾਲ ਨਾ ਕੇਵਲ ਫਸਲਾਂ ਖਰਾਬ ਹੋਈਆਂ ਸਨ, ਸਗੋਂ ਕੌਮਾਂਤਰੀ ਸਰਹੱਦ ਨਾਲ ਲੱਗਦੇ 15 ਪਿੰਡਾਂ ਵਿਚ ਪਾਣੀ ਦੇ ਨਾਲ ਬਹੁਤ ਸਾਰਾ ਰੇਤਾ ਵੀ ਰੁੜ ਕੇ ਆਇਆ, ਜੋ ਖੇਤਾਂ ਵਿਚ ਫੈਲ ਗਿਆ ਸੀ, ਜਿਸ ਕਾਰਨ ਇਸ ਵਿਚ ਖੇਤੀ ਕਰਨ ਵਿਚ ਦਿੱਕਤ ਆ ਰਹੀ ਹੈ ਅਤੇ ਇਸ ਰੇਤੇ ’ਤੇ ਫਸਲਾਂ ਨਹੀਂ ਹੋ ਸਕਦੀਆਂ। ਵਿਧਾਇਕ ਨੇ ਦੱਸਿਆ ਕਿ ਦਰਿਆ ਵਿਚ ਆਉਣ ਵਾਲੇ ਹੜ੍ਹ ਨੇ ਨਾ ਕੇਵਲ ਫਸਲਾਂ ਦਾ ਨੁਕਸਾਨ ਕੀਤਾ, ਸਗੋਂ ਇਸ ਨਾਲ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਨੁਕਸਾਨ ਲਈ ਤਾਂ ਮੁੱਖ ਮੰਤਰੀ ਭਗਵੰੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੁਆਵਜ਼ਾ ਦੇ ਦਿੱਤਾ ਸੀ ਪਰ ਇਸ ਹੜ੍ਹ ਦੇ ਪਾਣੀ ਨਾਲ ਆਏ ਰੇਤੇ ਕਾਰਨ ਹੁਣ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੇਕਰ ਕਿਸਾਨਾਂ ਨੂੰ ਹੁਣ ਕੁਝ ਸਮਾਂ ਦੇਵੇ ਤਾਂ ਇਹ ਛੋਟੇ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਮੁੜ ਆਬਾਦ ਕਰ ਸਕਦੇ ਹਨ।
ਵਿਧਾਇਕ ਸਿੰਗਲਾ ਨੇ ਸੀਵਰੇਜ ਦਾ ਹੱਲ ਮੰਗਿਆ
ਮਾਨਸਾ (ਪੱਤਰ ਪ੍ਰੇਰਕ): ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਸੀਵਰੇਜ ਸਿਸਟਮ ਠੱਪ ਹੋਣ ਦਾ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ ਹੈ। ਇਸ ਮਾਮਲੇ ਨੂੰ ‘ਆਪ’ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਸਥਾਨਕ ਸਰਕਾਰਾਂ ਦੇ ਮੰਤਰੀ ਕੋਠ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਸੀਵਰੇਜ ਸਮੱਸਿਆ ਨੂੰ ਜੇਕਰ ਛੇਤੀ ਹੱਲ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਅਤੇ ਲੋਕ ਇਸ ਨੂੰ ਲੈਕੇ ਧਰਨੇ-ਪ੍ਰਦਰਸ਼ਨ ਵੀ ਕਰ ਸਕਦੇ ਹਨ। ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਫੈਲ ਗਿਆ ਹੈ, ਜਿਸ ਤੋਂ ਅੱਕ ਕੇ ਲੋਕਾਂ ਵੱਲੋਂ ਕਈ ਥਾਵਾਂ ’ਤੇ ਪ੍ਰਸ਼ਾਸਨ ਵਿਰੋਧੀ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਅਜਿਹੇ ਰੋਸ ਪ੍ਰਦਰਸ਼ਨਾਂ ਵਿੱਚ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਸਣੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਰ ਕੌਂਸਲਰ ਵੀ ਬੈਠੇ ਸਨ। ਵਿਧਾਇਕ ਵੱਲੋਂ ਉਠਾਏ ਇਸ ਮਸਲੇ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੂੰ ਜ਼ਿਲ੍ਹੇ ’ਚ ਲੱਗੇ ਹੋਏ ਪ੍ਰਾਈਵੇਟ ਖੇਤਰ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਵਿੱਚ ਲਿਜਾਣ ਦੀ ਮੰਗ ਨੂੰ ਉਠਾਇਆ ਗਿਆ, ਜਿਸ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਸੀਵਰੇਜ ਦੇ ਗੰਦੇ ਪਾਣੀ ਲਈ ਮਾਨਸਾ ’ਚ ਲੱਗੇ ਹੋਏ ਐੱਸਟੀਪੀ ਪਲਾਂਟ ਦੀ ਸਮਰੱਥਾ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦਾ ਪਾਣੀ ਸਰਹਿੰਦ ਚੋਅ ਡਰੇਨ ਤੱਕ ਲਿਜਾਣ ਲਈ 56.41 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਗਿਆ।