ਸ਼ਹੀਦ ਗਹਿਲ ਸਿੰਘ ਇਨਕਲਾਬੀ ਮੇਲੇ ’ਚ ਫਲਸਤੀਨ ਦਾ ਮਸਲਾ ਗੂੰਜਿਆ
ਦਵਿੰਦਰ ਸਿੰਘ ਭੰਗੂ
ਰਈਆ, 11 ਦਸੰਬਰ
ਸ਼ਹੀਦ ਗਹਿਲ ਸਿੰਘ ਇਨਕਲਾਬੀ ਦੋ ਰੋਜ਼ਾ ਮੇਲਾ ਛੱਜਲਵੱਡੀ ਵਿਚ ਅੱਜ ਦੂਸਰੇ ਦਿਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਕੋਰੀਓਗ੍ਰਾਫੀਆਂ ਰਾਹੀਂ ਇਜ਼ਰਾਈਲ ਵੱਲੋਂ ਫ਼ਲਸਤੀਨ ਦੇ ਕੀਤੇ ਜਾ ਰਹੇ ਨਰਸੰਘਾਰ ਦੇ ਮੁੱਦੇ ਨੂੰ ਉਭਾਰਿਆ ਗਿਆ। ਭਾਸ਼ਣ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਸੰਤ ਬਾਬਾ ਨੱਥਾ ਸਿੰਘ ਮੈਮੋਰੀਅਲ ਹਾਈ ਸਕੂਲ ਬੁਤਾਲਾ ਪਹਿਲੇ, ਸਿਮਰਨਜੀਤ ਕੌਰ ਸੇਂਟ ਸੋਲਜਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੂਸਰੇ ਅਤੇ ਹਰਮਨ ਜੋਤ ਕੌਰ ਸ਼ਹੀਦ ਗਹਿਲ ਸਿੰਘ ਮੈਮੋਰੀਅਲ ਸਕੂਲ ਟਾਂਗਰਾ ਤੀਸਰੇ ਸਥਾਨ ‘ਤੇ ਰਹੇ। ਕਵਿਤਾ ਵਿੱਚ ਸੰਤ ਬਾਬਾ ਨੱਥਾ ਸਿੰਘ ਹਾਈ ਸਕੂਲ ਬੁਤਾਲਾ ਦੀ ਲਵ ਜੀਤ ਕੌਰ ਪਹਿਲੇ, ਸੇਂਟ ਸੋਲਜਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀ ਗੁਰਲੀਨ ਕੌਰ ਦੂਸਰੇ ਅਤੇ ਸ਼ਹੀਦ ਗਹਿਲ ਸਿੰਘ ਮੈਮੋਰੀਅਲ ਸਕੂਲ ਟਾਂਗਰਾ ਦੀ ਸੁਖ ਮਨਪ੍ਰੀਤ ਕੌਰ ਤੇ ਸਰਕਾਰੀ ਕੰਨ੍ਹਿਆ ਹਾਈ ਸਕੂਲ ਛੱਜਲਵੱਡੀ ਦੀ ਅੰਮ੍ਰਿਤਪਾਲ ਕੌਰ ਤੀਸਰੇ ਸਥਾਨ ‘ਤੇ ਰਹੇ। ਗਾਇਨ ਵਿੱਚ ਸੇਂਟ ਸੋਲਜਰ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਗੁਰਨੂਰ ਸਿੰਘ ਪਹਿਲੇ, ਪੇਂਟਿੰਗ ਸੀਨੀਅਰ ਵਰਗ ਵਿੱਚ ਮਹਿਕ ਦੀਪ ਕੌਰ ਪਹਿਲੇ, ਪੇਂਟਿੰਗ ਜੂਨੀਅਰ ਵਰਗ ਵਿੱਚ ਸੁਲੇਮਾਨ ਸਿੰਘ ਪਹਿਲੇ ਸਥਾਨ ’ਤੇ ਰਹੇ।
ਮੇਲੇ ਦੇ ਦੂਸਰੇ ਦਿਨ ਕਰਵਾਏ ਗਏ ਕੋਰੀਓਗ੍ਰਾਫੀ ਮੁਕਾਬਲਿਆਂ ਵਿੱਚ ਸੰਤ ਬਾਬਾ ਨੱਥਾ ਸਿੰਘ ਹਾਈ ਸਕੂਲ ਬੁਤਾਲਾ ਦੀ ਟੀਮ ਪਹਿਲੇ, ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਠੱਠੀਆਂ ਦੂਸਰੇ ਅਤੇ ਸ਼ਹੀਦ ਗਹਿਲ ਸਿੰਘ ਮੈਮੋਰੀਅਲ ਸਕੂਲ ਟਾਂਗਰਾ ਤੀਸਰੇ ਸਥਾਨ ‘ਤੇ ਰਹੇ। ਬੱਚਿਆਂ ਨੇ ਵੱਖ ਵੱਖ ਕੋਰੀਓਗ੍ਰਾਫੀਆਂ ਰਾਹੀਂ ਗੁਰੂ ਨਾਨਕ ਦੀ ਲੋਕ ਪੱਖੀ ਵਿਚਾਰਧਾਰਾ, ਜੱਲ੍ਹਿਆਂ ਵਾਲਾ ਬਾਗ਼ ਦਾ ਕਤਲੇਆਮ ਆਦਿ ਮੁੱਦਿਆਂ ਨੂੰ ਉਭਾਰਿਆ। ਇਸ ਮੌਕੇ ਜਰਮਨਜੀਤ ਸਿੰਘ ਛੱਜਲਵੱਡੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਛੱਜਲਵੱਡੀ, ਜਗਤਾਰ ਸਿੰਘ ਥੋਥੀਆਂ ਅਤੇ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਭਾਰਤੀ ਹਾਕਮਾਂ ਵੱਲੋਂ ਫਿਰਕੂ ਫਾਸ਼ੀਵਾਦ ਦੇ ਰੁਝਾਨ ਨੂੰ ਹਵਾ ਦੇ ਕੇ ਲੋਕਾਂ ਵਿੱਚ ਧਰਮ ਦੇ ਅਧਾਰ ‘ਤੇ ਜ਼ਹਿਰ ਭਰੀ ਜਾ ਰਹੀ ਹੈ।