For the best experience, open
https://m.punjabitribuneonline.com
on your mobile browser.
Advertisement

ਸੰਸਦ ਵਿਚ ਅੱਜ ਮੁੜ ਗੂੰਜੇਗਾ ਨੀਟ-ਯੂਜੀ ਦਾ ਮੁੱਦਾ

07:23 AM Jul 01, 2024 IST
ਸੰਸਦ ਵਿਚ ਅੱਜ ਮੁੜ ਗੂੰਜੇਗਾ ਨੀਟ ਯੂਜੀ ਦਾ ਮੁੱਦਾ
Advertisement

ਨਵੀਂ ਦਿੱਲੀ, 30 ਜੂਨ
ਸੰਸਦ ਵਿਚ ਸੋਮਵਾਰ ਨੂੰ ਦੋਵੇਂ ਸਦਨ ਮੁੜ ਜੁੜਨ ਮਗਰੋਂ ਨੀਟ ਪੇਪਰ ਲੀਕ ਵਿਵਾਦ, ਅਗਨੀਪਥ ਸਕੀਮ ਤੇ ਮਹਿੰਗਾਈ ਜਿਹੇ ਮੁੱਦਿਆਂ ’ਤੇ ਤਿੱਖੀ ਬਹਿਸ ਹੋਣ ਦੇ ਆਸਾਰ ਹਨ। ਵਿਰੋਧੀ ਧਿਰਾਂ ਪੇਪਰ ਲੀਕ ਦੇ ਮੁੱਦੇ ਤੋਂ ਇਲਾਵਾ ਬੇਰੁਜ਼ਗਾਰੀ ਜਿਹੇ ਮਸਲੇ ਨੂੰ ਵੀ ਉਭਾਰ ਸਕਦੀਆਂ ਹਨ। ਲੋਕ ਸਭਾ ਵਿਚ ਭਾਜਪਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ਨੂੰ ਲੈ ਕੇ ਬਹਿਸ ਦੀ ਸ਼ੁਰੂਆਤ ਕਰਨਗੇ। ਮਤੇ ਦੀ ਤਾਈਦ ਮਜੀਦ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਤੇ ਮਰਹੂਮ ਭਾਜਪਾ ਆਗੂ ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਵੱਲੋਂ ਕੀਤੀ ਜਾਵੇਗੀ। ਲੋਕ ਸਭਾ ਨੇ ਧੰਨਵਾਦ ਮਤੇ ’ਤੇ ਬਹਿਸ ਲਈ 16 ਘੰਟੇ ਨਿਰਧਾਰਿਤ ਕੀਤੇ ਹਨ ਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਵਾਬ ਦਿੱਤੇ ਜਾਣ ਨਾਲ ਬਹਿਸ ਨੇਪਰੇ ਚੜ੍ਹੇਗੀ। ਉਧਰ ਰਾਜ ਸਭਾ ਵਿਚ ਬਹਿਸ ਲਈ 21 ਘੰਟੇ ਰੱਖੇ ਗਏ ਹਨ ਤੇ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਉਪਰਲੇ ਸਦਨ ਵਿਚ ਬਹਿਸ ਦਾ ਜਵਾਬ ਦੇਣਗੇ।
ਨੀਟ-ਯੂਜੀ ਪੇਪਰ ਲੀਕ ਮਾਮਲਾ ਭਖਿਆ ਹੋਣ ਕਰਕੇ ਇਸ ਮੁੱਦੇ ’ਤੇ ਭਲਕੇ ਸੰਸਦ ਵਿਚ ਤਿੱਖੀ ਬਹਿਸ ਹੋ ਸਕਦੀ ਹੈ। ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਨੀਟ-ਯੂਜੀ ਪ੍ਰੀਖਿਆ 5 ਮਈ ਨੂੰ ਲਈ ਸੀ ਤੇ ਇਸ ਵਿਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ। ਪ੍ਰੀਖਿਆ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ, ਪਰ ਬਿਹਾਰ ਸਣੇ ਕੁਝ ਹੋਰਨਾਂ ਰਾਜਾਂ ਵਿਚ ਪੇਪਰ ਲੀਕ ਤੇ ਹੋਰ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਬਹਿਸ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅਤੁੱਲ’ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਦੇਸ਼ ਨੂੰ ਦਰਪੇਸ਼ ਮਸਲਿਆਂ ਨਾਲ ਨਜਿੱਠਣ ਲਈ ਸ੍ਰੀ ਮੋਦੀ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਵੱਲੋਂ ਅਪਣਾਈ ਪਹੁੰਚ ਵਿਚ ਵੱਡਾ ਫ਼ਰਕ ਹੈ। ਭਾਜਪਾ ਮੈਂਬਰ ਕਵਿਤਾ ਪਾਟੀਦਾਰ ਨੇ ਮਤੇ ਦੀ ਤਾਈਦ ਮਜੀਦ ਕੀਤੀ ਤੇ ਹੁਣ ਤੱਕ ਨੌਂ ਹੋਰ ਮੈਂਬਰ ਵਿਚਾਰ ਚਰਚਾ ਵਿਚ ਸ਼ਾਮਲ ਹੋਏ ਹਨ। ਉਧਰ ਲੋਕ ਸਭਾ ਵਿਚ ਇੰਡੀਆ ਗੱਠਜੋੜ ਵਿਚ ਸ਼ਾਮਲ ਵਿਰੋਧੀ ਧਿਰਾਂ ਨੇ ਕੰਮ ਰੋਕੂ ਮਤੇ ਦੇ ਕੇ ਧੰਨਵਾਦ ਮਤੇ ’ਤੇ ਬਹਿਸ ਦੀ ਥਾਂ ਨੀਟ ਮੁੱਦੇ ’ਤੇ ਨਿੱਠ ਕੇ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ। ਉਸ ਦਿਨ ਰਾਜ ਸਭਾ ਵਿਚ ਵੀ ਨੀਟ ਮੁੱਦੇ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਵਿਰੋਧੀ ਧਿਰਾਂ ਨੀਟ ਵਿਵਾਦ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਬਜ਼ਿਦ ਰਹੀਆਂ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਵੀ ਆਪਣੇ ਸਾਥੀਆਂ ਨਾਲ ਸਦਨ ਦੇ ਐਨ ਵਿਚਾਲੇ ਆਉਣ ਲਈ ਮਜਬੂਰ ਹੋਣਾ ਪਿਆ। ਛੱਤੀਸਗੜ੍ਹ ਤੋਂ ਕਾਂਗਰਸ ਐੱਮਪੀ ਫੂਲੋ ਦੇਵੀ ਨੇਤਮ ਨਾਅਰੇਬਾਜ਼ੀ ਦੌਰਾਨ ਰਾਜ ਸਭਾ ਵਿਚ ਗ਼ਸ਼ ਖਾ ਕੇ ਡਿੱਗ ਗਈ ਤੇ ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਣਾ ਪਿਆ। -ਪੀਟੀਆਈ

Advertisement

ਸੀਬੀਆਈ ਵੱਲੋਂ ਗੋਧਰਾ ਦੇ ਨਿੱਜੀ ਸਕੂਲ ਦਾ ਮਾਲਕ ਗ੍ਰਿਫਤਾਰ

ਗੋਧਰਾ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਗੁਜਰਾਤ ਦੇ ਗੋਧਰਾ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਮਾਲਕ ਨੂੰ ਨੀਟ-ਯੂਜੀ ਪ੍ਰੀਖਿਆ ਵਿੱਚ ਬੇਨੇਮੀਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਦੀਕਸ਼ਿਤ ਪਟੇਲ ਵਜੋਂ ਹੋਈ ਹੈ ਜੋ ਗੋਧਰਾ ਨੇੜਲੇ ਪੰਚਮਾਹਲ ਜ਼ਿਲ੍ਹੇ ਦੇ ਜੈ ਜਾਲਾਰਾਮ ਸਕੂਲ ਦਾ ਮਾਲਕ ਹੈ। ਇੱਥੇ ਪੰਜ ਮਈ ਨੂੰ ਨੀਟ-ਯੂਜੀ ਪ੍ਰੀਖਿਆ ਕਰਵਾਈ ਗਈ ਸੀ। ਸਰਕਾਰੀ ਵਕੀਲ ਰਾਕੇਸ਼ ਠਾਕੁਰ ਨੇ ਦੱਸਿਆ ਕਿ ਦੀਕਸ਼ਿਤ ਪਟੇਲ ਨੂੰ ਅੱਜ ਤੜਕੇ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ ਸੀਬੀਆਈ ਉਸ ਨੂੰ ਅਹਿਮਦਾਬਾਦ ਲੈ ਕੇ ਜਾ ਰਹੀ ਹੈ। ਸੀਬੀਆਈ ਦੀ ਟੀਮ ਉਸ ਨੂੰ (ਦੀਕਸ਼ਿਤ ਪਟੇਲ) ਅਹਿਮਦਾਬਾਦ ਦੀ ਇੱਕ ਅਦਾਲਤ ਵਿੱਚ ਪੇਸ਼ ਕਰੇਗੀ ਤਾਂ ਕਿ ਉਸ ਦਾ ਰਿਮਾਂਡ ਹਾਸਲ ਕੀਤਾ ਜਾ ਸਕੇ।

Advertisement
Author Image

sukhwinder singh

View all posts

Advertisement
Advertisement
×