ਬਠਿੰਡਾ ਵਿੱਚ ਮਲਟੀ-ਸਟੋਰੀ ਪਾਰਕਿੰਗ ਦਾ ਮੁੱਦਾ ਭਖਿਆ
ਸ਼ਗਨ ਕਟਾਰੀਆ
ਬਠਿੰਡਾ, 14 ਅਗਸਤ
ਸ਼ਹਿਰ ਦੀ ਮਲਟੀ ਸਟੋਰੀ ਪਾਰਕਿੰਗ ’ਤੇ ਭਖ਼ੇ ਵਿਵਾਦ ਨੂੰ ਸੁਲਝਾਉਣ ਲਈ ਡੀਸੀ ਬਠਿੰਡਾ ਜਸਪ੍ਰੀਤ ਸਿੰਘ ਵੱਲੋਂ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਆਪਣੇ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸਐੱਸਪੀ ਮੈਡਮ ਅਮਨੀਤ ਕੌਂਡਲ ਮੌਜੂਦ ਰਹੇ।
ਮੀਟਿੰਗ ਮਗਰੋਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਅੰਦਰ ਚੱਲ ਰਹੀ ਮਲਟੀ ਸਟੋਰੀ ਪਾਰਕਿੰਗ ਦੇ ਮਸਲੇ ਦੇ ਪੂਰਨ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪਾਰਕਿੰਗ ਸਬੰਧੀ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੁਮਾਇੰਦਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਾਰ ਪਾਰਕਿੰਗ ਮਸਲੇ ਨੂੰ ਜਲਦੀ ਅਤੇ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਰਿਪੋਰਟ ਹਾਸਲ ਕਰਨ ਲਈ ਹਦਾਇਤ ਕਰਦਿਆਂ ਕਿਹਾ ਕਿ ਪਾਰਕਿੰਗ ਠੇਕੇਦਾਰ ਦੀਆਂ ਊਣਤਾਈਆਂ ਅਤੇ ਵਪਾਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦਾ ਨਿਵਾਰਨ ਜਲਦ ਤੋਂ ਜਲਦ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਐੱਸਐੱਸਪੀ ਨੂੰ ਕਿਹਾ ਕਿ ਸ਼ਹਿਰ ਅੰਦਰ ਸੁਚਾਰੂ ਟਰੈਫਿਕ ਦੇ ਪੁਖ਼ਤਾ ਪ੍ਰਬੰਧਾਂ ਦੇ ਮੱਦੇਨਜ਼ਰ ਪੁਲੀਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇ।ਪਤਾ ਲੱਗਿਆ ਹੈ ਕਿ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੂੰ ਵਪਾਰੀ ਵਰਗ ਦੇ ਨੁਮਾਇੰਦਿਆਂ ਵੱਲੋਂ ਜਾਣੂ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਨਿਯਮਾਂ, ਸ਼ਰਤਾਂ ਤੋਂ ਕਥਿਤ ਤੌਰ ’ਤੇ ਉਲਟ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਚਲਾਈਆਂ ਜਾ ਰਹੀਆਂ ਟੋਅ ਵੈਨਾਂ ਅਤੇ ਵਾਹਨਾਂ ਨੂੰ ਲਾਕ ਲਗਾਉਣ ਨਾਲ ਰੋਜ਼ਾਨਾ ਲੜਾਈ ਝਗੜੇ ਹੋ ਰਹੇ ਹਨ।
ਮੀਟਿੰਗ ਵਿੱਚ ਏਡੀਸੀ (ਜਨਰਲ) ਲਤੀਫ਼ ਅਹਿਮਦ, ਕਾਰਪੋਰੇਸ਼ਨ ਇੰਜੀਨੀਅਰ ਰਜਿੰਦਰ ਕੁਮਾਰ, ਸੁਪਰਡੈਂਟ ਕੁਲਵਿੰਦਰ ਸਿੰਘ, ਕਾਰ ਪਾਰਕਿੰਗ ਠੇਕੇਦਾਰ ਰਾਮ ਵਿਰਕ ਤੋਂ ਇਲਾਵਾ ਵਪਾਰੀ ਵਰਗ ਦੇ ਨੁਮਾਇੰਦੇ ਹਾਜ਼ਰ ਸਨ।
ਵਪਾਰੀ ਅੱਜ ਬਾਜ਼ਾਰ ਬੰਦ ਕਰਕੇ ਦੇਣਗੇ ਧਰਨਾ
ਪਾਰਕਿੰਗ ਠੇਕੇਦਾਰ ਵੱਲੋਂ ਬਾਜ਼ਾਰਾਂ ’ਚੋਂ ਗੱਡੀਆਂ ਨੂੰ ਟੋਅ ਕੀਤੇ ਜਾਣ ਨੂੰ ਲੈ ਕੇ ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਕਥਿਤ ਧੱਕੇਸ਼ਾਹੀ ਦੇ ਦੋਸ਼ ਲਾਏ ਜਾਂਦੇ ਹਨ। ਪਾਰਕਿੰਗ ਠੇਕੇ ’ਤੇ ਦੇਣ ਸਮੇਂ ਤੋਂ ਲੈ ਕੇ ਇਹ ਦੋਸ਼ ਤਰਾਸ਼ੀ ਚੱਲਦੀ ਆ ਰਹੀ ਹੈ ਅਤੇ ਠੇਕੇਦਾਰ ਵੱਲੋਂ ਦੋਸ਼ਾਂ ਨੂੰ ਵਿਰੋਧੀਆਂ ਦੀ ਸ਼ਰਾਰਤ ਕਹਿ ਕੇ ਖਾਰਜ ਕੀਤਾ ਜਾ ਰਿਹਾ ਹੈ। ਸ਼ਹਿਰੀਆਂ ਵੱਲੋਂ ਤਾਜ਼ਾ ਫੈਸਲੇ ਮੁਤਾਬਕ 15 ਅਗਸਤ ਨੂੰ ਬਾਜ਼ਾਰ ਬੰਦ ਰੱਖ ਕੇ ਫਾਇਰ ਬ੍ਰਿਗੇਡ ਚੌਕ ’ਚ ਪੂਰਾ ਦਿਨ ਧਰਨਾ ਦੇਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਹਰਸਿਮਰਤ ਬਾਦਲ ਵੱਲੋਂ ਸ਼ਹਿਰ ਵਾਸੀਆਂ ਨਾਲ ਖੜ੍ਹਨ ਦਾ ਐਲਾਨ
ਬਠਿੰਡਾ (ਮਨੋਜ ਸ਼ਰਮਾ): ਇੱਥੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੀ ਮਲਟੀ ਸਟੋਰੀ ਪਾਰਕਿੰਗ ਦੇ ਠੇਕੇਦਾਰ ਦੀ ਧੱਕੇਸ਼ਾਹੀ ਖ਼ਿਲਾਫ਼ ਸ਼ਹਿਰ ਵਾਸੀਆਂ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੀ ਮੌਕੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਹਿਰ ਵਾਸੀਆਂ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦਾ ਇੱਧਰ ਕੋਈ ਧਿਆਨ ਨਹੀਂ। ਉਹ ਸਿਰਫ ਤੇ ਸਿਰਫ ਵੋਟਾਂ ਵੇਲੇ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਮਲਟੀ ਸਟੋਰੀ ਪਾਰਕਿੰਗ ਦੇ ਹੱਕ ਵਿੱਚ ਪਰ ਧੱਕੇਸ਼ਾਹੀ ਅਤੇ ਗ਼ਲਤ ਢੰਗ ਨਾਲ ਗੱਡੀਆਂ ਟੋਅ ਕਰਨ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਪਾਰਕਿੰਗ ਨੂੰ ਨਗਰ ਨਿਗਮ ਜਾਂ ਪ੍ਰਸ਼ਾਸਨ ਵੱਲੋਂ ਚਲਾਇਆ ਜਾਣਾ ਚਾਹੀਦਾ ਹੈ। ਉਨਾਂ ਸੋਸ਼ਲ ਮੀਡੀਆ ਤੇ ਲਾਈਵ ਹੁੰਦਿਆਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਅਕਾਲੀ ਦਲ ਦੇ ਵਰਕਰਾਂ ਨੂੰ ਧਰਨੇ ਵਿੱਚ ਸਮੂਲੀਅਤ ਕਰਨ ਲਈ ਕਿਹਾ।