ਕੌਂਸਲ ਦੀ ਮੀਟਿੰਗ ’ਚ ਭਖਿਆ ਪਾਣੀ ਦੀ ਘਾਟ ਦਾ ਮੁੱਦਾ
ਹਰਜੀਤ ਸਿੰਘ
ਡੇਰਾਬੱਸੀ, 11 ਜੂਨ
ਨਗਰ ਕੌਂਸਲ ਦੀ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸ਼ਹਿਰ ਵਿੱਚ ਪਾਣੀ ਦੀ ਕਿੱਲਤ ਤੋਂ ਅੱਜ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਵਿੱਚ ਹੰਗਾਮਾ ਹੋਇਆ। ਜਲ ਸੰਕਟ ’ਤੇ ਬੋਲ ਰਹੇ ਵਾਰਡ ਨੰਬਰ-19 ਤੋਂ ਭਾਜਪਾ ਕੌਂਸਲਰ ਐਡਵੋਕੇਟ ਵਿਕਰਾਂਤ ਪਵਾਰ ਦੀ ਪ੍ਰਧਾਨ ਆਸ਼ੂ ਉਪਨੇਜਾ ਦੇ ਪਤੀ ਨਰੇਸ਼ ਉਪਨੇਜਾ ਤੇ ਕੌਂਸਲਰ ਦੇ ਪਤੀ ਦਵਿੰਦਰ ਸਿੰਘ ਨਾਲ ਬਹਿਸ ਹੋ ਗਈ। ਇਸ ਤੋਂ ਸ੍ਰੀ ਪਵਾਰ ਨੇ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਮੀਟਿੰਗ ਦੌਰਾਨ ਪ੍ਰਧਾਨ ਆਸ਼ੂ ਉਪਨੇਜਾ ਅਤੇ ਕੌਂਸਲਰ ਵਿਪਨਦੀਪ ਕੌਰ ਦੇ ਪਤੀ ਦਵਿੰਦਰ ਸਿੰਘ ਗ਼ੈਰ-ਕਾਨੂੰਨੀ ਤੌਰ ’ਤੇ ਮੀਟਿੰਗ ਵਿੱਚ ਬੈਠਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ।
ਦੂਜੇ ਪਾਸੇ, ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਸ਼ਹਿਰ ਵਿੱਚ ਸੈਲੋ ਟਿਊਬਵੈੱਲ ਲਾਉਣ ਦਾ ਮਤਾ ਪਾਸ ਕੀਤਾ ਗਿਆ। ਇਨ੍ਹਾਂ ਵਿੱਚ ਸਰਸਵਤੀ ਵਿਹਾਰ, ਸ਼ਕਤੀ ਨਗਰ, ਗੁਲਾਬਗੜ੍ਹ ਰੋਡ, ਆਸ਼ੀਆਨਾ ਕਲੋਨੀ, ਬਰਵਾਲਾ ਰੋਡ, ਮੁਬਾਰਕਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰ ਦੀ ਤਹਿਸੀਲ ਅਤੇ ਅਨਾਜ ਮੰਡੀ ’ਤੇ ਵਧ ਰਹੀ ਜਾਮ ਦੀ ਸਮੱਸਿਆ ਦੇ ਹੱਲ ਲਈ ਇਸ ਸੜਕ ’ਤੇ ਲੱਗੇ ਬਿਜਲੀ ਦੇ ਖੰਭਿਆਂ ਨੂੰ ਹਟਾ ਕੇ ਤਾਰਾਂ ਜ਼ਮੀਨਦੋਜ਼ ਕਰਨ ਦਾ ਮਤਾ ਪਾਸ ਕੀਤਾ ਗਿਆ। ਨਿਕਾਸ ਨਾਲਿਆਂ ਦੀ ਸਫ਼ਾਈ ਅਤੇ ਹੋਰ ਪ੍ਰਬੰਧ ਕਰਨ ਦਾ ਮਤਾ ਪਾਸ ਕੀਤਾ ਗਿਆ।