For the best experience, open
https://m.punjabitribuneonline.com
on your mobile browser.
Advertisement

ਪਾਇਟੈਕਸ ਵਪਾਰ ਮੇਲੇ ’ਚ ਉੱਠਿਆ ‘ਇੱਕ ਜ਼ਿਲ੍ਹਾ ਇੱਕ ਉਤਪਾਦ’ ਯੋਜਨਾ ਲਾਗੂ ਕਰਨ ਦਾ ਮੁੱਦਾ

10:57 AM Dec 11, 2023 IST
ਪਾਇਟੈਕਸ ਵਪਾਰ ਮੇਲੇ ’ਚ ਉੱਠਿਆ ‘ਇੱਕ ਜ਼ਿਲ੍ਹਾ ਇੱਕ ਉਤਪਾਦ’ ਯੋਜਨਾ ਲਾਗੂ ਕਰਨ ਦਾ ਮੁੱਦਾ
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੀਐੱਚਡੀ ਚੈਂਬਰ ਦੇ ਆਗੂ ਆਰਐੱਸ ਸਚਦੇਵਾ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਦਸੰਬਰ
ਪੀਐੱਚਡੀ ਚੈਂਬਰ ਵੱਲੋਂ ਪੰਜਾਬ ਦੀ ਅਰਥਵਿਵਸਥਾ ਤੇ ਉਦਯੋਗਿਕ ਵਿਕਾਸ ਲਈ ਤਿਆਰ ਕੀਤੀ ਗਈ ਇੱਕ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਗਈ। ਜਥੇਬੰਦੀ ਨੇ ਸੂਬੇ ਵਿੱਚ ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਲਾਗੂ ਕਰਨ ਦੀ ਮੰਗ ਕੀਤੀ ਹੈ। ਇੱਥੇ ਪਾਇਟੈਕਸ ਵਪਾਰ ਮੇਲੇ ਵਿੱਚ ਮੀਡੀਆ ਨੂੰ ਇਹ ਰਿਪੋਰਟ ਜਾਰੀ ਕਰਦਿਆਂ ਪੀਐੱਚਡੀ ਚੈਂਬਰ ਦੇ ਪੰਜਾਬ ਚੈਪਟਰ ਦੇ ਮੁਖੀ ਆਰਐੱਸ ਸਚਦੇਵਾ ਨੇ ਕਿਹਾ ਕਿ ਇਸ ਯੋਜਨਾ ਨਾਲ ਹਰ ਜ਼ਿਲ੍ਹੇ ਦੇ ਵਿਸ਼ੇਸ਼ ਉਦਯੋਗਾਂ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਮਹਾਮਾਰੀ ਤੋਂ ਬਾਅਦ ਤੇਜ਼ੀ ਨਾਲ ਅਰਥਵਿਵਸਥਾ ਵਿੱਚ ਸੁਧਾਰ ਕਰ ਕੇ ਦਿਖਾਇਆ ਹੈ ਅਤੇ ਘਰੇਲੂ ਉਤਪਾਦ ਵਿਚ 2022-23 ’ਚ 6 ਫੀਸਦ ਦੇ ਦਰ ਨਾਲ ਵਾਧਾ ਹੋਇਆ ਹੈ। ਸਾਲ 2022-23 ਵਿੱਚ ਪੰਜਾਬ ਦਾ ਉਦਯੋਗਿਕ ਖੇਤਰ 4 ਪ੍ਰਤੀਸ਼ਤ ਦੀ ਦਰ ਨਾਲ ਵਧਿਆ ਹੈ। ਪੀਐਚਡੀ ਚੈਂਬਰ ਨੇ ਚੰਡੀਗੜ੍ਹ ਰਾਜਧਾਨੀ ਖੇਤਰ ਦੇ ਗਠਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇ। ਇਸ ਵਿੱਚ ਆਸਪਾਸ ਦੇ ਚਾਰ ਜ਼ਿਲ੍ਹਿਆਂ ਮੁਹਾਲੀ, ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਰੋਪੜ ਤੇ ਸਰਕਾਰ ਦੇ ਹਿੱਸੇਦਾਰ ਸ਼ਾਮਲ ਹੋਣ। ਇਹ ਅਗਲੇ 10 ਸਾਲਾਂ ਲਈ ਇਸ ਖੇਤਰ ਦੀ ਯੋਜਨਾ ਬਣਾਉਣ ਅਤੇ ਇਸ ਖੇਤਰ ਦੇ ਉਦਯੋਗ ਨੂੰ ਵਿਕਸਿਤ ਕਰਨ। ਚੈਂਬਰ ਵੱਲੋਂ ਇਸ ਰਿਪੋਰਟ ਵਿੱਚ ਪੰਜਾਬ ਦੇ ਵਪਾਰਕ, ਆਰਥਿਕ ਮਾਹੌਲ ਅਤੇ ਵਿਕਾਸ ਰਣਨੀਤੀ ਸਮੇਤ ਵਿਕਾਸ ਦੀਆਂ ਉਮੀਦਾਂ ਵਾਲੇ ਖੇਤਰ ਅਤੇ ਹੋਰਨਾਂ ਰਾਜਾਂ ਦੀ ਤੁਲਨਾ ਵਿੱਚ ਪੰਜਾਬ ਦੀ ਅਰਥਵਿਵਸਥਾ ਦੀ ਸਥਿਤੀ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੀ ਮੰਗ ਹੈ ਕਿ ਵੱਖ-ਵੱਖ ਮਾਧਿਅਮ ਤੋਂ ਮਿਲਣ ਵਾਲਾ ਇਨਸੈਂਟਿਵ ਨੂੰ ਵਧਾਇਆ ਜਾਵੇ ਅਤੇ ਸੂਬੇ ਦੇ ਉਦਯੋਗਿਕ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਪੀਐੱਚਡੀ ਚੈਂਬਰ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਜੈਦੀਪ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਮੌਜੂਦ ਸਨ।
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਧੀਨ ਚੱਲ ਰਹੇ ਭਾਰਤੀ ਲਘੂ ਉਦਯੋਗ ਵਿਕਾਸ ਬੈਂਕ ਸਿਡਬੀ ਨੇ ਅੰਮ੍ਰਿਤਸਰ ’ਚ ਚੱਲ ਰਹੇ 17ਵੇਂ ਪਾਇਟੈਕਸ ਮੇਲੇ ਦੌਰਾਨ ਵੱਖ-ਵੱਖ ਸੂਬਿਆਂ ਦੇ 16 ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਇਥੇ ਮੰਚ ਪ੍ਰਦਾਨ ਕੀਤਾ। ਸਿਡਬੀ ਦੇ ਪ੍ਰਬੰਧਕ ਆਗੂ ਸਮਰ ਮੌਰੀਆ ਨੇ ਦੱਸਿਆ ਕਿ ਸਿਡਬੀ ਵੱਲੋਂ ਇੱਥੇ 32 ਸਟਾਲ ਲਗਾਏ ਗਏ ਹਨ, ਜਿਨ੍ਹਾਂ ਰਾਹੀ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਉਤਰ ਪ੍ਰਦੇਸ਼ ਅਤੇ ਹਿਮਾਚਲ ਦੇ 16 ਮਹਿਲਾ ਸੈਲਫ ਹੈਲਪ ਗਰੁੱਪ ਆਪਣੇ ਉਤਪਾਦ ਲੈ ਕੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਸਿਡਬੀ ਨਾਲ 1 ਲੱਖ 30 ਹਜ਼ਾਰ ਲਾਭਪਾਤਰੀ ਜੁੜੇ ਹੋਏ ਹਨ, ਜਿਸ ਵਿਚ 86 ਫੀਸਦੀ ਮਹਿਲਾਵਾਂ ਹਨ। ਇਨ੍ਹਾਂ ਵਿਚ 70 ਫੀਸਦੀ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ।

Advertisement

ਅੱਜ 1.20 ਲੱਖ ਲੋਕਾਂ ਨੇ ਦੇਖਿਆ ਪਾਇਟੈਕਸ ਵਪਾਰ ਮੇਲਾ
ਪੀਐੱਚਡੀ ਚੈਂਬਰ ਵੱਲੋਂ ਲਾਏ ਗਏ 17ਵੇਂ ਪਾਇਟੈਕਸ ਵਪਾਰ ਮੇਲੇ ਦੌਰਾਨ ਅੱਜ ਸ਼ਹਿਰ ਵਾਸੀਆਂ ਨੇ ਇੱਥੇ ਖੂਬ ਮਸਤੀ ਕੀਤੀ। ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ, ਗੁਰਦਾਸਪੁਰ ਅਤੇ ਜਲੰਧਰ ਤੋਂ ਵੀ ਵੱਡੀ ਗਿਣਤੀ ਲੋਕ ਇੱਥੇ ਵਪਾਰ ਮੇਲੇ ਵਿੱਚ ਪਹੁੰਚੇ। ਚੈਂਬਰ ਦੇ ਆਗੂ ਆਰ ਐੱਸ ਸਚਦੇਵਾ ਨੇ ਕਿਹਾ ਕਿ ਅੰਮ੍ਰਿਤਸਰ ਕੌਮਾਂਤਰੀ ਮਹੱਤਤਾ ਵਾਲਾ ਸ਼ਹਿਰ ਹੈ, ਜਿੱਥੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਦੂਰ-ਦੂਰ ਤੋਂ ਆਏ ਲੋਕ ਅਤੇ ਸ਼ਰਧਾਲੂ ਪਾਇਟੈਕਸ ਵਪਾਰ ਮੇਲੇ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਆਉਣ ਵਾਲੇ ਲੋਕਾਂ ਨੇ ਫੂਡ ਕੋਰਟ ਵਿੱਚ ਲੱਗੇ ਰਾਜਸਥਾਨੀ ਖਾਣੇ ਦੇ ਸਟਾਲਾਂ ਦਾ ਆਨੰਦ ਮਾਣਿਆ ਅਤੇ ਸਰਦੀਆਂ ਦੇ ਮੌਸਮ ਵਿੱਚ ਚੰਗੀ ਧੁੱਪ ਦੌਰਾਨ ਜ਼ਿਆਦਾਤਰ ਲੋਕ ਆਪਣੇ ਪਰਿਵਾਰਾਂ ਸਮੇਤ ਇੱਥੇ ਪਹੁੰਚੇ ਹੋਏ ਸਨ। ਚੈਂਬਰ ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਅੱਜ ਇੱਥੇ ਕਰੀਬ ਇੱਕ ਲੱਖ ਵੀਹ ਹਜ਼ਾਰ ਲੋਕ ਪਹੁੰਚੇ ਹਨ। ਇਨ੍ਹਾਂ ਵਿਚ ਸੈਲਾਨੀ ਵੀ ਸ਼ਾਮਲ ਸਨ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨਾਂ ਦੱਸਿਆ ਕਿ ਭਲਕੇ ਸੋਮਵਾਰ ਨੂੰ ਇਸ ਮੇਲੇ ਦਾ ਅੰਤਿਮ ਦਿਨ ਹੈ। ਅਜਿਹੇ ਵਿੱਚ ਅੰਤਿਮ ਦਿਨ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਤਰਨ ਤਾਰਨ ਤੋਂ ਪਰਿਵਾਰ ਸਮੇਤ ਪਹੁੰਚੇ ਪਰਵਿੰਦਰ ਸਿੰਘ ਨੇ ਕਿਹਾ ਕਿ ਛੁੱਟੀ ਵਾਲੇ ਦਿਨ ਬੱਚਿਆਂ ਦੇ ਨਾਲ ਘੁੰਮਣ ਲਈ ਇਸ ਤੋਂ ਚੰਗਾ ਸਥਾਨ ਕੋਈ ਨਹੀਂ ਸੀ । ਅੰਮ੍ਰਿਤਸਰ ਤੋਂ ਗੁਰਜੋਤ ਕੌਰ ਨੇ ਦੱਸਿਆ ਕਿ ਇਸ ਵਾਰ ਇੱਥੇ ਸਟਾਲਾਂ ਦੀ ਗਿਣਤੀ ਹੋਰ ਵੱਧ ਗਈ ਹੈ ਤੇ ਉਹ ਪਿਛਲੇ ਦੋ ਦਿਨ ਤੋਂ ਵਪਾਰ ਮੇਲੇ ਵਿੱਚ ਰੋਜ਼ ਆ ਰਹੇ ਹਨ।

Advertisement
Author Image

Advertisement
Advertisement
×