For the best experience, open
https://m.punjabitribuneonline.com
on your mobile browser.
Advertisement

ਵਿਧਾਨ ਸਭਾ ’ਚ ਗੂੰਜਿਆ ਜੈਤੋ ਨੂੰ ਇਤਿਹਾਸਕ ਰੁਤਬਾ ਦੇਣ ਦਾ ਮੁੱਦਾ

08:08 AM Mar 13, 2024 IST
ਵਿਧਾਨ ਸਭਾ ’ਚ ਗੂੰਜਿਆ ਜੈਤੋ ਨੂੰ ਇਤਿਹਾਸਕ ਰੁਤਬਾ ਦੇਣ ਦਾ ਮੁੱਦਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸ਼ਗਨ ਕਟਾਰੀਆ
ਜੈਤੋ, 12 ਮਾਰਚ
ਹਲਕਾ ਜੈਤੋ ਦੇ ਨੌਜਵਾਨ ਵਿਧਾਇਕ ਅਮਲੋਕ ਸਿੰਘ ਨੇ ਪੰਜਾਬ ਵਿਧਾਨ ਸਭਾ ’ਚ ਸਿਫਰ ਕਾਲ ਦੌਰਾਨ ਸੰਬੋਧਨ ਕਰਦਿਆਂ ਜੈਤੋ ਸ਼ਹਿਰ ਦੇ ਇਤਿਹਾਸਕ ਹਵਾਲੇ ਨਾਲ ਇਸ ਸ਼ਹਿਰ ਨੂੰ ਵਿਸ਼ੇਸ਼ ਰੁਤਬਾ ਦੇਣ ਦੀ ਸਰਕਾਰ ਪਾਸੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੈਤੋ ਦਾ ਵਿਰਸਾ ਬਹੁਤ ਅਮੀਰ ਹੈ ਪਰ ਹੁਣ ਤੱਕ ਸਮੇਂ ਦੀ ਕਿਸੇ ਵੀ ਸਰਕਾਰ ਨੇ ਜੈਤੋ ਦੀ ਇਸ ਵਿਸ਼ੇਸ਼ਤਾ ਵੱਲ ਕੋਈ ਤਵੱਜੋਂ ਨਹੀਂ ਦਿੱਤੀ। ਉਨ੍ਹਾਂ ਵਿਧਾਨ ਸਭਾ ’ਚ ਦੱਸਿਆ ਕਿ ਜੈਤੋ ਨਗਰੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਸਿੱਖ ਇਤਿਹਾਸ ਵਿੱਚ ਸਭ ਤੋਂ ਲੰਮਾ ਸਮਾਂ (ਕਰੀਬ ਦੋ ਸਾਲ) ਇਥੇ ਲੱਗੇ ‘ਜੈਤੋ ਦੇ ਮੋਰਚੇ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਗਰੇਜ਼ੀ ਹਕੂਮਤ ਵੱਲੋਂ ਮੋਰਚੇ ਦੌਰਾਨ ਆਪਣੀ ਪੁਲੀਸ ਵੱਲੋਂ ਕਰਵਾਈ ਗਈ ਗੋਲ਼ੀਬਾਰੀ ਦੌਰਾਨ ਸੈਂਕੜੇ ਸਿੰਘਾਂ ਨੇ ਸ਼ਹਾਦਤ ਦੇ ਜਾਮ ਪੀਤੇ ਅਤੇ ਮੋਰਚੇ ਦੌਰਾਨ ਇਥੇ ਪੁੱਜੇ ਪੰਡਤ ਜਵਾਹਰ ਲਾਲ ਨਹਿਰੂ ਦੀ ਪਲੇਠੀ ਸਿਆਸੀ ਗ੍ਰਿਫ਼ਤਾਰੀ ਵੀ ਜੈਤੋ ਵਿਚ ਹੀ ਹੋਈ। ਵਿਧਾਇਕ ਨੇ ਕਿਹਾ ਕਿ 1946 ਵਿੱਚ ਗਿਆਨੀ ਜ਼ੈਲ ਸਿੰਘ ਦੀ ਸਰਸਪ੍ਰਤੀ ਹੇਠ ਲੱਗੇ ‘ਝੰਡੇ ਦੇ ਮੋਰਚੇ’ ਦਾ ਮਰਕਜ਼ੀ ਬਿੰਦੂ ਵੀ ਜੈਤੋ ਹੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਣਮੱਤੇ ਇਤਿਹਾਸ ਨੂੰ ਬੁੱਕਲ ਵਿਚ ਸਮੋਈ ਬੈਠੇ ਜੈਤੋ ਨੂੰ ਇਤਿਹਾਸਕ ਸ਼ਹਿਰ ਦਾ ਰੁਤਬਾ ਦੇ ਕੇ ਸਰਕਾਰ ਇਸ ਨੂੰ ਬਣਦਾ ਮਾਣ ਸਨਮਾਨ ਦੇਵੇ। ਉਨ੍ਹਾਂ ਦੱਸਿਆ ਕਿ ਅਹਿਮ ਦਰਜਾ ਦੇਣ ਤੋਂ ਇਲਾਵਾ ਸਰਕਾਰ ਇਸ ਨੂੰ ਉਸੇ ਤਰਜ਼ ’ਤੇ ਤਰਜੀਹੀ ਆਧਾਰ ’ਤੇ ਵਿਕਸਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਵੀ ਅਮਲ ਵਿਚ ਲਿਆਵੇ। ਇਸ ਦੌਰਾਨ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ’ਚੋਂ ਪ੍ਰੋ. ਤਰਸੇਮ ਨਰੂਲਾ, ਕਾਮਰੇਡ ਸਾਧੂ ਰਾਮ ਰੋਮਾਣਾ, ਰਾਮ ਰਾਜ ਸੇਵਕ, ਸੱਤ ਪਾਲ ਡੋਡ ਆਦਿ ਨੇ ਇਹ ਮੁੱਦਾ ਵਿਧਾਨ ਸਭਾ ’ਚ ਉਠਾਉਣ ਲਈ ਵਿਧਾਇਕ ਅਮੋਲਕ ਸਿੰਘ ਦੀ ਸ਼ਲਾਘਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਸੰਜੀਦਾ ਮੁੱਦਾ ਹੈ ਅਤੇ ਸਰਕਾਰ ਨੂੰ ਖੁੱਲ੍ਹ ਦਿਲੀ ਨਾਲ ਇਸ ਵੱਲ ਫੌਰੀ ਕਦਮ ਉਠਾਉਣੇ ਚਾਹੀਦੇ ਹਨ।

Advertisement

ਉਗੋਕੇ ਨੇ ਕੱਚੇ ਮਕਾਨਾਂ ਦੀਆਂ ਰੁਕੀਆਂ ਕਿਸ਼ਤਾਂ ਦਾ ਮੁੱਦਾ ਚੁੱਕਿਆ

ਪੱਖੋ ਕੈਂਚੀਆਂ (ਰੋਹਿਤ ਗੋਇਲ): ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਅੱਜ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੰਤਿਮ ਦਿਨ ਹਲਕੇ ਵਿਚਲੇ ਲੋੜਵੰਦ ਲੋਕਾਂ ਦੇ ਕੱਚੇ ਘਰਾਂ ਦੀ ਸਮੱਸਿਆ ਦਾ ਮੁੱਦਾ ਉਭਾਰਿਆ। ਵਿਧਾਇਕ ਨੇ ਸੈਸ਼ਨ ਦੇ ਸਿਫ਼ਰ ਕਾਲ ਦੌਰਾਨ ਕਿਹਾ ਕਿ ਹਲਕੇ ਦੇ ਕਸਬਾ ਭਦੌੜ ਵਿੱਚ ਬਹੁ ਗਿਣਤੀ ਲੋੜਵੰਦ ਪਰਿਵਾਰਾਂ ਦੇ ਕੱਚੇ ਮਕਾਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਹਨ। ਇਨ੍ਹਾਂ ਪਰਿਵਾਰਾਂ ਕੋਲ ਰਿਹਾਇਸ਼ੀ ਜਗ੍ਹਾ ਦੀ ਰਜਿਸਟਰੀ ਵਗੈਰਾ ਨਾ ਹੋਣ ਕਰਕੇ ਉਨ੍ਹਾਂ ਨੂੰ ਮਿਲਣ ਵਾਲੀਆਂ ਕੱਚੇ ਘਰਾਂ ਦੀਆਂ ਕਿਸ਼ਤਾਂ ਰੁਕ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੀੜਤ ਲੋਕਾਂ ਲਈ ਕੋਈ ਸਪੈਸ਼ਲ ਪ੍ਰੋਗਰਾਮ ਤਹਿਤ ਉਨ੍ਹਾਂ ਨੂੰ ਬਾਕੀ ਰਹਿੰਦੀਆਂ ਕਿਸ਼ਤਾਂ ਜਲਦ ਜਾਰੀ ਕੀਤੀਆਂ ਜਾਣ।

Advertisement
Author Image

joginder kumar

View all posts

Advertisement
Advertisement
×