For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਮੁਫ਼ਤ ਪਾਣੀ ਦਾ ਮੁੱਦਾ ਮੁੜ ਭਖ਼ਿਆ

06:50 AM Mar 30, 2024 IST
ਚੰਡੀਗੜ੍ਹ ਵਿੱਚ ਮੁਫ਼ਤ ਪਾਣੀ ਦਾ ਮੁੱਦਾ ਮੁੜ ਭਖ਼ਿਆ
ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਗੱਲਬਾਤ ਕਰਦੇ ਹੋਏ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ। ਉਨ੍ਹਾਂ ਨਾਲ ਹਨ ਮੇਅਰ ਕੁਲਦੀਪ ਕੁਮਾਰ ਅਤੇ ‘ਆਪ’ ਦੇ ਕੋ-ਇੰਚਾਰਜ ਐੱਸਐੱਸ ਆਹਲੂਵਾਲੀਆ। -ਫੋਟੋ: ਵਿੱਕੀ ਘਾਰੂ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 29 ਮਾਰਚ
ਸਿਟੀ ਬਿਊਟੀਫੁੱਲ ਵਿੱਚ ਅਗਲੇ ਮਹੀਨੇ 1 ਅਪਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਨਾਲ ਹੀ ਜਿੱਥੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ ਬਿੱਲਾਂ ਦੀਆਂ ਦਰਾਂ ਵਿੱਚ ਪੰਜ ਫੀਸਦੀ ਦਾ ਵਾਧਾ ਲਾਗੂ ਹੋ ਜਾਵੇਗਾ ਉੱਥੇ ਮੁਫ਼ਤ ਪਾਣੀ ਦੇਣ ਦਾ ਵੱਡਾ ਐਲਾਨ ਕਰਨ ਵਾਲਾ ‘ਆਪ’-ਕਾਂਗਰਸ ਗੱਠਜੋੜ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ ਆ ਗਏ ਹਨ। ਚੰਡੀਗੜ੍ਹ ਨੂੰ 20,000 ਲੀਟਰ ਮੁਫ਼ਤ ਪਾਣੀ ਮਿਲਣ ਦੇ ਮੁੱਦੇ ਸਬੰਧੀ ਅੱਜ ਪ੍ਰੈੱਸ ਕਲੱਬ ਵਿੱਚ ‘ਆਪ’-ਕਾਂਗਰਸ ਦੇ ਇੰਡੀਆ ਗੱਠਜੋੜ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ-ਇੰਚਾਰਜ ‘ਆਪ’ ਚੰਡੀਗੜ੍ਹ ਡਾ. ਐੱਸਐੱਸ ਆਹਲੂਵਾਲੀਆ ਅਤੇ ਮੇਅਰ ਕੁਲਦੀਪ ਕੁਮਾਰ ਨੇ ਕਈ ਵੱਡੇ ਖੁਲਾਸੇ ਕੀਤੇ। ਡਾ. ਐੱਸਐੱਸ ਆਹਲੂਵਾਲੀਆ ਨੇ ਦੱਸਿਆ ਕਿ ਕਿਸ ਤਰ੍ਹਾਂ ਪਾਣੀ ਦੇ ਖਰਾਬ ਮੀਟਰਾਂ ਰਾਹੀਂ ਅਫ਼ਸਰਾਂ ਦੀ ਮਿਲੀਭੁਗਤ ਨਾਲ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਨੂੰ ਜਾਣ-ਬੁੱਝ ਕੇ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਟੀਆਈ ਅਨੁਸਾਰ ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਦੇ ਕੁੱਲ 1,85,515 ਮੀਟਰ ਲੱਗੇ ਹੋਏ ਹਨ। ਇਨ੍ਹਾਂ ਵਿੱਚੋਂ 1,73,398 ਮੀਟਰ ਰਿਹਾਇਸ਼ੀ ਘਰਾਂ ਵਿੱਚ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚੋਂ 35,220 ਮੀਟਰ ਖਰਾਬ ਹਨ ਜੋ ਕੰਮ ਨਹੀਂ ਕਰ ਰਹੇ ਹਨ। ਆਹਲੂਵਾਲੀਆ ਨੇ ਕਿਹਾ ਕਿ ਇਨ੍ਹਾਂ ਖਰਾਬ ਮੀਟਰਾਂ ਰਾਹੀਂ ਚੰਡੀਗੜ੍ਹ ਨਿਗਮ ਨੂੰ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ ਅਤੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੀਟਰਾਂ ਨੂੰ ਸਹੀ ਸਮੇਂ ’ਤੇ ਠੀਕ ਕਰਵਾਇਆ ਹੁੰਦਾ ਤਾਂ ਅੱਜ ਨਿਗਮ ਘਾਟੇ ਵਿੱਚ ਨਾ ਹੁੰਦਾ।
ਆਹਲੂਵਾਲੀਆ ਨੇ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਨੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਪਾਸ ਕੀਤੇ ਗਏ 20,000 ਲੀਟਰ ਮੁਫ਼ਤ ਪਾਣੀ ਦੇ ਏਜੰਡੇ ਨੂੰ ਬਿਨਾਂ ਸੋਚੇ-ਸਮਝੇ ਰੱਦ ਕਰ ਦਿੱਤਾ ਸੀ, ਜੋ ਚੰਡੀਗੜ੍ਹ ਵਾਸੀਆਂ ਨਾਲ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਪਾਣੀ ਦੀ ਲੀਕੇਜ਼ ਅਤੇ ਮੀਟਰਾਂ ਨੂੰ ਦਰੁੱਸਤ ਕਰਵਾਇਆ ਜਾਵੇ ਤਾਂ ਨਿਗਮ ਨੂੰ ਕਰੋੜਾਂ ਰੁਪਏ ਦੇ ਫਾਇਦਾ ਹੋਵੇਗਾ ਅਤੇ ਇਸ ਨਾਲ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਅਸਾਨੀ ਨਾਲ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ‘ਆਪ’ ਕੌਂਸਲਰ ਯੋਗੇਸ਼ ਢੀਂਗਰਾ, ਪ੍ਰੇਮ ਲਤਾ ਅਤੇ ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਜਸਵੀਰ ਸਿੰਘ ਬੰਟੀ, ਤਰੁਣਾ ਮਹਿਤਾ ਵੀ ਹਾਜ਼ਰ ਸਨ।

Advertisement

ਬਿੱਲ ’ਚ ਵਾਧੇ ਖ਼ਿਲਾਫ਼ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ: ਮੇਅਰ

ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ ਬਿੱਲ ਦੀ ਦਰ ਵਿੱਚ ਪੰਜ ਫ਼ੀਸਦੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਇਸ ਸਬੰਧੀ ਅੱਜ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਚੰਡੀਗੜ੍ਹ ਨਗਰ ਨਿਗਮ ਪਿਛਲੇ ਦਿਨੀਂ ਸ਼ਹਿਰੀ ਵਾਸੀਆਂ ਨੂੰ 20000 ਲੀਟਰ ਮੁਫ਼ਤ ਪਾਣੀ ਦੇਣ ਦਾ ਏਜੰਡਾ ਪਾਸ ਕਰ ਚੁੱਕਾ ਹੈ। ਇਸ ਕਰਕੇ ਸਾਨੂੰ ਸ਼ਹਿਰ ਵਾਸੀਆਂ ’ਤੇ 5 ਫੀਸਦੀ ਦੇ ਬਿੱਲ ਵਾਧੇ ਨੂੰ ਰੋਕ ਦੇਣਾ ਚਾਹੀਦਾ ਹੈ ਅਤੇ 20,000 ਲੀਟਰ ਮੁਫ਼ਤ ਪਾਣੀ ਦੇਣ ਲਈ ਅਗਲੇਰੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਹਿਰ ਵਾਸੀਆਂ ਨੂੰ 20000 ਲੀਟਰ ਮੁਫ਼ਤ ਪਾਣੀ ਦੇਣ ਵਿੱਚ ਜਾਣ ਬੁੱਝ ਕੇ ਰੁਕਾਵਟਾਂ ਪਾ ਰਹੀ ਹੈ।

Advertisement
Author Image

joginder kumar

View all posts

Advertisement
Advertisement
×