ਖੇਤੀ ਮੰਤਰੀ ਕੋਲ ਚੁੱਕਿਆ ਹੜ੍ਹ ਪੀੜਤ ਕਿਸਾਨਾਂ ਦਾ ਮਸਲਾ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 19 ਜੁਲਾਈ
ਵਿਧਾਇਕਾ ਸੰਤੋਸ਼ ਕਟਾਰੀਆ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵਗਦੇ ਪਾਣੀ ਅਤੇ ਭਾਰੀ ਬਾਰਿਸ਼ਾਂ ਦੌਰਾਨ ਬਲਾਚੌਰ ਹਲਕੇ ਦੇ ਹਰ ਹੜ੍ਹ ਪੀੜਤ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਾਲ ਲੈ ਕੇ ਬਲਾਚੌਰ ਹਲਕੇ ਵਿੱਚ ਹੜ੍ਹਾਂ ਨਾਲ ਰੁੜ੍ਹੀਆਂ ਜ਼ਮੀਨਾਂ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਚੰਦਰ ਮੋਹਨ ਜੇਡੀ ਨੇ ਦੱਸਿਆ ਕਿ ਜ਼ੋਰਦਾਰ ਬਾਰਿਸ਼ਾਂ ਅਤੇ ਹੜ੍ਹ ਨਾਲ ਪ੍ਰਭਾਵਿਤ ਬਲਾਚੌਰ ਹਲਕੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜਾਣੂੰ ਕਰਵਾਉਣ ਤਹਿਤ ਬੀਬੀ ਸੰਤੋਸ਼ ਕਟਾਰੀਆ ਨੇ ਉਨ੍ਹਾਂ ਨਾਲ ਚੰਡੀਗੜ੍ਹ ਦਫ਼ਤਰ ਵਿੱਚ ਮੁਲਾਕਾਤ ਕੀਤੀ ਅਤੇ ਹਲਕੇ ਵਿੱਚ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਮੱਦਦ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਭਰੋਸਾ ਦਿੱਤਾ ਕਿ ਉਹ ਬਲਾਚੌਰ ਹਲਕੇ ਦੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਸਬੰਧੀ ਪੰਜਾਬ ਸਰਕਾਰ ਵਲੋਂ ਬਣਦੀ ਹਰ ਸੰਭਵ ਮੱਦਦ ਕਰਨਗੇ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨਾਲ ਕਰਨਵੀਰ ਕਟਾਰੀਆ ਵੀ ਮੌਜੂਦ ਸਨ।
ਹੜ੍ਹ ਪੀੜਤਾਂ ਲਈ ਸਹਾਇਤਾ ਰਕਮ ਭੇਜੀ
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਸਥਾਨਕ ਤਹਿਸੀਲ ਦੇ ਪਿੰਡ ਲਲਵਾਣ ਅਤੇ ਹੱਲੂਵਾਲ ਵਿੱਚ ਪਿਛਲੇ ਦਨਿੀਂ ਜ਼ੋਰਦਾਰ ਮੀਂਹ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਪਰਵਾਸੀ ਦਾਨੀ ਸੱਜਣ ਬਚਿੱਤਰ ਸਿੰਘ ਬੈਂਸ ਨੇ ਇੰਗਲੈਂਡ ਤੋਂ 44,500 ਰੁਪਏ ਦੀ ਰਾਸ਼ੀ ਦੋਵਾਂ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਰਥਿਕ ਮਦਦ ਵੱਜੋਂ ਭੇਜੀ ਹੈ। ਅੱਜ ਪਿੰਡ ਲਲਵਾਣ ਵਿੱਚ ਆਲ ਇੰਡੀਆ ਕੰਜ਼ਿਊਮਰ ਮੰਚ ਦੇ ਪ੍ਰਧਾਨ ਬਲਵੀਰ ਸਿੰਘ ਬਿੱਲਾ ਖੜੌਦੀ ਨੇ 25 ਹਜ਼ਾਰ ਰੁਪਏ ਦੀ ਰਾਸ਼ੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੌਂਪੀ। ਉਨ੍ਹਾਂ ਕਿਹਾ ਕਿ 19 ਹਜ਼ਾਰ ਰੁਪਏ ਦੀ ਰਾਸ਼ੀ ਹੱਲੂਵਾਲ ਦੇ ਲੋਕਾਂ ਨੂੰ ਕੱਲ੍ਹ ਤਕਸੀਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਨ੍ਹਾਂ ਨੀਮ ਪਹਾੜੀ ਪਿੰਡਾਂ ਵਿੱਚ ਲੋਕਾਂ ਦੇ ਮਾਲ ਡੰਗਰ, ਫਸਲਾਂ ਅਤੇ ਘਰਾਂ ਦੇ ਨੁਕਸਾਨ ਸਬੰਧੀ ਵੇਰਵੇ ਇਕੱਤਰ ਕਰਕੇ ਬਣਦੀ ਮਾਲੀ ਮਦਦ ਦੇਣੀ ਚਾਹੀਦੀ ਹੈ। ਇਸ ਮੌਕੇ ਪਿੰਡ ਲਲਵਾਣ ਵਾਸੀਆਂ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਤਨਾਮ ਸਿੰਘ, ਗੁਰਵਿੰਦਰ ਸਿੰਘ, ਬਲਦੇਵ ਸਿੰਘ, ਪ੍ਰਿੰ. ਸਰਬਜੀਤ ਸਿੰਘ ਆਦਿ ਹਾਜ਼ਰ ਸਨ।