ਕੰਪਿਊਟਰ ਅਧਿਆਪਕਾਂ ਦਾ ਮਾਮਲਾ ਮੁੱਖ ਮੰਤਰੀ ਦੇ ਹਲਕੇ ਦੀਆਂ ਸੱਥਾਂ ’ਚ ਗੂੰਜਿਆ
ਬੀਰਬਲ ਰਿਸ਼ੀ/ਹਰਦੀਪ ਸਿੰਘ ਸੋਢੀ
ਧੂਰੀ, 3 ਅਕਤੂਬਰ
ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਸੂਬਾ ਭਰ ਵਿੱਚੋਂ ਪੁੱਜੇ ਕੰਪਿਊਟਰ ਅਧਿਆਪਕਾਂ ਨੇ ਮੰਗਾਂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਕੈਂਪ ਧੂਰੀ ਅੱਗੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਹਲਕੇ ਦੇ ਪਿੰਡਾਂ ਵਿੱਚ ਸਰਕਾਰ ਦੇ ਭੰਡੀ ਪ੍ਰਚਾਰ ਲਈ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਹੱਕੀ ਮੰਗਾਂ ਦੇ ਪੋਸਟਰ ਵੰਡ ਕੇ ਸਰਕਾਰੀ ਵਾਅਦਾਖਿਲਾਫ਼ੀ ਵਿਰੁੱਧ ਭੜਾਸ ਕੱਢੀ।
ਜ਼ਿਕਰਯੋਗ ਹੈ ਕਿ ਪਹਿਲੀ ਸਤੰਬਰ ਨੂੰ ਧੂਰੀ ਤੋਂ ਸੰਘਰਸ਼ ਦਾ ਆਗਾਜ਼ ਕਰਨ ਮਗਰੋਂ ਅਧਿਆਪਕਾਂ ਦੀ ਸੰਗਰੂਰ ਵਿੱਚ ਲਗਾਤਾਰ ਭੁੱਖ ਹੜਤਾਲ ਵੀ ਜਾਰੀ ਹੈ। ਮੁੱਖ ਮੰਤਰੀ ਦਫ਼ਤਰ ਧੂਰੀ ਅੱਗੇ ਪ੍ਰਦਰਸ਼ਨ ਮਗਰੋਂ ਕੰਪਿਊਟਰ ਅਧਿਆਪਕਾਂ ਨੇ ਕਾਰਾਂ, ਜੀਪਾਂ ਅਤੇ ਹੋਰ ਵਾਹਨਾਂ ’ਤੇ ਮੁੱਖ ਮੰਤਰੀ ਦਫ਼ਤਰ ਤੋਂ ਬੇਨੜਾ, ਲੱਡਾ, ਕਾਂਝਲਾ, ਪੁੰਨਾਵਾਲ, ਪੇਧਨੀ, ਬੁਗਰਾ, ਹਸਨਪੁਰ, ਰਣੀਕੇ ਪਿੰਡਾਂ ਵਿੱਚ ਰੋਸ ਮਾਰਚ ਕਰਕੇ ਲੋਕਾਂ ਨੂੰ ਮੰਗਾਂ ਸਬੰਧੀ ਹਜ਼ਾਰਾਂ ਪੋਸਟਰ ਵੰਡੇ ਤੇ ਸੱਥਾਂ ਵਿੱਚ ਰੋਅ ਭਰਪੂਰ ਰੈਲੀਆਂ ਕੀਤੀਆਂ। ਇਸ ਮੌਕੇ ਸੰਘਰਸ਼ ਕਮੇਟੀ ਦੇ ਮੋਹਰੀ ਆਗੂਆਂ ਪ੍ਰਦੀਪ ਸਿੰਘ ਮਲੂਕਾ, ਨਵਦੀਪ ਸ਼ਰਮਾ ਸੰਗਰੂਰ, ਗੁਰਬਖਸ਼ ਲਾਲ, ਰੰਜਨ ਭਨੋਟ, ਰਜਿੰਦਰ ਸਿੰਘ, ਗਗਨਦੀਪ ਫੇਰੂਰਾਈ, ਸੁਖਵਿੰਦਰ ਸਿੰਘ, ਸੰਦੀਪ ਰਿਖੀ ਨੇ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਆਗੂਆਂ ਨੇ ਪੂਰੇ ਲਾਭਾਂ ਸਣੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ ਚੁੱਕੀ। ਮਗਰੋਂ ਕੰਪਿਊਟਰ ਅਧਿਆਪਕਾਂ ਨੇ ਧੂਰੀ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਮੁੱਖ ਮੰਤਰੀ ਦੇ ਦਫ਼ਤਰ ਕੈਂਪ ਅੱਗੇ ਮੰਗਾਂ ਨਾ ਮੰਨੇ ਜਾਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਨਾਲ ਰੋਸ ਪ੍ਰਦਰਸ਼ਨ ਖ਼ਤਮ ਕੀਤਾ।