ਮੀਂਹ ਕਾਰਨ ਨੁਕਸਾਨ ਦੇ ਮੁਆਵਜ਼ੇ ਦਾ ਮੁੱਦਾ ਭਖਿਆ
ਜੋਗਿੰਦਰ ਸਿੰਘ ਮਾਨ/ਹਰਦੀਪ ਸਿੰਘ ਜਟਾਣਾ
ਮਾਨਸਾ, 24 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਮਾਨਸਾ) ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਕੋਟਲੀ ਕਲਾਂ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪਿਛਲੇ ਦਨਿੀਂ ਜੋ ਭਾਰੀ ਬਾਰਸ਼, ਝੱਖੜ ਅਤੇ ਨਹਿਰਾਂ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਤੁਰੰਤ ਗਿਰਦਾਵਰੀ ਕਰਵਾਕੇ ਮੁਆਵਜ਼ਾ ਦਿੱਤਾ ਜਾਵੇ। ਜਥੇਬੰਦਕ ਆਗੂ ਉਗਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਦੇ ਟਿਊਬਵੈਲ, ਮੋਟਰਾਂ ਅਤੇ ਮੋਟਰਾਂ ’ਤੇ ਬਣੇ ਮਕਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਅਤੇ ਝੱਖੜ ਕਾਰਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਭਰਨ ਕਾਰਨ ਰਿਹਾਇਸ਼ੀ ਮਕਾਨਾਂ ਦੀਆਂ ਛੱਤਾਂ ਆਦਿ ਡਿੱਗਣ ਕਾਰਨ ਲੋਕਾਂ ਦਾ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਜਿਸ ਸਬੰਧੀ ਤੁਰੰਤ ਸਰਵੇ ਕਰਵਾ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪੱਧਰੀ ਸਮੁੱਚੀ ਟੀਮ ਨੇ ਅੱਜ ਮੀਂਹ ਦੇ ਪਾਣੀ ਨਾਲ ‘ਡੁੱਬੇ’ ਕਿਸਾਨਾਂ ਦੇ ਦੁੱਖੜੇ ਸੁਣੇ। ਪਿੰਡ ਨੰਗਲ ਕਲਾਂ, ਜਵਾਹਰਕੇ ਅਤੇ ਡੇਲੂਆਣਾਂ ’ਚ ਪਾਰਟੀ ਆਗੂ ਪੈਂਟਾ ਪੰਜਾਮੇ ਟੰਗ ਫਸਲਾਂ ਦਾ ਝੋਰਾ ਕਰੀ ਬੈਠੇ ਕਿਸਾਨਾਂ ਕੋਲ ਖੇਤਾਂ ’ਚ ਪੁੱਜੇ। ਪੀੜਤ ਕਿਸਾਨਾਂ ਨੇ ਦੱਸਿਆ ਕਿ ਭਾਰੀ ਮੀਂਹ ਰੁਕੇ ਨੂੰ ਦੋ ਦਨਿ ਹੋ ਗਏ ਹਨ ਪਰ ਅਜੇ ਤੱਕ ਕਿਸੇ ਵੀ ਅਫ਼ਸਰ ਜਾਂ ਰਾਜ ਕਰਦੀ ਪਾਰਟੀ ਦੇ ਕਿਸੇ ਨੇਤਾ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਭਾਰੀ ਮੀਂਹ ਨੇ ਪਿੰਡ ਜਵਾਰਕੇ ਦਾ 100 ਏਕੜ ਝੋਨਾ ਮਿੱਟੀ ’ਚ ਮਿਲਾ ਦਿੱਤਾ ਹੈ। ਨੰਗਲ ਕਲਾਂ ਵਿੱਚ ਵੀ 100 ਏਕੜ ਝੋਨਾ ਅਤੇ ਨਰਮਾ ਤਬਾਹ ਹੋ ਗਏ ਹਨ। ਸਹਾਰਨਾ,ਡੇਲੂਆਣਾ ਅਤੇ ਹੀਰੇ ਵਾਲਾ ਵਿੱਚ ਵੀ ਮੀਂਹ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਸਭ ਤੋਂ ਵੱਡਾ ਨੁਕਸਾਨ ਠੇਕੇ ’ਤੇ ਜਮੀਨ ਲੈ ਕੇ ਖੇਤੀ ਕਰ ਰਹੇ ਕਿਸਾਨਾਂ ਦਾ ਹੋਇਆ ਹੈ। ਨੰਗਲ ਕਲਾਂ ਦੇ ਕਰਤਾਰ ਸਿੰਘ ਪੁੱਤਰ ਮੱਘਰ ਸਿੰਘ ਦੀ ਠੇਕੇ ’ਤੇ ਲਈ ਛੇ ਏਕੜ ਜੀਰੀ, ਲੀਲਾ ਸਿੰਘ ਦੀ ਠੇਕੇ ’ਤੇ ਲਈ ਅੱਠ ਏਕੜ ਜੀਰੀ , ਕੌਰ ਸਿੰਘ ਜਵਾਹਰਕੇ ਦੀ ਸਾਰੀ ਅਤੇ ਲੀਲਾ ਸਿੰਘ ਦੀ ਠੇਕੇ ’ਤੇੇ ਲਈ ਸਾਰੀ ਫਸਲ ਤਬਾਹ ਹੋ ਗਈ ਹੈ। ਆਪ ਆਗੂ ਗੁਰਪ੍ਰੀਤ ਸਿੰਘ ਬਣਾਵਾਲੀ ਤੇ ਹੋਰਨਾਂ ਨੇ ਮੰਗ ਕੀਤੀ ਕਿ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਖੇਤੀਬਾੜੀ ਮਹਿਕਮੇ ਵੱਲੋਂ ਮੀਂਹ ਕਾਰਨ ਬਰਬਾਦ ਹੋਈਆਂ ਫ਼ਸਲਾਂ ਦਾ ਜਾਇਜ਼ਾ
ਸਰਦੂਲਗੜ੍ਹ (ਬਲਜੀਤ ਸਿੰਘ): ਮੁੱਖ ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਦਨਿੀਂ ਹੋਈ ਬਰਸਾਤ ਕਾਰਨ ਸਰਦੂਲਗੜ੍ਹ ਦੇ ਪਿੰਡਾਂ ’ਚ ਹੋਏ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਮਹਿਕਮੇ ਵੱਲੋਂ ਬਣਾਈ ਗਈ ਇੱਕ ਟੀਮ ਜਿਸ ਵਿੱਚ ਮਨੋਜ ਕੁਮਾਰ (ਖੇਤੀਬਾੜੀ ਵਿਕਾਸ ਅਫਸਰ), ਗੁਰਿੰਦਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਹੋਰ ਅਫਸਰ ਸ਼ਾਮਲ ਸਨ, ਵੱਖ-ਵੱਖ ਪਿੰਡ ਝੰਡਾ ਖੁਰਦ, ਰੋੜਕੀ, ਮੀਰਪੁਰ ਕਲਾਂ, ਝੰਡੂਕੇ, ਜਟਾਣਾ ਕਲਾਂ, ਜਟਾਣਾ ਖੁਰਦ ਅਤੇ ਕੁਸਲਾ ਆਦਿ ਦੇ ਖੇਤਾਂ ਦਾ ਦੌਰਾ ਕੀਤਾ। ਟੀਮ ਨੇ ਦੱਸਿਆ ਕਿ ਨੀਵੇਂ ਥਾਵਾਂ ਵਿੱਚ ਨਰਮੇ ਦੀ ਫਸਲ ਦਾ ਕਿਤੇ-ਕਿਤੇ 2 ਤੋਂ 5 ਪ੍ਰਤੀਸ਼ਤ ਨੁਕਸਾਨ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਅਤੇ ਅਸਲ ਨੁਕਸਾਨ ਦਾ 2 ਤੋਂ 3 ਦਨਿਾਂ ਬਾਅਦ ਹੀ ਲੱਗ ਸਕੇਗਾ।
ਫਸਲਾਂ ’ਚ ਖੜ੍ਹੇ ਪਾਣੀ ਨੂੰ ਬਰਮਿਆ ਰਾਹੀਂ ਕੱਢਣ ’ਚ ਜੁਟੇ ਕਿਸਾਨ
ਸਰਦੂਲਗੜ੍ਹ (ਪੱਤਰ ਪੇ੍ਰਕ): ਪਿਛਲੇ ਦਨਿਾਂ ਵਿੱਚ ਹੋਈ ਬਰਸਾਤ ਕਾਰਨ ਨਰਮੇ ਦੀ ਫਸਲ ਵਿੱਚ ਖੜ੍ਹ ਗਿਆ ਹੈ ਤੇ ਫ਼ਸਲ ਬਰਬਾਦ ਹੋਣ ਦਾ ਖ਼ਤਰਾ ਹੈ। ਕਿਸਾਨ ਆਪਣੀ ਫ਼ਸਲ ਬਚਾਉਣ ਲਈ ਮਹਿੰਗੇ ਭਾਅ ਦਾ ਤੇਲ ਫ਼ੂਕ ਕੇ ਬਰਮਿਆਂ ਰਾਹੀ ਪਾਣੀ ਬਾਹਰ ਕੱਢਣ ਵਿੱਚ ਜੁਟੇ ਹੋਏ ਹਨ। ਹਲਕਾ ਸਰਦੂਲਗੜ੍ਹ ਦੇ ਦਰਜਨਾਂ ਪਿੰਡਾਂ ਸਮੇਤ ਪਿੰਡ ਭਗਵਾਨਪੁਰ ਹੀਂਗਣਾ ਦੇ ਕਿਸਾਨ ਮਨਜਿੰਦਰ ਸਿੰਘ, ਜਗਦੀਪ ਸਿੰਘ ਸਾਬਕਾ ਚੇਅਰਮੈਨ, ਜਗਦੀਪ ਸਿੰਘ ਚੀਮਾ, ਗੁਰਚਰਨ ਸਿੰਘ ਅਤੇ ਹਰਬੰਸ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿਛਲੇ ਦਨਿ ਹੋਈ ਭਾਰੀ ਬਰਸਾਤ ਕਾਰਨ ਫ਼ਸਲਾਂ ਵਿੱਚ ਪਾਣੀ ਖੜ੍ਹਣ ਕਰਕੇ ਕੁਝ ਫਸਲਾਂ ਬਰਬਾਦ ਹੋ ਗਈਆਂ ਹਨ। ਬਚੀਆ ਫਸਲਾਂ ਨੂੰ ਬਚਾਉਣ ਲਈ ਫਸਲਾਂ ਚ ਖੜ੍ਹੇ ਪਾਣੀ ਕਾਰਨ ਹੋਰ ਨਰਮਾ ਖ਼ਰਾਬ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਹ ਫ਼ਸਲ ਵਿੱਚੋਂ ਪਾਣੀ ਬਾਹਰ ਕੱਢ ਕੇ ਘੱਗਰ ਵਿੱਚ ਸੁੱਟ ਰਹੇ ਹਨ।
ਪਿੰਡ ਅਹਿਮਦਪੁਰ ਦੇ 350 ਏਕੜ ਫਸਲਾਂ ਮੀਂਹ ਤੇ ਨਹਿਰੀ ਪਾਣੀ ਦੀ ਮਾਰ ਹੇਠ
ਬੁਢਲਾਡਾ (ਅਮਿਤ ਕੁਮਾਰ): ਪਿਛਲੇ ਦਨਿੀਂ ਲਗਾਤਾਰ ਪਏ ਮੀਂਹ ਨਾਲ ਬੁਢਲਾਡਾ ਖੇਤਰ ਅੰਦਰ ਜਿਥੇ ਮਕਾਨਾਂ ਆਦਿ ਦਾ ਕਾਫੀ ਨੁਕਸਾਨ ਹੋਇਆ ਹੈ ਉਥੇ ਇਸ ਮੀਂਹ ਨੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਕਰਕੇ ਰੱਖ ਦਿੱਤੀਆਂ ਹਨ। ਨੇੜਲੇ ਪਿੰਡ ਅਹਿਮਦਪੁਰ ਦੇ ਕਿਸਾਨ ਦਿਲਬਾਗ ਸਿੰਘ (ਮੈਂਬਰ ਬਲਾਕ ਸੰਮਤੀ), ਖੁਸ਼ਪਾਲ ਸਿੰਘ, ਹਰਦੀਪ ਸਿੰਘ, ਰਾਜਵਿੰਦਰ ਸਿੰਘ, ਗੁਰਚਰਨ ਸਿੰਘ ਅਤੇ ਗੁਲਜਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤਕਰੀਬਨ 350 ਏਕੜ ਖੇਤੀ ਰਕਬਾ ਪਾਣੀ ਦੀ ਮਾਰ ਹੇਠ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੱਤੀ ਲਹਿੰਦੀ, ਰੋਹੀ ਅਤੇ ਸਲਬਾਨਾ ਖੇਤਰ ਦਾ ਖੇਤੀ ਰਕਬਾ ਆਮ ਖੇਤਾਂ ਨਾਲੋਂ ਨੀਵਾਂ ਹੋਣ ’ਤੇ ਇਸ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਜਿਸ ਨਾਲ ਝੋਨੇ, ਨਰਮੇ, ਹਰੇ ਚਾਰੇ ਅਤੇ ਸਬਜ਼ੀਆਂ ਦੀਆਂ ਫਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਉਨ੍ਹਾਂ ਜਲਦ ਤੋਨ ਜਲਦ ਗਿਰਦਾਵਰੀ ਕਰਵਾ ਕੇ ਕਿਸਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।