For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਵਿੱਚ ਖਾਲਸਾ ਦੀਵਾਨ ਦੀ ਥਾਂ ਨਗਰ ਨਿਗਮ ਅਧੀਨ ਲਿਆਉਣ ਦਾ ਮੁੱਦਾ ਭਖਿਆ

11:19 AM Nov 22, 2023 IST
ਬਠਿੰਡਾ ਵਿੱਚ ਖਾਲਸਾ ਦੀਵਾਨ ਦੀ ਥਾਂ ਨਗਰ ਨਿਗਮ ਅਧੀਨ ਲਿਆਉਣ ਦਾ ਮੁੱਦਾ ਭਖਿਆ
ਪ੍ਰੈੱਸ ਕਾਨਫਰੰਸ ਸਮੇਂ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਹੋਰ ਮੋਹਤਬਰ।
Advertisement

ਸ਼ਗਨ ਕਟਾਰੀਆ
ਬਠਿੰਡਾ, 21 ਨਵੰਬਰ
ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਹੇਠ ਚੱਲ ਰਹੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਖੇਡ ਗਰਾਊਂਡ ਲਈ ਛੱਡੀ ਥਾਂ ’ਤੇ ਨਗਰ ਨਿਗਮ ਵੱਲੋਂ ਕਾਬਜ਼ ਹੋਣ ਦਾ ਮਾਮਲਾ ਤੂਲ ਫੜ ਗਿਆ ਹੈ। ਇਸ ਮੁੱਦੇ ’ਤੇ ਪੱਤੀ ਝੁੱਟੀ ਦੇ ਵਸਨੀਕਾਂ ਵੱਲੋਂ ਇਤਰਾਜ਼ ਪ੍ਰਗਟਾਉਣ ਸਮੇਤ ਹੁਣ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਇਸ ਨੂੰ ਸੰਜੀਦਗੀ ਅਪਣਾਉਂਦਿਆਂ, ਮੁੱਖ ਮੰਤਰੀ ਅਤੇ ਵਿਧਾਨ ਸਭਾ ਤੱਕ ਆਵਾਜ਼ ਪਹੁੰਚਾਉਣ ਦਾ ਐਲਾਨ ਕੀਤਾ ਹੈ।
ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਸ੍ਰੀ ਗਿੱਲ ਨੇ 13 ਸਾਲ ਪਹਿਲਾਂ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਸਮੇਂ ਸ਼ਹਿਰ ਦੀ 2291 ਵਿੱਘੇ ਸ਼ਾਮਲਾਟ ਜ਼ਮੀਨ ਨੂੰ ਡਿਪਟੀ ਕਮਿਸ਼ਨਰ ਦੇ ਇੱਕ ਪੱਤਰ ਰਾਹੀਂ ਨਗਰ ਨਿਗਮ ਦੇ ਨਾਮ ਕਰਨ ਦਾ ਵਿਰੋਧ ਕਰਦਿਆਂ ਆਖਿਆ ਕਿ ਅਸਲ ਵਿੱਚ ਇਹ ਪੱਤਰ ਹੀ ਵਿਵਾਦ ਦੀ ਜੜ੍ਹ ਹੈ ਕਿਉਂਕਿ ਕਾਨੂੰਨ ਮੁਤਾਬਕ ਸ਼ਾਮਲਾਟ ਜ਼ਮੀਨ ਇਸ ਤਰ੍ਹਾਂ ਸਰਕਾਰ ਜਾਂ ਨਿਗਮ ਦੇ ਨਾਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਜ਼ਮੀਨ ਪੱਤੀ ਮਹਿਣਾ ਅਤੇ ਝੁੱਟੀ ਦੇ ਵਾਸੀਆਂ ਨੇ ਸ਼ਹਿਰ ਦੇ ਸਾਂਝੇ ਕੰਮਾਂ ਲਈ ਛੱਡੀ ਸੀ ਅਤੇ ਇਸ ਦੇ ਅਸਲ ਮਾਲਕ ਉਹੀ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਕਰੀਬ 10 ਫ਼ੀਸਦੀ ਆਬਾਦੀ ਸ਼ਾਮਲਾਟ ਜ਼ਮੀਨ ਤੇ ਵਸੇਬਾ ਕਰ ਰਹੀ ਹੈ।
ਉਨ੍ਹਾਂ ਆਖਿਆ ਕਿ ਇਸ ਤੋਂ ਬਗ਼ੈਰ ਖਾਲਸਾ ਦੀਵਾਨ, ਖ਼ਾਲਸਾ ਸਕੂਲ, ਮਹਾਂਵੀਰ ਦਲ ਹਸਪਤਾਲ, ਡੀਏਵੀ ਕਾਲਜ, ਐਮਐਸਡੀ ਅਤੇ ਐਸਐਸਡੀ ਸਕੂਲਾਂ ਦਾ ਕੁੱਝ ਕੁ ਹਿੱਸਾ ਵੀ ਇਨ੍ਹਾਂ ਸ਼ਾਮਲਾਟ ਜ਼ਮੀਨਾਂ ’ਚ ਆਉਂਦਾ ਹੈ, ਜਿਸ ਕਾਰਨ ਉਕਤ ਫੈਸਲੇ ਨਾਲ ਬਠਿੰਡਾ ਸ਼ਹਿਰ ਵਿੱਚ ਨਾ ਸਿਰਫ ਆਮ ਲੋਕ ਸਗੋਂ ਕਈ ਵੱਡੀਆਂ ਸੰਸਥਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਸ੍ਰੀ ਗਿੱਲ ਨੇ ਨਗਰ ਨਿਗਮ ਦੇ ਅਹੁਦੇਦਾਰਾਂ ਉੱਪਰ ਹੋਰਨਾਂ ਸ਼ਾਮਲਾਟ ਜਮੀਨਾਂ ’ਤੇ ਕਾਬਜ਼ ਸੰਸਥਾਵਾਂ ਦੀ ਬਜਾਇ ਇਕੱਲੇ ਖ਼ਾਲਸਾ ਸਕੂਲ ਨੂੰ ਹੀ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਕਦੇ ਵੀ ਇਸ ਉਪਰ ਨਿਗਮ ਨੂੰ ਕਾਬਜ਼ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ-ਕਮ-ਨਗਰ ਨਿਗਮ ਕਮਿਸ਼ਨਰ ਨਾਲ ਵੀ ਗੱਲ ਕੀਤੀ ਹੈ ਅਤੇ ਆਗ਼ਾਮੀ ਵਿਧਾਨ ਸਭਾ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਚੁੱਕਣਗੇ।
ਸ੍ਰੀ ਗਿੱਲ ਨੇ ਆਖਿਆ ਕਿ ਇਕੱਲੇ ਵਿਧਾਇਕ ਦੇ ਤੌਰ ’ਤੇ ਹੀ ਨਹੀਂ ਸਗੋਂ ਉਹ ਪੱਤੀ ਝੁੱਟੀ ਦੇ ਵੀ ਵਸਨੀਕ ਹਨ ਅਤੇ ਇਸ ਪੱਤੀ ਦੇ ਲੋਕਾਂ ਵੱਲੋਂ ਹੀ ਖਾਲਸਾ ਦੀਵਾਨ ਅਤੇ ਖਾਲਸਾ ਸਕੂਲ ਲਈ ਅਪਣੇ ਹਿੱਸੇ ਦੀ ਸਾਂਝੀ ਜ਼ਮੀਨ ਛੱਡੀ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਜ਼ਮੀਨ ਨੂੰ ਕਿਸੇ ਹੋਰ ਮਕਸਦ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਤੱਥ ਪੇਸ਼ ਕਰਦਿਆਂ ਕਿਹਾ ਕਿ ਸੰਨ 1967 ਤੋਂ ਲੈ ਕੇ ਹੁਣ ਤੱਕ ਮਾਲ ਵਿਭਾਗ ਦੀਆਂ ਜਮ੍ਹਾਂਬੰਦੀਆਂ ਵਿਚ ਇਹ ਜ਼ਮੀਨ ਇਨ੍ਹਾਂ ਸੰਸਥਾਵਾਂ ਦੇ ਨਾਂ ਬੋਲਦੀ ਹੈ ਅਤੇ ਸਾਲ 2013 ਦੇ ਪੱਤਰ ਤੋਂ ਬਾਅਦ ਮਾਲ ਵਿਭਾਗ ਨੇ ਕੇਵਲ ਲਾਲ ਸਿਆਹੀ ਨਾਲ ਇਸ ਦੀ ਮਾਲਕੀ ਨਗਰ ਨਿਗਮ ਦੇ ਨਾਂ ਕਰ ਦਿੱਤੀ, ਜਦੋਂ ਕਿ 2019 ਵਿੱਚ ਸਥਾਨਕ ਅਦਾਲਤਾਂ ਵਿੱਚ ਹੋਏ ਵੱਖ-ਵੱਖ ਫੈਸਲਿਆਂ ਦੌਰਾਨ ਡਿਪਟੀ ਕਮਿਸ਼ਨਰ ਦੇ ਪੱਤਰ ਦੇ ਆਧਾਰ ’ਤੇ ਹੋਏ ਇੰਤਕਾਲਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।
ਗੌਰਤਲਬ ਹੈ ਕਿ ਬੀਤੇ ਕੱਲ੍ਹ ਨਗਰ ਨਿਗਮ ਦੀ ਟੀਮ ਨੇ ਖੇਡ ਗਰਾਊਂਡ ਵਜੋਂ ਜਾਣੀ ਜਾਂਦੀ, ਖਾਲਸਾ ਸਕੂਲ ਦੇ ਨਾਲ ਲੱਗਦੀ ਖਾਲੀ ਪਈ ਜ਼ਮੀਨ ਵਿੱਚ ਆਪਣੀ ਮਾਲਕੀ ਦਾ ਬੋਰਡ ਲਗਾ ਦਿੱਤਾ ਸੀ।

Advertisement

Advertisement
Advertisement
Author Image

sukhwinder singh

View all posts

Advertisement