ਪੰਜਾਬ ਵਿਧਾਨ ਸਭਾ ਵਿਚ ਗੂੰਜਿਆ ਕਿਸਾਨੀ ਦਾ ਮੁੱਦਾ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਮਾਰਚ
ਪੰਜਾਬ ਵਿਧਾਨ ਸਭਾ ’ਚ ਅੱਜ ਸਿਫ਼ਰ ਕਾਲ ਦੌਰਾਨ ਕਿਸਾਨ ਅੰਦੋਲਨ ਦੀ ਗੂੰਜ ਪਈ। ਵਿਰੋਧੀ ਧਿਰ ਨੇ ਕਿਸਾਨ ਘੋਲ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਸਦਨ ਵਿਚ ਨਿੰਦਾ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ ਜਦੋਂਕਿ ਸੱਤਾਧਾਰੀ ਧਿਰ ਤਰਫ਼ੋਂ ਕੁਝ ਵਿਧਾਇਕਾਂ ਨੇ ਕਿਸਾਨੀ ਮੁੱਦਿਆਂ ਦੀ ਹਮਾਇਤ ਕੀਤੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਵਿਚ ਦੱਸਿਆ ਕਿ ਕਿਸਾਨ ਸਮੁੱਚੇ ਦੇਸ਼ ਦੇ ਕਿਸਾਨਾਂ ਅਤੇ ਦੁਕਾਨਦਾਰਾਂ ਦੀ ਲੜਾਈ ਲੜ ਰਿਹਾ ਹੈ ਅਤੇ ਉਹ ਸਾਰੇ ਸੂਬਿਆਂ ਦੇ ਸਪੀਕਰਾਂ ਨੂੰ ਕਿਸਾਨੀ ਮੁੱਦੇ ’ਤੇ ਚਿੱਠੀ ਲਿਖਣਗੇ।
ਸਪੀਕਰ ਸੰਧਵਾਂ ਨੇ ਸ਼ੰਭੂ ਬਾਰਡਰ ’ਤੇ ਜ਼ਖ਼ਮੀ ਹੋਏ ਇੱਕ ਬੱਚੇ ਦੇ ਇਲਾਜ ਵਾਸਤੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਵੀ ਕੀਤਾ। ਮਗਰੋਂ ਬੱਚੇ ਦੇ ਇਲਾਜ ਵਾਸਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ‘ਆਪ’ ਵਿਧਾਇਕਾ ਇੰਦਰਜੀਤ ਕੌਰ ਨੇ ਵਿੱਤੀ ਇਮਦਾਦ ਦੇਣ ਦਾ ਐਲਾਨ ਕੀਤਾ। ਵੜਿੰਗ ਨੇ ਸਦਨ ਵਿਚ ਕਿਹਾ ਕਿ ਬਜਟ ਸੈਸ਼ਨ ਦੌਰਾਨ ਕਿਸਾਨੀ ਮੁੱਦੇ ’ਤੇ ਕੋਈ ਬਹਿਸ ਨਹੀਂ ਰੱਖੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਸਦਨ ਵਿਚ ਇੱਕ ਦਿਨ ਕਿਸਾਨੀ ਮਸਲੇ ’ਤੇ ਬਹਿਸ ਲਈ ਰੱਖਿਆ ਜਾਵੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ। ਉਨ੍ਹਾਂ ਹਾਲ ਹੀ ਵਿਚ ਗੜੇਮਾਰੀ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਵੀ ਉਠਾਈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਰਬਸੰਮਤੀ ਨਾਲ ਨਿੰਦਾ ਪ੍ਰਸਤਾਵ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇੱਕ ਦਿਨ ਕਿਸਾਨੀ ਮੁੱਦੇ ’ਤੇ ਬਹਿਸ ਰੱਖੀ ਜਾਵੇ ਤਾਂ ਉਹ ਉਸ ਦਿਨ ਕਿਸੇ ਵੀ ਤਰ੍ਹਾਂ ਦਾ ਕੋਈ ਕਿੰਤੂ ਪ੍ਰੰਤੂ ਨਾ ਕਰਨ ਦਾ ਵਾਅਦਾ ਵੀ ਕਰਦੇ ਹਨ।
ਕਾਂਗਰਸੀ ਵਿਧਾਇਕ ਵਿਕਰਮਜੀਤ ਚੌਧਰੀ ਨੇ 23 ਫ਼ਸਲਾਂ ’ਤੇ ‘ਆਪ’ ਵੱਲੋਂ ਐੱਮਐੱਸਪੀ ਦਿੱਤੇ ਜਾਣ ਦੇ ਕੀਤੇ ਵਾਅਦੇ ਤੋਂ ਵੀ ਜਾਣੂ ਕਰਾਇਆ। ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਦਮਪੁਰ ਹਵਾਈ ਅੱਡੇ ਦਾ ਨਾਮਕਰਨ ਭਗਤ ਗੁਰੂ ਰਵਿਦਾਸ ਦੇ ਨਾਮ ’ਤੇ ਨਾ ਕੀਤੇ ਜਾਣ ’ਤੇ ਕੇਂਦਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਪ੍ਰਤਾਪ ਬਾਜਵਾ ਨੇ ਕਿਹਾ ਕਿ ਸਦਨ ਮਤਾ ਪਾਸ ਕਰਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖੇ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸ਼ਾਪਿੰਗ ਮਾਲਜ਼ ਕਾਰਨ ਛੋਟੇ ਦੁਕਾਨਦਾਰਾਂ ਨੂੰ ਪਈ ਮਾਰ ਦੀ ਗੱਲ ਕੀਤੀ। ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਾਪੂਲਰ ਅਤੇ ਸਫ਼ੈਦੇ ਦੀ ਹੁਸ਼ਿਆਰਪੁਰ ਮੰਡੀ ਵਿਚ ਕਿਸਾਨਾਂ ਦੀ ਹੁੰਦੀ ਲੁੱਟ ਤੋਂ ਸਦਨ ਨੂੰ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਵਪਾਰੀ ਨਕਦ ਪੈਸਿਆਂ ’ਤੇ ਵੀ ਚਾਰ ਫ਼ੀਸਦੀ ਕੱਟ ਲਾ ਰਹੇ ਹਨ। ਵਿਧਾਇਕ ਰਮਨ ਅਰੋੜਾ ਨੇ ਹੁਣ ਨਵੇਂ ਸ਼ੁਰੂ ਹੋਏ ਵਿੱਦਿਅਕ ਸੈਸ਼ਨ ਦੌਰਾਨ ਪ੍ਰਾਈਵੇਟ ਸਕੂਲਾਂ ਵੱਲੋਂ ਵਸੂਲੇ ਜਾਂਦੇ ਨਾਜਾਇਜ਼ ਫ਼ੰਡਾਂ ਦਾ ਮਸਲਾ ਚੁੱਕਿਆ। ਫੌਜਾ ਸਿੰਘ ਸਰਾਰੀ ਨੇ ਰਿਕਸ਼ਾ ਰੇਹੜੀ ਚਾਲਕਾਂ ਤੋਂ ਇਲਾਵਾ ਹੋਮਗਾਰਡ ਜਵਾਨਾਂ ਦਾ ਮੁੱਦਾ ਉਠਾਇਆ ਜਦੋਂ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਜੰਗੇ ਆਜ਼ਾਦੀ ਦੇ ਨਾਇਕ ਰਣਧੀਰ ਸਿੰਘ ਦੀ ਨਾਰੰਗਵਾਲ ਵਿਚ ਅਧੂਰੀ ਯਾਦਗਾਰ ਵੱਲ ਧਿਆਨ ਦਿਵਾਇਆ। ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਲਸਾੜਾ ਡਰੇਨ ’ਤੇ ਪਿੰਡ ਜੇਠੂਕੇ ਅਤੇ ਕਰਾੜਵਾਲਾ ਦੇ ਪੁਲਾਂ ਦੀ ਖਸਤਾ ਹਾਲ ਦੀ ਗੱਲ ਰੱਖੀ। ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪੇਂਡੂ ਖੇਤਰ ਵਿਚ ਕੰਮ ਕਰਦੇ ਆਰ.ਐੱਮ.ਪੀ ਡਾਕਟਰਾਂ ਦਾ ਮਸਲਾ ਚੁੱਕਿਆ ਜਦੋਂ ਕਿ ਬਰਿੰਦਰਮੀਤ ਸਿੰਘ ਪਾਹੜਾ ਨੇ ਪਿੰਡ ਲੋਧੀਨੰਗਲ ਵਿਚ ਹੋਏ ਗ਼ਬਨ ਦੀ ਗੱਲ ਕੀਤੀ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਰੇਰਾ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦੀ ਗੱਲ ਉਠਾਈ। ਉਨ੍ਹਾਂ ਕਿਹਾ ਕਿ ਇਹ ਅਸਾਮੀ ਖ਼ਾਲੀ ਪਈ ਹੋਣ ਕਰਕੇ ਸੂਬੇ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਠੱਪ ਹੋਇਆ ਪਿਆ ਹੈ। ਉਨ੍ਹਾਂ ਏਡਿਡ ਸਕੂਲਾਂ ਦੇ ਮੁਲਾਜ਼ਮਾਂ ਨੂੰ ਛੇਵੇਂ ਪੇਅ ਕਮਿਸ਼ਨ ਦਿੱਤੇ ਜਾਣ ਦੀ ਮੰਗ ਵੀ ਰੱਖੀ। ਪ੍ਰਤਾਪ ਬਾਜਵਾ ਨੇ ਐਨਆਰਆਈ ਕਮਿਸ਼ਨ, ਫੂਡ ਕਮਿਸ਼ਨ ਅਤੇ ਜਨਰਲ ਕੈਟਾਗਰੀ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਨਾ ਲਾਏ ਜਾਣ ਦਾ ਮੁੱਦਾ ਚੁੱਕਿਆ। ਬਾਜਵਾ ਨੇ 6640 ਕੰਪਿਊਟਰ ਅਧਿਆਪਕਾਂ ਨੂੰ ਪੱਕੇ ਕੀਤੇ ਜਾਣ ਦਾ ਵਾਅਦਾ ਵੀ ਯਾਦ ਕਰਾਇਆ।
ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਵਿੱਚੋਂ ਵਾਕਆਊਟ
ਪੰਜਾਬ ਵਿਧਾਨ ਸਭਾ ’ਚ ਅੱਜ ਵਿਰੋਧੀ ਧਿਰ ਨੇ ‘ਵਿਸ਼ੇਸ਼ ਅਧਿਕਾਰ ਮਤੇ’ ਨੂੰ ਲੈ ਕੇ ਸਦਨ ਵਿਚੋਂ ਵਾਕਆਊਟ ਕੀਤਾ। ਅੱਜ ਜਦੋਂ ਪ੍ਰਸ਼ਨ ਕਾਲ ਸ਼ੁਰੂ ਹੋਇਆ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦਲਿਤ ਵਿਰੋਧੀ ਟਿੱਪਣੀ ਨੂੰ ਲੈ ਕੇ ਕਾਂਗਰਸ ਵੱਲੋਂ ਮੁੱਖ ਮੰਤਰੀ ਖਿਲਾਫ ਦਿੱਤੇ ਵਿਸ਼ੇਸ਼ ਅਧਿਕਾਰ ਮਤੇ ’ਤੇ ਕਾਰਵਾਈ ਮੰਗੀ। ਸਦਨ ’ਚ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਸ਼ਾਂਤ ਰਹੀ। ਜਦੋਂ ਧਿਆਨ ਦਿਵਾਊ ਮਤੇ ਪੇਸ਼ ਹੋਏ ਤਾਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ‘ਵਿਸ਼ੇਸ਼ ਅਧਿਕਾਰ ਮਤੇ’ ਵਾਰੇ ਬੋਲਣਾ ਸ਼ੁਰੂ ਕਰ ਦਿੱਤਾ। ਸਦਨ ’ਚ ਕਾਂਗਰਸੀ ਵਿਧਾਇਕਾਂ ਦੇ ਰੌਲੇ ਰੱਪੇ ਦੌਰਾਨ ਸਪੀਕਰ ਚੁੱਪ ਰਹੇ। ਅਖੀਰ ਵਿਧਾਇਕ ਕੋਟਲੀ ਸਮੇਤ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਦਾ ‘ਵਿਸ਼ੇਸ਼ ਅਧਿਕਾਰ ਮਤਾ’ ਮਿਲ ਗਿਆ ਹੈ ਅਤੇ ਉਹ ਇਸ ਮਾਮਲੇ ’ਤੇ ਵਿਚਾਰ ਕਰਨਗੇ। ਕਾਂਗਰਸੀ ਵਿਧਾਇਕ ਸਪੀਕਰ ਦੇ ਆਸਣ ਅੱਗੇ ਆ ਗਏ ਤੇ ਵਾਕਆਊਟ ਕਰ ਦਿੱਤਾ। ਸਦਨ ਵਿਚ ਅੱਜ ਪੰਜਾਬ ਰਾਜ ਚੋਣ ਕਮਿਸ਼ਨ (ਸੋਧ) ਬਿੱਲ 2024 ਨੂੰ ਪਾਸ ਕੀਤਾ ਗਿਆ।
ਮਾਈਨਿੰਗ ਦੀ ਜਾਂਚ ਲਈ ਸਦਨ ਦੀ ਕਮੇਟੀ ਬਣੇ: ਪ੍ਰਗਟ ਸਿੰਘ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਜਲੰਧਰ (ਛਾਉਣੀ) ਹਲਕੇ ਦੇ ਪਿੰਡਾਂ ਵਿਚ ਰੇਤ ਮਾਫ਼ੀਏ ਵੱਲੋਂ ਕੀਤੀ ਜਾ ਰਹੀ ਗ਼ੈਰਕਾਨੂੰਨੀ ਮਾਈਨਿੰਗ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਚਿੱਟੀ ਵੇਈਂ ਦੇ ਪੁਰਾਣੇ ਖੇਤਰ ਵਿਚ ਕਰੀਬ 100 ਏਕੜ ਰਕਬੇ ਵਿਚ ਮਾਈਨਿੰਗ ਹੋ ਰਹੀ ਹੈ ਜਿਸ ਦੀ ਜਾਂਚ ਸਦਨ ਦੀ ਇੱਕ ਕਮੇਟੀ ਬਣਾ ਕੇ ਕੀਤੀ ਜਾਵੇ। ਅਕਾਲੀ ਵਿਧਾਇਕ ਡਾ.ਸੁਖਵਿੰਦਰ ਕੁਮਾਰ ਸੁੱਖੀ ਨੇ ਪ੍ਰਿੰਸੀਪਲਾਂ ਤੋਂ ਪਦਉੱਨਤ ਕੀਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵਿਚ ਦਲਿਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦਾ ਮੁੱਦਾ ਉਠਾਇਆ।