ਇਜ਼ਰਾਇਲੀ ਫੌਜ ਨੇ ਮੁਵਾਸੀ ਇਲਾਕੇ ਦੇ ਇਕ ਕੈਂਪ ਨੂੰ ਬਣਾਇਆ ਨਿਸ਼ਾਨਾ
ਦੀਰ ਅਲ-ਬਲਾਹ, 1 ਦਸੰਬਰ
ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ ਦੋ ਬੱਚਿਆਂ ਸਮੇਤ ਛੇ ਵਿਅਕਤੀ ਹਲਾਕ ਹੋ ਗਏ। ਇਜ਼ਰਾਈਲ ਵੱਲੋਂ ਮੁਵਾਸੀ ਇਲਾਕੇ ਦੇ ਇਕ ਕੈਂਪ ’ਤੇ ਹਮਲਾ ਕੀਤਾ ਗਿਆ ਸੀ ਜਿਥੇ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਹੈ। ਮਿਸਰ ਨਾਲ ਲਗਦੇ ਸਰਹੱਦੀ ਸ਼ਹਿਰ ਰਾਫ਼ਾਹ ’ਤੇ ਇਕ ਹੋਰ ਹਮਲੇ ’ਚ ਚਾਰ ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਇਲਾਕਿਆਂ ’ਚ ਹਮਲਿਆਂ ਦੀ ਕੋਈ ਜਾਣਕਾਰੀ ਨਹੀਂ ਹੈ। ਇਜ਼ਰਾਈਲ ਨੇ ਕਿਹਾ ਕਿ ਉਹ ਆਮ ਨਾਗਰਿਕਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਿਰਫ਼ ਦਹਿਸ਼ਤਗਰਦਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਕ ਹੋਰ ਵੱਖਰੇ ਘਟਨਾਕ੍ਰਮ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਦਾਗ਼ੀ ਮਿਜ਼ਾਈਲ ਕਾਰਨ ਇਜ਼ਰਾਈਲ ’ਚ ਸਾਇਰਨ ਵਜਣ ਲੱਗ ਪਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਮਿਜ਼ਾਈਲ ਨੂੰ ਆਪਣੇ ਇਲਾਕੇ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਹਵਾ ’ਚ ਫੁੰਡ ਦਿੱਤਾ। ਉਧਰ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਮੋਸ਼ੇ ਯਾਲੋਨ ਨੇ ਨੇਤਨਯਾਹੂ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਉੱਤਰੀ ਗਾਜ਼ਾ ’ਚ ਅਰਬਾਂ ਦੀ ਨਸਲਕੁਸ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੌਜ ਨੇ ਹੁਣ ਜਬਾਲੀਆ ’ਚ ਕਹਿਰ ਢਾਹਿਆ ਹੋਇਆ ਹੈ। -ਏਪੀ
ਸੰਯੁਕਤ ਰਾਸ਼ਟਰ ਨੇ ਗਾਜ਼ਾ ’ਚ ਸਹਾਇਤਾ ਰੋਕੀ
ਦੀਰ ਅਲ-ਬਲਾਹ: ਫਲਸਤੀਨੀ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਗਾਜ਼ਾ ਦੇ ਮੁੱਖ ਲਾਂਘੇ ਤੋਂ ਭੇਜੀ ਜਾ ਰਹੀ ਰਾਹਤ ਸਮੱਗਰੀ ਨੂੰ ਰੋਕ ਰਹੇ ਹਨ। ਏਜੰਸੀ ਨੇ ਕਿਹਾ ਕਿ ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਨੂੰ ਹਥਿਆਰਬੰਦ ਗਰੋਹਾਂ ਤੋਂ ਖ਼ਤਰਾ ਹੈ ਜੋ ਕਰੀਬ 100 ਟਰੱਕਾਂ ’ਚੋਂ ਸਮੱਗਰੀ ਲੁੱਟ ਚੁੱਕੇ ਹਨ। ਏਜੰਸੀ ਦੇ ਮੁਖੀ ਫਿਲਿਪ ਲਾਜ਼ਾਰਿਨੀ ਨੇ ਕਿਹਾ ਕਿ ਗਰੋਹਾਂ ਨੇ ਸ਼ਨਿਚਰਵਾਰ ਨੂੰ ਇਕ ਛੋਟੇ ਬੇੜੇ ’ਚ ਲੱਦੀ ਸਮੱਗਰੀ ਵੀ ਲੁੱਟ ਲਈ। ਸੰਯੁਕਤ ਰਾਸ਼ਟਰ ਦੀ ਏਜੰਸੀ ਦੇ ਇਸ ਫ਼ੈਸਲੇ ਨਾਲ ਗਾਜ਼ਾ ’ਚ ਮਾਨਵੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਕਿਉਂਕਿ ਠੰਢ ਅਤੇ ਮੀਂਹ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਹਜ਼ਾਰਾਂ ਲੋਕ ਕੈਂਪਾਂ ’ਚ ਰਹਿ ਰਹੇ ਹਨ ਜੋ ਕੌਮਾਂਤਰੀ ਰਾਹਤ ਸਮੱਗਰੀ ’ਤੇ ਨਿਰਭਰ ਹਨ। ਮਾਹਿਰ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ ਕਿ ਉੱਤਰੀ ਗਾਜ਼ਾ ’ਚ ਅਕਾਲ ਪੈ ਸਕਦਾ ਹੈ ਕਿਉਂਕਿ ਇਜ਼ਰਾਇਲੀ ਫੌਜ ਨੇ ਇਲਾਕੇ ਨੂੰ ਅਕਤੂਬਰ ਤੋਂ ਘੇਰਾ ਪਾਇਆ ਹੋਇਆ ਹੈ। -ਏਪੀ