ਆਈਓਏ ਕਾਰਜਕਾਰੀ ਮੈਂਬਰਾਂ ਨੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਪੱਤਰ ਲਿਖਿਆ
ਨਵੀਂ ਦਿੱਲੀ, 28 ਸਤੰਬਰ
ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਅਤੇ ਕਾਰਜਕਾਰੀ ਪਰਿਸ਼ਦ ਦੇ ਬਾਗੀ ਮੈਂਬਰਾਂ ਦਰਮਿਆਨ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ ਕਿਉਂਕਿ 12 ਮੈਂਬਰਾਂ ਨੇ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਦੇ ਸੀਨੀਅਰ ਅਧਿਕਾਰੀ ਜੇਰੋਮ ਪੋਈਵੇ ਨੂੰ ਪੱਤਰ ਲਿਖ ਕੇ ਇਸ ਮਹਾਨ ਅਥਲੀਟ ’ਤੇ ਤਾਨਾਸ਼ਾਹੀ ਨਾਲ ਕੰਮ ਕਰਨ ਦਾ ਦੋਸ਼ ਲਾਇਆ ਹੈ। ਆਈਓਏ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਤਿੱਖੀ ਬਹਿਸ ਹੋਈ, ਜਿਸ ਵਿੱਚ ਊਸ਼ਾ ਨੇ ਰਘੂਰਾਮ ਅਈਅਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਤੇ ਅਹੁਦੇ ਤੋਂ ਹਟਾਉਣ ਦੀ ਉਨ੍ਹਾਂ ਦੀ ਅਪੀਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਊਸ਼ਾ ਨੇ ਆਪਣੇ ਤਰਫ਼ੋਂ ਪਹਿਲਾਂ ਹੀ ਕਿਹਾ ਹੈ ਕਿ ਅਈਅਰ ਦੀ ਨਿਯੁਕਤੀ ਪੰਜ ਜਨਵਰੀ ਨੂੰ ਕਾਰਜਕਾਰੀ ਕੌਂਸਲ ਮੀਟਿੰਗ ਵਿੱਚ ਆਈਓਏ ਸੰਵਿਧਾਨ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਕੀਤੀ ਗਈ ਸੀ, ਜਿਸ ਦੀ ਵੀਡੀਓਗ੍ਰਾਫੀ ਕਰਵਾਈ ਗਈ ਸੀ, ਜਿਸ ਕਾਰਨ ਇਸ ਫ਼ੈਸਲੇ ਤੋਂ ਪਿੱਛੇ ਹਟਣ ਦਾ ਕੋਈ ਕਾਰਨ ਨਹੀਂ ਸੀ। ਕਾਰਜਕਾਰੀ ਮੈਂਬਰਾਂ ਨੇ ਪੋਈਵੇ ਨੂੰ ਲਿਖਿਆ ਕਿ ਉਹ ਆਈਓਏ ਦੇ ਸੀਈਓ ਦੇ ਅਹੁਦੇ ਲਈ ਫਿਰ ਤੋਂ ਇਸ਼ਤਿਹਾਰ ਦੇਣਗੇ। ਸੀਨੀਅਰ ਉਪ ਪ੍ਰਧਾਨ ਅਜੈ ਐੱਚ. ਪਟੇਲ, ਉਪ ਪ੍ਰਧਾਨ ਰਾਜ ਲਕਸ਼ਮੀ ਦਿਓ ਤੇ ਗਗਨ ਨਾਰੰਗ, ਅਹੁਦੇਦਾਰ ਸਹਦੇਵ ਯਾਦਵ, ਅਲਕਨੰਦਾ ਅਸ਼ੋਕ ਤੇ ਕਲਿਆਣ ਚੌਬੇ, ਮੈਂਬਰ ਅਮਿਤਾਭ ਸ਼ਰਮਾ, ਭੁਪਿੰਦਰ ਸਿੰਘ ਬਾਜਵਾ, ਰੋਹਿਤ ਰਾਜਪਾਲ, ਡੋਲਾ ਬੈਨਰਜੀ, ਹਰਪਾਲ ਸਿੰਘ ਤੇ ਯੋਗੇਸ਼ਵਰ ਦੱਤ ਨੇ ਪੱਤਰ ’ਤੇ ਦਸਤਖ਼ਤ ਕੀਤੇ ਹਨ। -ਪੀਟੀਆਈ