ਚੰਡੀਗੜ੍ਹ ਨਿਗਮ ਦੇ ਵਿੱਤੀ ਸੰਕਟ ਬਾਰੇ ਸੱਦੀ ਮੀਟਿੰਗ ਸਿਆਸਤ ਦੀ ਭੇਟ ਚੜ੍ਹੀ
ਮੁਕੇਸ਼ ਕੁਮਾਰ
ਚੰਡੀਗੜ੍ਹ, 22 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੇ ਚੱਲ ਰਹੇ ਵਿੱਤੀ ਸੰਕਟ ਬਾਰੇ ਮੇਅਰ ਕੁਲਦੀਪ ਕੁਮਾਰ ਵੱਲੋਂ ਅੱਜ ਬੁਲਾਈ ਹਾਊਸ ਦੀ ਵਿਸ਼ੇਸ਼ ਮੀਟਿੰਗ ਸਿਆਸਤ ਦੀ ਭੇਟ ਚੜ੍ਹ ਗਈ। ਮਿੱਥੇ ਸਮੇਂ ਅਨੁਸਾਰ ਜਿਵੇਂ ਹੀ ਦੋ ਵਜੇ ਮੀਟਿੰਗ ਸ਼ੁਰੂ ਹੋਈ ਤੇ ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ਨੇ ਨਿਗਮ ਦੇ ਨਵ-ਨਿਯੁਕਤ ਕਮਿਸ਼ਨਰ ਅਮਿਤ ਕੁਮਾਰ ਦਾ ਸਵਾਗਤ ਕਰਨ ਲਈ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਭਾਜਪਾ ਦੇ ਕੌਂਸਲਰਾਂ ਨੇ ਮੇਅਰ ਨੂੰ ਮੀਟਿੰਗ ਸੱਦਣ ਬਾਰੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਹੰਗਾਮੀ ਹਾਲਤ ’ਚ ਮੀਟਿੰਗ ਸੱਦਣ ਬਾਰੇ ਥੋੜ੍ਹਾ ਸਮਾਂ ਪਹਿਲਾਂ ਹੀ ਸੂਚਨਾ ਦੇਣ ਬਾਰੇ ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਨਿਗਮ ਸਕੱਤਰ ਗੁਰਿੰਦਰ ਸਿੰਘ ਸੋਢੀ ਨੂੰ ਪੁੱਛਿਆ ਕਿ ਕੀ ਅੱਜ ਦੀ ਮੀਟਿੰਗ ਨਿਯਮਾਂ ਅਨੁਸਾਰ ਸੱਦੀ ਗਈ ਹੈ। ਦੂਜੇ ਪਾਸੇ, ਗੱਠਜੋੜ ਦੇ ਕੌਂਸਲਰਾਂ ਨੇ ਕਿਹਾ ਕਿ ਭਾਜਪਾ ਦੀ ਹਕੂਮਤ ਵੇਲੇ ਵੀ ਇਸੇ ਤਰ੍ਹਾਂ ਕੈਂਬਰ ਮੀਟਿੰਗ ਸੱਦੀ ਗਈ ਸੀ। ਇਸੇ ਦੌਰਾਨ ਗੱਠਜੋੜ ਦੇ ਕੌਂਸਲਰਾਂ ਨੇ ਮੀਟਿੰਗ ਸਬੰਧੀ ਨਾਰਾਜ਼ਗੀ ਪ੍ਰਗਟਾਈ ਕਿ ਉਨ੍ਹਾਂ ਨੂੰ ਬਿਨਾਂ ਕੋਈ ਏਜੰਡਾ ਅਤੇ ਹੋਰ ਜਾਣਕਾਰੀ ਦਿੱਤੇ ਇਸ ਬੁਲਾਇਆ ਗਿਆ। ਨਵ-ਨਿਯੁਕਤ ਕਮਿਸ਼ਨਰ ਅਮਿਤ ਕੁਮਾਰ ਨੇ ਕੌਂਸਲਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ‘ਆਪ’ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਨਿਗਮ ਦੇ ਵਿੱਤੀ ਸੰਕਟ ਸਬੰਧੀ ਨਗਰ ਨਿਗਮ ਦੇ ਸਕੱਤਰ ਤੋਂ ਇਸ ਸਾਲ ਕੀਤੇ ਖ਼ਰਚੇ ਅਤੇ ਆਮਦਨ ਬਾਰੇ ਜਾਣਕਾਰੀ ਲਈ। ਸਕੱਤਰ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ ਨੇ ਨਿਗਮ ਦੇ ਸਤੰਬਰ 2024 ਤੱਕ ਦੇ ਖ਼ਰਚੇ ਅਤੇ ਆਮਦਨ ਸਬੰਧੀ ਅੰਕੜੇ ਸਦਨ ਨੂੰ ਪੇਸ਼ ਕੀਤੇ। ਇਸ ਦੌਰਾਨ ਭਾਜਪਾ ਕੌਂਸਲਰ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਨੂੰ ਸਵਾਲ ਕੀਤਾ ਕਿ ਜੇ ਨਗਰ ਨਿਗਮ ਵਿੱਤੀ ਸੰਕਟ ਵਿੱਚ ਹੈ ਤਾਂ ਪਿਛਲੀਆਂ ਮੀਟਿੰਗਾਂ ਵਿੱਚ ਕਰੋੜਾਂ ਰੁਪਏ ਦੇ ਏਜੰਡੇ ਕਿਉਂ ਪਾਸ ਕੀਤੇ ਗਏ। ਇਸ ਦੌਰਾਨ ਹੋਰ ਕੌਂਸਲਰਾਂ ਨੇ ਵੀ ਹੰਗਾਮਾ ਸ਼ੁਰੂ ਕਰ ਦਿੱਤਾ।
ਮੇਅਰ ਵੱਲੋਂ ਮੀਟਿੰਗ ਨੂੰ ਅਚਨਚੇਤ ਖ਼ਤਮ ਕਰਨ ਦੇ ਫ਼ੈਸਲੇ ਤੋਂ ਕੌਂਸਲਰ ਹੈਰਾਨ ਰਹਿ ਗਏ। ਭਾਜਪਾ ਕੌਂਸਲਰਾਂ ਨੇ ਨਿਗਮ ਹਾਊਸ ਵਿੱਚ ‘ਆਪ’ ਮੁਰਦਾਬਾਦ ਦੇ ਨਾਅਰੇ ਸ਼ੁਰੂ ਕਰ ਦਿੱਤੇ। ਕਾਂਗਰਸ ਪਾਰਟੀ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਤੇ ਹੋਰਨਾਂ ਨੇ ਮੇਅਰ ਵੱਲੋਂ ਅਚਾਨਕ ਮੀਟਿੰਗ ਮੁਲਤਵੀ ਕਰਨ ਨੂੰ ਗ਼ਲਤ ਕਰਾਰ ਦਿੱਤਾ।
‘ਆਪ’ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਕੌਂਸਲਰਾਂ ਨੂੰ ਬਿਨਾਂ ਕੋਈ ਹੋਮਵਰਕ ਕੀਤੇ ਮੀਟਿੰਗ ਵਿੱਚ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਵਿਕਾਸ ਕਾਰਜਾਂ ਨਾਲੋਂ ਵੱਧ ਪੈਸਾ ਆਪਣੇ ’ਤੇ ਖ਼ਰਚ ਕਰ ਰਿਹਾ ਹੈ। ‘ਆਪ’ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕਰਨ ਵਿੱਚ ਭਾਜਪਾ ਦਾ ਹੱਥ ਹੈ।
ਹੰਗਾਮੇ ਤੋਂ ਖ਼ਫ਼ਾ ਹੋ ਕੇ ਮੇਅਰ ਵੱਲੋਂ ਮੀਟਿੰਗ ਖ਼ਤਮ ਕਰਨ ਦਾ ਐਲਾਨ
ਮੇਅਰ ਕੁਲਦੀਪ ਕੁਮਾਰ ਨੇ ਕੌਂਸਲਰਾਂ ਨੂੰ ਮੀਟਿੰਗ ਵਿੱਚ ਨਿਗਮ ਦੇ ਵਿੱਤੀ ਸੰਕਟ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੀਟਿੰਗ ਨਿਗਮ ਲਈ ਅਹਿਮ ਹੈ ਪਰ ਇਸ ਦਾ ਕੋਈ ਅਸਰ ਨਾ ਹੋਇਆ। ਮੇਅਰ ਨੇ ਹੰਗਾਮਾ ਕਰ ਰਹੇ ਕੌਂਸਲਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਅਹਿਮ ਮੀਟਿੰਗ ਵਿੱਚ ਕਿਸੇ ਦੀ ਦਿਲਚਸਪੀ ਨਹੀਂ ਹੈ ਤੇ ਉਨ੍ਹਾਂ ਨੇ ਇਹ ਮੀਟਿੰਗ ਬੁਲਾ ਕੇ ਗ਼ਲਤੀ ਕੀਤੀ ਹੈ। ਹੰਗਾਮਾ ਸ਼ਾਂਤ ਨਾ ਹੁੰਦਾ ਦੇਖ ਕੇ ਮੇਅਰ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਬਾਅਦ ਵਿੱਚ ਮੀਟਿੰਗ ਸੱਦਣਗੇ ਅਤੇ ਇਸ ਦੇ ਨਾਲ ਮੀਟਿੰਗ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।