ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀਆਂ ਦੀ ਸਾਂਝੀ ਮੁਹੱਬਤ ਦਾ ਸਿਰਨਾਵਾਂ ਬਣਿਆ ਅੰਤਰਰਾਸ਼ਟਰੀ ਅਦਬੀ ਮੇਲਾ

08:34 AM Aug 07, 2024 IST
ਅੰਤਰਰਾਸ਼ਟਰੀ ਅਦਬੀ ਮੇਲੇ ਵਿੱਚ ਼ਸ਼ਮੂਲੀਅਤ ਕਰਨ ਵਾਲੇ ਲੇਖਕ

ਅਜ਼ੀਮ ਸ਼ੇਖਰ

Advertisement

ਸਾਊਥਾਲ:

ਪੰਦਰਾਂ ਮੁਲਕਾਂ ਦੇ 200 ਤੋਂ ਵੱਧ ਪੰਜਾਬੀਆਂ ਵੱਲੋਂ ਸਾਊਥਾਲ (ਯੂਕੇ) ਦੇ ਡੋਰਮਰਜ਼ ਵੈੱਲ ਹਾਈ ਸਕੂਲ ਵਿੱਚ ਪੰਜਾਬੀ ਅਦਬ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੇ ਅਹਿਮ ਏਜੰਡੇ ’ਤੇ ਸੰਵਾਦ ਰਚਾਉਣ ਲਈ ਹੋਈ ਦੋ ਰੋਜ਼ਾ ਅਹਿਮ ਇਕੱਤਰਤਾ ਸਾਰਥਕ ਸੰਵਾਦ, ਗਹਿਨ ਚਿੰਤਨ, ਨਿੱਘੀਆਂ ਮਿਲਣੀਆਂ, ਸ਼ਾਨਦਾਰ ਮੁਲਾਕਾਤਾਂ ਅਤੇ ਸਾਹਿਤ ਸੱਭਿਆਚਾਰ ਦੇ ਵੰਨ ਸੁਵੰਨੇ ਰੰਗ ਬਿਖੇਰਦੀ ਸੰਪੰਨ ਹੋਈ।
ਮੇਲੇ ਦੇ ਸੂਤਰਧਾਰ ਸ਼ੇਖ਼ਰ, ਰਾਜਿੰਦਰਜੀਤ ਸਿੰਘ ਅਤੇ ਅਬੀਰ ਬੁੱਟਰ ਨੇ ਦੱਸਿਆ ਕਿ ਇਹ ਮੇਲਾ ਵਿਸ਼ਵੀ ਦੌਰ ਵਿੱਚ ਪੰਜਾਬੀ ਸਮਾਜ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਅਤੇ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਸਾਰਥਕ ਚਿੰਤਨ ਦਾ ਪਲੈਟਫਾਰਮ ਬਣਿਆ ਹੈ। ਸਮੁੱਚੀ ਇਕੱਤਰਤਾ ਸ਼ਾਇਰ ਸੁਰਜੀਤ ਪਾਤਰ ਅਤੇ ਬਰਤਾਨੀਆ ਦੀ ਧਰਤੀ ਤੋਂ ਪਿਛਲੇ ਸਮੇਂ ਵਿੱਚ ਵਿੱਛੜੇ ਮਹਾਨ ਅਦੀਬਾਂ ਅੱਗੇ ਨਤਮਸਤਕ ਹੁੰਦਿਆਂ ਸ਼ੁਰੂ ਹੋਈ। ਇਸ ਮੇਲੇ ਦੇ ਪਹਿਲੇ ਸੈਸ਼ਨ ਵਿੱਚ ਵਿਦਵਾਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਸਮਕਾਲੀ ਯੁੱਗ ਦੇ ਡਿਜੀਟਲ ਤਕਨੀਕੀ ਖੇਤਰ, ਗਿਆਨ- ਵਿਗਿਆਨ, ਰੁਜ਼ਗਾਰ ਦੇ ਨਾਲ-ਨਾਲ ਇਸ ਦੀ ਸਲਾਮਤੀ, ਨਿਰੰਤਰਤਾ ਤੇ ਪ੍ਰਫੁੱਲਤਾ ਲਈ ਵੱਡੀਆਂ ਵੰਗਾਰਾਂ ਹਨ, ਚਾਹੇ ਨਵੀਆਂ ਸੰਭਾਵਨਾਵਾਂ ਵੀ ਬਹੁਤ ਹਨ। ਉਸ ਨੇ ਕਿਹਾ ਕਿ ਸਰਕਾਰਾਂ ਦਾ ਵੋਟਾਂ ਮੁਤਾਬਕ ਸਿਆਸੀ ਸੱਭਿਆਚਾਰਕ ਦਖਲ ਬਹੁਤ ਵਧਿਆ ਹੈ ਅਤੇ ਬਣਦੇ ਉਪਰਾਲੇ ਬੇਹੱਦ ਥੋੜ੍ਹੇ ਹਨ। ਪੰਜਾਬੀਆਂ ਨੂੰ ਸਿਆਸੀ, ਸੰਸਥਾਗਤ ਅਤੇ ਸਾਂਝੀ ਕਾਬਲੀਅਤ ਦੀ ਖੁੱਲ੍ਹਦਿਲੀ ਪਰ ਉਚੇਰੀ ਅਕਲਮੰਦੀ ਨਾਲ ਸੁਚੱਜੀ ਵਰਤੋਂ ਕਰਕੇ ਅਜੋਕੇ ਵਸੀਲਿਆਂ ਦਾ ਭਰਪੂਰ ਲਾਭ ਉਠਾਉਣ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਵੱਡੀਆਂ ਪ੍ਰਾਪਤੀਆਂ ਤੇ ਉੱਚੇ ਮੁਕਾਮਾਂ ਦੇ ਯੋਗ ਹੋ ਸਕਾਂਗੇ।
ਸ਼ਾਇਰ ਬਾਬਾ ਨਜਮੀ ਨੇ ਕਿਹਾ ਕਿ ਇਹ ਦੌਰ ਮਜ਼ਹਬਾਂ, ਸਿਆਸਤਾਂ ਅਤੇ ਹੱਦਾਂ ਸਰਹੱਦਾਂ ਤੋਂ ਉੱਪਰ ਉੱਠ ਕੇ ਪੰਜਾਬੀਅਤ ਦਾ ਮਜ਼ਬੂਤ ਪੁਲ ਉਸਾਰਨ ਦਾ ਦੌਰ ਹੈ ਅਤੇ ਇਹ ਮੇਲਾ ਇਸ ਪਾਸੇ ਵੱਲ ਵੱਡੀ ਪੁਲਾਂਘ ਹੈ। ਦਲਵੀਰ ਕੌਰ ਨੇ ਪਹਿਲੇ ਦੌਰ ਦਾ ਸੰਚਾਲਨ ਕੀਤਾ। ਦੂਜੇ ਸੈਸ਼ਨ ਵਿੱਚ ਪੰਜਾਬੀ ਬੋਲੀ ਦੇ ਆਲਮੀ ਸਰੋਕਾਰਾਂ ਬਾਰੇ ਚਿੰਤਕ ਡਾ. ਕੁਲਦੀਪ ਸਿੰਘ ਦੀਪ ਨੇ ਪ੍ਰਸਿੱਧ ਭਾਸ਼ਾ ਵਿਗਿਆਨੀ ਕੇ. ਡੇਵਿਡ ਹੈਰੀਸਨ ਅਤੇ ਗਣੇਸ਼ ਦੇਵੀ ਦੇ ਹਵਾਲੇ ਨਾਲ ਕਿਹਾ ਕਿ ਭਾਸ਼ਾਈ ਹੀਣਤਾ, ਬਸਤੀਵਾਦੀ ਮਾਨਸਿਕਤਾ ਅਤੇ ਭਾਸ਼ਾਵਾਂ ਵਿੱਚ ਵਪਾਰ, ਰੁਜ਼ਗਾਰ ਅਤੇ ਸੰਚਾਰ ਦੀਆਂ ਘਟ ਰਹੀਆਂ ਸੰਭਾਵਨਾਵਾਂ ਦੇ ਦੌਰ ਵਿੱਚ ਦੁਨੀਆ ਦੀਆਂ 7000 ਭਾਸ਼ਾਵਾਂ ਵਿੱਚੋਂ 2500 ਭਾਸ਼ਾਵਾਂ ਲਈ ਵੱਡੀਆਂ ਚੁਣੌਤੀਆਂ ਹਨ। ਪੰਜਾਬੀ ਭਾਸ਼ਾ ਵੀ ਇਨ੍ਹਾਂ ਚੁਣੌਤੀਆਂ ਦੇ ਰੂਬਰੂ ਹੈ। ਸਾਨੂੰ ਆਪਣੀ ਭਾਸ਼ਾ ਉੱਪਰ ਪੈ ਰਹੇ ਆਲਮੀ ਫਿਰਕੂ, ਤਕਨੀਕੀ ਅਤੇ ਸਿਆਸੀ ਦਬਾਵਾਂ ਨੂੰ ਸਮਝਦੇ ਹੋਏ ਨਿੱਜੀ ਅਤੇ ਸਮੂਹਕ ਯਤਨ ਕਰਨੇ ਹੋਣਗੇ। ਪੂਰੀ ਦੁਨੀਆ ਵਿੱਚ ਵਸਦੇ 14 ਕਰੋੜ ਪੰਜਾਬੀਆਂ ਦਾ ਆਲਮੀ ਦੌਰ ਵਿੱਚ ਇਸ ਤਰ੍ਹਾਂ ਇੱਕ ਦੂਜੇ ਨਾਲ ਸੰਵਾਦ ਰਚਾਉਣਾ ਇਸ ਦਿਸ਼ਾ ਵੱਲ ਵੱਡਾ ਯਤਨ ਹੈ।
ਡਾ. ਧਨਵੰਤ ਕੌਰ ਨੇ ਕਿਹਾ ਕਿ ਇੱਕ ਪਾਸੇ ਸਾਮਰਾਜੀ ਤਾਕਤਾਂ ਨੇ ਆਪਣੇ ਵਿਸ਼ਵ ਅਮਨ ਵਿਰੋਧੀ ਮਨਸੂਬਿਆਂ ਤਹਿਤ ਸੰਸਾਰ ਨੂੰ ਜੰਗਾਂ ਦੀ ਭੱਠੀ ਵਿੱਚ ਝੋਕਣ ਲਈ ਪੂਰੀ ਤਾਕਤ ਲਗਾ ਰੱਖੀ ਹੈ, ਦੂਜੇ ਪਾਸੇ ਅਮਨ ਭਾਈਚਾਰੇ ਨੂੰ ਬਚਾਉਣ ਲਈ ਅਵਾਮੀ ਲੋਕ ਵੱਡੀ ਲੜਾਈ ਲੜ ਰਹੇ ਹਨ। ਪੰਜਾਬੀ ਅਦਬ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਦੇ ਹਵਾਲੇ ਨਾਲ ਪੂਰੀ ਸ਼ਿੱਦਤ ਨਾਲ ਲੋਕ ਮੁਕਤੀ ਦੀਆਂ ਇਨ੍ਹਾਂ ਲਹਿਰਾਂ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਹੈ।
ਤੀਜੇ ਸੈਸ਼ਨ ਵਿੱਚ ਪੰਜਾਬੀ ਮੈਗਜ਼ੀਨ ‘ਤਾਸਮਨ’ ਦੇ ਪਰਵਾਸੀ ਅੰਕ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਦੇ ਸੰਪਾਦਕ ਸਤਪਾਲ ਭੀਖੀ ਨੇ ਕਿਹਾ ਕਿ 424 ਪੰਨਿਆਂ ਦਾ ਇਹ ਅੰਕ ਪਰਵਾਸ ਦੇ ਮਸਲਿਆਂ, ਪਰਵਾਸ ਦੇ ਚਿੰਤਨ ਅਤੇ ਪਰਵਾਸ ਦੇ ਸਿਰਜਣਾਤਮਕ ਸਾਹਿਤ ਨੂੰ ਸਮਰਪਿਤ ਹੈ। ਇਹ ਅੰਕ ਜਿੱਥੇ ਸਮਕਾਲ ਵਿੱਚ ਪਰਵਾਸ ਦੇ ਬਦਲਦੇ ਸੰਦਰਭਾਂ ਨੂੰ ਪੇਸ਼ ਕਰਦਾ ਹੈ, ਉੱਥੇ ਪਰਵਾਸ ਵਿੱਚ ਵਸਦੀ ਦੂਜੀ ਅਤੇ ਤੀਜੀ ਪੀੜ੍ਹੀ ਦੀ ਮਾਨਸਿਕਤਾ ਨੂੰ ਸਮਝਣ ਦਾ ਅਹਿਮ ਯਤਨ ਹੈ।
ਇਸ ਤੋਂ ਬਾਅਦ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਆਗਾਜ਼ ਹੋਇਆ। ਤਿੰਨ ਘੰਟੇ ਲੰਮੇ ਇਸ ਦਰਬਾਰ ਵਿੱਚ 40 ਦੇ ਕਰੀਬ ਕਵੀਆਂ ਨੇ ਆਪਣੀਆਂ ਗ਼ਜ਼ਲਾਂ, ਗੀਤਾਂ ਅਤੇ ਨਜ਼ਮਾਂ ਨਾਲ ਮਹਿਫ਼ਲ ਵਿੱਚ ਕਾਵਿਕ ਰੰਗ ਭਰੇ। ਆਸਟਰੇਲੀਆ ਤੋਂ ਆਏ ਨਵੇਂ ਸ਼ਾਇਰ ਜੱਗੀ ਜੌਹਲ ਦੀਆਂ ਖ਼ੂਬਸੂਰਤ ਗ਼ਜ਼ਲਾਂ ਨਾਲ ਸ਼ੁਰੂ ਹੋਏ ਇਸ ਕਵੀ ਦਰਬਾਰ ਦੀ ਸਮਾਪਤੀ ਬਾਬਾ ਨਜਮੀ ਦੇ ਇਸ ਕਲਾਮ ਨਾਲ ਹੋਈ, ‘ਮਸਜਿਦ ਮੇਰੀ ਤੂੰ ਕਿਉਂ ਢਾਵੇਂ, ਮੈਂ ਕਿਉਂ ਢਾਹਵਾਂ ਮੰਦਰ ਨੂੰ, ਆਜਾ ਬਹਿ ਕੇ ਦੋਵੇਂ ਪੜ੍ਹੀਏ, ਇੱਕ ਦੂਜੇ ਦੇ ਅੰਦਰ ਨੂੰ।’ ਇਸ ਕਵੀ ਦਰਬਾਰ ਦਾ ਸੰਚਾਲਨ ਸ਼ਾਇਰ ਮਨਜੀਤ ਪੁਰੀ ਅਤੇ ਪਰਮਜੀਤ ਦਿਓਲ ਨੇ ਕੀਤਾ। ਇਸ ਮਹਿਫ਼ਲ ਵਿੱਚ ਚੜ੍ਹਦੇ ਪੰਜਾਬ ਤੋਂ ਗੁਰਪ੍ਰੀਤ, ਸੰਦੀਪ ਸ਼ਰਮਾ, ਸਤਪਾਲ ਭੀਖੀ, ਜਗਦੀਪ ਸਿੱਧੂ, ਕੁਮਾਰ ਜਗਦੇਵ ਸਿੰਘ, ਸਿਮਰਨ ਅਕਸ, ਤਰਸਪਾਲ ਕੌਰ, ਹਰਵਿੰਦਰ ਚੰਡੀਗੜ੍ਹ, ਕੈਨੇਡੀਅਨ ਸ਼ਾਇਰ ਗੁਰਦੇਵ ਚੌਹਾਨ, ਸੁਰਜੀਤ ਟੋਰਾਂਟੋ, ਮਹਿੰਦਰਪਾਲ ਸਿੰਘ ਪਾਲ, ਪ੍ਰੀਤ ਮਨਪ੍ਰੀਤ, ਮੋਹਨ ਗਿੱਲ, ਪਰਮਜੀਤ ਦਿਓਲ, ਅਮਰੀਕਾ ਤੋਂ ਰਾਜ ਲਾਲੀ ਬਟਾਲਾ ਅਤੇ ਅਮਰਜੀਤ ਪੰਨੂ, ਲਹਿੰਦੇ ਪੰਜਾਬ ਤੋਂ ਸਾਬਰ ਅਲੀ ਸਾਬਰ, ਅਮੀਨ ਕੁੰਜਾਹੀ, ਸਪੇਨ ਤੋਂ ਦਾਦਰ ਪੰਡੋਰਵੀ, ਸਵੀਡਨ ਤੋਂ ਇੰਦਰਪਾਲ ਸਿੰਘ ਅਤੇ ਬਰਤਾਨੀਆ ਤੋਂ ਰਾਜਿੰਦਰਜੀਤ, ਅਜ਼ੀਮ ਸ਼ੇਖਰ, ਅਬੀਰ ਬੁੱਟਰ, ਅਮਨਦੀਪ ਅਮਨ ਅਤੇ ਭੁਪਿੰਦਰ ਸੱਗੂ ਨੇ ਭਾਗ ਲਿਆ। ਸ਼ਾਮ ਨੂੰ ਰੰਗਮੰਚ ਦੇ ਰੰਗ ਤਹਿਤ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਸ਼ਬਦੀਸ਼ ਦੁਆਰਾ ਲਿਖਿਆ ਅਤੇ ਅਨੀਤਾ ਸ਼ਬਦੀਸ਼ ਦੀ ਅਦਾਕਾਰੀ ਦੇ ਖ਼ੂਬਸੂਰਤ ਰੰਗਾਂ ਵਿੱਚ ਰੰਗਿਆ ਨਾਟਕ ‘ਗੁੰਮਸ਼ੁਦਾ ਔਰਤ’ ਪੇਸ਼ ਕੀਤਾ ਗਿਆ ਜੋ 21ਵੀਂ ਸਦੀ ਵਿੱਚ ਆਪਣੀ ਹੋਂਦ ਦੀ ਤਲਾਸ਼ ਕਰਦੀ ਔਰਤ ਦੇ ਦਮਿਤ ਸਰੋਕਾਰਾਂ ਨੂੰ ਪੇਸ਼ ਕਰਦਾ ਹੋਇਆ ਦਰਸ਼ਕਾਂ ’ਤੇ ਗਹਿਰੀ ਛਾਪ ਛੱਡ ਗਿਆ।
ਦੂਜੇ ਦਿਨ ‘ਸਮਕਾਲ ਅਤੇ ਸਾਹਿਤ’ ਦੇ ਸਿਰਲੇਖ ਤਹਿਤ ਪਹਿਲੇ ਸੈਸ਼ਨ ਵਿੱਚ ਕਵਿਤਾ ਦੇ ਸਮਕਾਲੀ ਸਰੋਕਾਰਾਂ ਦੀ ਤਲਾਸ਼ ਕਰਦਿਆਂ ਸਤਪਾਲ ਭੀਖੀ ਦੇ ਸੰਚਾਲਨ ਹੇਠ ਵਰਿੰਦਰ ਪਰਿਹਾਰ, ਗੁਰਪ੍ਰੀਤ, ਸਾਬਰ ਸਲੀ ਸਾਬਰ ਅਤੇ ਜਗਦੀਪ ਸਿੱਧੂ ਨੇ ਆਪਣੀਆਂ ਧਾਰਨਾਵਾਂ ਰਾਹੀਂ ਕਿਹਾ ਕਿ ਕਵਿਤਾ ਵਿੱਚ ਵਿਧਾਗਤ ਅਤੇ ਵਸਤੂਗਤ ਪ੍ਰਯੋਗ ਹੁੰਦੇ ਰਹਿਣੇ ਚਾਹੀਦੇ ਹਨ, ਪਰ ਅੰਤਿਮ ਤੌਰ ’ਤੇ ਕਵਿਤਾ ਮਾਨਵੀ ਸਰੋਕਾਰਾਂ ਨਾਲ ਜੁੜਨੀ ਚਾਹੀਦੀ ਹੈ। ਕਵਿਤਾ ਵਿੱਚ ਸੰਚਾਰ, ਕਵਿਤਾ ਵਿੱਚ ਪਰਵਾਸ ਅਤੇ ਕਵਿਤਾ ਦੇ ਲੋਕ ਪੱਖੀ ਅਤੇ ਜੋਕ ਪੱਖੀ ਹੋਣ ਦੇ ਪਾਸਾਰ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਗਲਪ ਦੇ ਸੈਸ਼ਨ ਵਿੱਚ ਮਹਿੰਦਰਪਾਲ ਧਾਲੀਵਾਲ ਦੀ ਸੰਚਾਲਨਾ ਹੇਠ ਨਾਵਲਕਾਰ ਹਰਜੀਤ ਅਟਵਾਲ, ਗਲਪ ਆਲੋਚਕ ਡਾ. ਧਨਵੰਤ ਕੌਰ, ਪਰਵਾਸੀ ਕਹਾਣੀਕਾਰ ਗੁਰਮੀਤ ਪਨਾਗ ਅਤੇ ਨਵੇਂ ਨਾਵਲਕਾਰ ਜਸਵਿੰਦਰ ਰੱਤੀਆਂ ਨੇ ਗਲਪ ਦੇ ਵਿਭਿੰਨ ਪਾਸਾਰਾਂ ’ਤੇ ਚਰਚਾ ਕੀਤੀ। ਹਰਜੀਤ ਅਟਵਾਲ ਨੇ ਕਿਹਾ ਕਿ ਲਹਿਰਾਂ ਦਾ ਸਾਹਿਤ ਲਹਿਰਾਂ ਨਾਲ ਹੀ ਖ਼ਤਮ ਹੋ ਜਾਂਦਾ ਹੈ। ਧਨਵੰਤ ਕੌਰ ਨੇ ਕਿਹਾ ਕਿ ਬੇਸ਼ੱਕ ਸਾਹਿਤ ਸਾਹਿਤ ਹੀ ਹੁੰਦਾ ਹੈ, ਪਰ ਇਸ ਨੂੰ ਸਮਝਣ ਲਈ ਇਸ ਨੂੰ ਵੱਖ ਵੱਖ ਆਧਾਰਾਂ ’ਤੇ ਵੰਡਿਆਂ ਜਾਂਦਾ ਹੈ। ਗੁਰਮੀਤ ਪਨਾਗ ਅਤੇ ਜਸਵਿੰਦਰ ਰੱਤੀਆਂ ਨੇ ਨਵੀਂ ਪੰਜਾਬੀ ਕਹਾਣੀ ਅਤੇ ਗਲਪ ਦੇ ਪਰਵਾਸੀ ਸਰੋਕਾਰਾਂ ’ਤੇ ਭਰਪੂਰ ਚਰਚਾ ਕੀਤੀ।
ਨਾਟਕ, ਰੰਗਮੰਚ ਅਤੇ ਸਿਨੇਮਾ ਦੇ ਸਮਕਾਲੀ ਸਰੋਕਾਰਾਂ ਦੀ ਪਛਾਣ ਕਰਦਿਆਂ ਡਾ. ਕੁਲਦੀਪ ਸਿੰਘ ਦੀਪ ਦੇ ਸੰਚਾਲਨ ਹੇਠ ਕੁਮਾਰ ਜਗਦੇਵ ਸਿੰਘ, ਅਨੀਤਾ ਸ਼ਬਦੀਸ਼, ਡਾ. ਤਰਸਪਾਲ ਕੌਰ ਅਤੇ ਪਰਮਜੀਤ ਦਿਓਲ ਨੇ ਇੱਕ ਪਾਤਰੀ ਨਾਟਕ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ, ਬਾਲ ਰੰਗਮੰਚ ਦੀ ਅਣਹੋਂਦ, ਮੇਨ ਸਟਰੀਮ ਸਿਨੇਮਾ ਦਾ ਲੋਕ ਸਰੋਕਾਰਾਂ ਤੋਂ ਟੁੱਟੇ ਹੋਣਾ, ਔਰਤ ਨੂੰ ਰੰਗਮੰਚ ’ਤੇ ਆ ਰਹੀਆਂ ਚੁਣੌਤੀਆਂ ਅਤੇ ਆਲਮੀ ਦੌਰ ਵਿੱਚ ਨਾਟਕ ਅਤੇ ਰੰਗਮੰਚ ਦੇ ਸੰਕਟਾਂ ’ਤੇ ਭਰਪੂਰ ਚਰਚਾ ਕੀਤੀ।
ਸੰਵਾਦ ਦੇ ਆਖਰੀ ਸੈਸ਼ਨ ‘ਵਾਹਗੇ ਦੇ ਆਰ ਪਾਰ’ ਤਹਿਤ ਨੁਜ਼ਹਤ ਅੱਬਾਸ ਦੀ ਸੰਚਾਲਨਾ ਹੇਠ ਪ੍ਰੋ. ਅਮਜਦ ਅਲੀ ਭੱਟੀ, ਸਵੀਡਨ ਤੋਂ ਪ੍ਰਸਿੱਧ ਚਿੰਤਕ ਸਾਈਂ ਸੁੱਚਾ ਅਤੇ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਦੋਵਾਂ ਪਾਸਿਓਂ ਦੇ ਪੰਜਾਬੀਆਂ ਦੀ ਡੂੰਘੀ ਸਾਂਝ ਅਤੇ ਅਹਿਸਾਸਾਂ ਨੂੰ ਸਾਹਮਣੇ ਰੱਖਦਿਆਂ ਅੱਜ ਦੇ ਦੌਰ ਵਿੱਚ ਸਾਂਝ ਦੀਆਂ ਨਵੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ। ਪ੍ਰੋ. ਅਮਜਦ ਅਲੀ ਭੱਟੀ ਨੇ ਕਿਹਾ ਕਿ ਬੇਸ਼ੱਕ ਸਰਹੱਦਾਂ ਨਹੀਂ ਮਿਟਾਈਆਂ ਜਾ ਸਕਦੀਆਂ, ਪਰ ਵਿਸ਼ਵਵਿਆਪੀ ਪ੍ਰਸੰਗ ਵਿੱਚ ਸਾਂਝ ਦੇ ਨਵੇਂ ਪੁਲ ਤਾਂ ਉਸਾਰੇ ਜਾ ਸਕਦੇ ਹਨ। ਹਰਵਿੰਦਰ ਸਿੰਘ ਅਤੇ ਸਾਈਂ ਸੁੱਚਾ ਨੇ ਕਿਹਾ ਕਿ ਇਹ ਮੇਲਾ ਵੀ ਇਸ ਸਾਂਝ ਨੂੰ ਮਜ਼ਬੂਤ ਕਰਨ ਦੀ ਸਾਰਥਕ ਪਹਿਲ ਹੈ।
ਸਮੁੱਚੇ ਮੇਲੇ ਦੇ ਆਖਰੀ ਸੈਸ਼ਨ ਵਿੱਚ ਪੰਜਾਬ ਦੇ ਸੂਫੀ ਫ਼ਨਕਾਰ ਮਾਣਕ ਅਲੀ ਨੇ ਸੰਜੀਦਾ ਗਾਇਕੀ ਪੇਸ਼ ਕਰਦਿਆਂ ਵੱਖ ਵੱਖ ਸ਼ਾਇਰਾਂ ਦੀਆਂ ਗ਼ਜ਼ਲਾਂ, ਗੀਤਾਂ, ਸ਼ੇਅਰਾਂ ਦੇ ਨਾਲ ਨਾਲ ਪੰਜਾਬ ਦਾ ਲੋਕ ਰੰਗ ‘ਛੱਲਾ’ ਅਤੇ ‘ਦਮਾਦਮ ਮਸਤ ਕਲੰਦਰ’ ਪੇਸ਼ ਕਰਕੇ ਸੰਗੀਤਕ ਛੂਹਾਂ ਨਾਲ ਮੇਲੇ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਮੇਲੇ ਵਿੱਚ ਪ੍ਰਸਿੱਧ ਬੁੱਤਘਾੜੇ ਕੰਵਲ ਧਾਲੀਵਾਲ ਦੁਆਰਾ ਲਗਾਈ ਬੁੱਤ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਯੂਰਪੀ ਪੰਜਾਬੀ ਸੱਥ ਤੇ ਸਿੱਖ ਮਿਸ਼ਨਰੀ ਸੁਸਾਇਟੀ ਦੀਆਂ ਪੁਸਤਕ ਪ੍ਰਦਰਸ਼ਨੀਆਂ ’ਚ ਵੀ ਲੋਕਾਂ ਨੇ ਭਰਪੂਰ ਦਿਲਚਸਪੀ ਦਿਖਾਈ। ਸਮਾਗਮ ਨੂੰ ਰਘਵੀਰ, ਪਰਮਜੀਤ ਪ੍ਰੀਤ ਸੰਧਾਵਾਲੀਆ, ਦਰਸ਼ਨ ਢਿੱਲੋਂ, ਮਨਜੀਤ ਕੌਰ ਪੱਡਾ, ਗੁਰਨਾਮ ਗਰੇਵਾਲ, ਕੁਲਵੰਤ ਢਿੱਲੋਂ, ਮੋਤਾ ਸਿੰਘ ਸਰਾਏ, ਪ੍ਰਬੰਧਕ ਗੁਰਦੁਆਰਾ ਸਿੰਘ ਸਭਾ ਸਾਊਥਾਲ, ਗੁਰਦੁਆਰਾ ਗੁਰੂ ਅਮਰਦਾਸ, ਪ੍ਰਤਾਪ ਸਿੰਘ ਮੋਮੀ ਦਾ ਭਰਪੂਰ ਸਹਿਯੋਗ ਰਿਹਾ।

Advertisement

Advertisement