ਸੂਚਨਾ ਕਮਿਸ਼ਨ ਵੱਲੋਂ ਅਧਿਕਾਰੀ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ
ਨਿੱਜੀ ਪੱਤਰ ਪ੍ਰੇਰਕ
ਨਾਭਾ, 8 ਜੁਲਾਈ
ਸੂਬੇ ਦੇ ਸੂਚਨਾ ਕਮਿਸ਼ਨ ਨੇ ਬਿਨੈਕਾਰ ਨੂੰ ਸੂਚਨਾ ਦੇਣ ਵਿੱਚ ਟਾਲ ਮਟੋਲ ਕਰਨ ਵਾਲੇ ਨਾਭਾ ਪੰਚਾਇਤ ਵਿਭਾਗ ਦੇ ਲੋਕ ਸੂਚਨਾ ਅਧਿਕਾਰੀ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਇੱਥੋਂ ਦੇ ਪਿੰਡ ਥੂਹੀ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਪੰਚਾਇਤ ਥੂਹਾ ਪੱਤੀ ਦੇ ਕਾਰਵਾਈ ਰਜਿਸਟਰ ਦੀ ਕਾਪੀ, ਗ੍ਰਾਮ ਸਭਾਵਾਂ ਦੀ ਕਾਰਵਾਈ ਦੀ ਕਾਪੀ ਅਤੇ ਪੰਚਾਇਤ ਦੇ ਖਰਚੇ ਤੇ ਆਮਦਨ ਦਾ ਹਿਸਾਬ ਕਿਤਾਬ ਦਾ ਰਿਕਾਰਡ ਮੰਗਿਆ ਸੀ ਜੋ ਅਜੇ ਤੱਕ ਉਸ ਨੂੰ ਮੁਹੱਈਆ ਨਾ ਕਰਵਾਇਆ ਗਿਆ। ਸੂਚਨਾ ਨਾ ਮਿਲਣ ’ਤੇ ਬਿਨੈਕਾਰ ਵੱਲੋਂ ਸੂਚਨਾ ਕਮਿਸ਼ਨ ਨੂੰ ਜਦੋਂ ਸ਼ਿਕਾਇਤ ਭੇਜੀ ਗਈ ਤਾਂ ਵਿਭਾਗ ਵੱਲੋਂ ਕਮਿਸ਼ਨ ਦੀ ਹਦਾਇਤਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ। ਫਿਰ ਕਮਿਸ਼ਨ ਨੇ ਜਦੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤਾਂ ਜਵਾਬ ਵਿੱਚ ਇਹ ਕਹਿ ਦਿੱਤਾ ਗਿਆ ਕਿ ਪ੍ਰਾਰਥੀ ਸੂਚਨਾ ਲੈਣ ਨਹੀਂ ਆਇਆ। ਫਿਰ ਵਿਭਾਗ ਨੇ ਕਮਿਸ਼ਨ ਅੱਗੇ ਇਹ ਕਿਹਾ ਕਿ 6 ਜੂਨ 2024 ਨੂੰ ਡਾਕ ਰਾਹੀਂ ਸੂਚਨਾ ਭੇਜ ਦਿੱਤੀ ਗਈ ਹੈ ਪਰ ਬਿਨੈਕਾਰ ਨੂੰ ਸੂਚਿਤ ਨਾ ਕੀਤੇ ਜਾਣ ’ਤੇ ਕਮਿਸ਼ਨ ਵੱਲੋਂ ਵਿਭਾਗ ਨੂੰ ਮੁੜ ਖਿੱਚਿਆ ਗਿਆ ਅਤੇ ਫਿਰ 2 ਜੁਲਾਈ ਨੂੰ ਵਿਭਾਗ ਨੇ ਉਕਤ ਜਾਣਕਾਰੀ ਕਮਿਸ਼ਨ ਵਿੱਚ ਜਮ੍ਹਾਂ ਕਰਵਾਈ ਪਰ ਪ੍ਰਾਰਥੀ ਨੂੰ ਅਜੇ ਵੀ ਜਾਣਕਾਰੀ ਮਿਲਣੀ ਬਾਕੀ ਹੈ।
ਕਮਿਸ਼ਨ ਨੇ ਹੁਣ ਹੁਕਮ ਜਾਰੀ ਕੀਤਾ ਕਿ ਪ੍ਰਾਰਥੀ ਨੂੰ ਲੰਮਾ ਸਮਾਂ ਖੱਜਲ ਖੁਆਰ ਕੀਤਾ ਗਿਆ ਜਿਸ ਕਾਰਨ ਇੱਕ ਮਹੀਨੇ ਦੇ ਅੰਦਰ ਅੰਦਰ ਪ੍ਰਾਰਥੀ ਗੁਰਪ੍ਰੀਤ ਸਿੰਘ ਨੂੰ ਪੰਜ ਹਜ਼ਾਰ ਰੁਪਏ ਅਦਾ ਕਰਕੇ ਰਿਪੋਰਟ ਕੀਤਾ ਜਾਵੇ।