ਤਰਨ ਤਾਰਨ ਫੋਕਲ ਪੁਆਇੰਟ ਦੇ ਸਨਅਤਕਾਰਾਂ ਨੇ ਸੁਰੱਖਿਆ ਮੰਗੀ
ਪੱਤਰ ਪ੍ਰੇਰਕ
ਤਰਨ ਤਾਰਨ, 6 ਨਵੰਬਰ
ਇੱਥੋਂ ਦੇ ਫੋਕਲ ਪੁਆਇੰਟ ਦੇ ਇਕ ਸਨਅਤਕਾਰ ਕੋਲੋਂ ਬੀਤੇ ਕੱਲ੍ਹ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੇ ਉਸ ਦੀ ਫੈਕਟਰੀ ਦੇ ਗੇਟ ਵੱਲ ਗੋਲੀਆਂ ਚਲਾਉਣ ਦੀ ਘਟਨਾ ਦੀ ਤਰਨ ਤਾਰਨ ਫੋਕਲ ਪੁਆਇੰਟ ਐਸੋਸੀਏਸ਼ਨ ਨੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਨਅਤਕਾਰਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ|
ਫੋਕਲ ਪੁਆਇੰਟ ਦੇ 50 ਦੇ ਕਰੀਬ ਸਨਅਤਕਾਰਾਂ ਨੇ ਜਥੇਬੰਦੀ ਦੇ ਪ੍ਰਧਾਨ ਹਰਭਜਨ ਸਿੰਘ ਖਾਲਸਾ ਦੀ ਅਗਵਾਈ ਵਿੱਚ ਅੱਜ ਇੱਥੇ ਕੀਤੀ ਇਕ ਮੀਟਿੰਗ ਦੌਰਾਨ ਸ਼ਹਿਰ ਦੇ ਬਾਹਰਵਾਰ ਸਥਿਤ ਇਸ ਫੋਕਲ ਪੁਆਇੰਟ ਵਿੱਚ ਉਨ੍ਹਾਂ ਦੀ ਸੁਰੱਖਿਆ ਸਬੰਧੀ ਕੋਈ ਬੰਦੋਬਸਤ ਨਾ ਹੋਣ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇੱਥੇ ਸ਼ਾਮ ਢਲਦਿਆਂ ਹੀ ਇੱਥੇ ਸਮਾਜ ਵਿਰੋਧੀ ਅਨਸਰ ਵੀ ਸਰਗਰਮ ਹੋ ਜਾਂਦੇ ਹਨ| ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਰੋੜਾਂ ਰੁਪਏ ਜੀਐੱਸਟੀ ਦੇਣ ’ਤੇ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ| ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਦੇ ਨਾਲ ਹੀ ਸੰਘਣੀ ਆਬਾਦੀ ਤੇ ਬੱਸ ਅੱਡਾ ਹੋਣ ਕਰ ਕੇ ਇੱਥੇ ਦੇਰ ਸ਼ਾਮ ਤੱਕ ਆਮ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ ਅਤੇ ਔਰਤਾਂ ਤੋਂ ਝਪਟਮਾਰੀ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੈ| ਉਨ੍ਹਾਂ ਇੱਥੋਂ ਬੱਸ ਅੱਡਾ ਪੁਲੀਸ ਚੌਕੀ ਉਠਾਉਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨਾਲ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਹੋਰ ਵਧ ਗਏ ਹਨ।
ਉਨ੍ਹਾਂ ਸਨਅਤਕਾਰ ਤੋਂ ਫਿਰੌਤੀ ਮੰਗਣ ਤੇ ਫੈਕਟਰੀ ਵੱਲ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਜਿਲ੍ਹੇ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਫੈਸਲਾ ਲਿਆ। ਮੀਟਿੰਗ ਵਿੱਚ ਸਨਅਤਕਾਰ ਗੁਰਿੰਦਰ ਸਿੰਘ ਲੋਹੇਵਾਲੇ, ਸਾਬਕਾ ਕੌਂਸਲਰ ਸਰਬਰਿੰਦਰ ਸਿੰਘ, ਵਾਹਿਗੁਰੂ ਸਿੰਘ, ਲਖਵਿੰਦਰ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।