ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਦੇ ਸਨਅਤਕਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਿਆ

11:23 AM Sep 11, 2024 IST
ਮਸਲੇ ਹੱਲ ਨਾ ਹੋਣ ’ਤੇ ਸੰਘਰਸ਼ ਬਾਰੇ ਜਾਣਕਾਰੀ ਦਿੰਦੇ ਹੋਏ ਵਪਾਰੀ ਏਕਤਾ ਮੰਚ ਦੇ ਅਹੁਦੇਦਾਰ। -ਫੋਟੋ: ਪ੍ਰਦੀਪ ਤਿਵਾੜੀ

ਮੁਕੇਸ਼ ਕੁਮਾਰ
ਚੰਡੀਗੜ੍ਹ, 10 ਸਤੰਬਰ
ਚੰਡੀਗੜ੍ਹ ਸ਼ਹਿਰ ਦੇ ਸਨਅਤਕਾਰਾਂ ਨੇ ਆਪਣੀਆਂ ਮੰਗਾਂ ਪ੍ਰਤੀ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਤੋਂ ਨਿਰਾਸ਼ ਹੋ ਕੇ ਯੂਟੀ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਵਪਾਰੀ ਏਕਤਾ ਮੰਚ ਦੇ ਬੈਨਰ ਹੇਠ ਸ਼ਹਿਰ ਦੇ ਸਨਅਤਕਾਰਾਂ ਤੇ ਵਪਾਰੀਆਂ ਨੇ ‘ਕਰੋ ਜਾਂ ਮਰੋ’ ਦੀ ਨੀਤੀ ਅਖ਼ਤਿਆਰ ਕਰ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਤਹਿਤ 12 ਤੇ 13 ਸਤੰਬਰ ਨੂੰ ਸਨਅਤੀ ਖੇਤਰ ਦੀਆਂ ਇਕਾਈਆਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਨਅਤਕਾਰਾਂ ਨੇ ਐਲਾਨ ਕੀਤਾ ਕਿ ਪ੍ਰਸ਼ਾਸਨ ਦੇ ਸ਼ਹਿਰ ਦੇ ਸਨਅਤਕਾਰਾਂ ਤੇ ਵਪਾਰੀਆਂ ਪ੍ਰਤੀ ਵਿਤਕਰੇ ਵਾਲੇ ਰਵੱਈਏ ਅਤੇ ਕਾਰੋਬਾਰ ਵਿਰੋਧੀ ਫ਼ੈਸਲਿਆਂ ਕਾਰਨ ਸਨਅਤਕਾਰ ਤੇ ਵਪਾਰੀ ਚੰਡੀਗੜ੍ਹ ਛੱਡਣ ਲਈ ਮਜਬੂਰ ਹੋ ਜਾਣਗੇ।
ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਵਪਾਰੀ ਏਕਤਾ ਮੰਚ ਨੇ ਕਿਹਾ ਕਿ 12 ਤੇ 13 ਤਾਰੀਕ ਨੂੰ ਸਨਅਤੀ ਖੇਤਰ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਦੱਸਿਆ ਕਿ ਹੜਤਾਲ ਦੇ ਪਹਿਲੇ ਦਿਨ ਵਪਾਰੀ ਆਪਣੀਆਂ ਕਾਰਾਂ ਲੈ ਕੇ ਭੀਖ ਮੰਗਣਗੇ ਅਤੇ ਸਨਅਤਕਾਰਾਂ ਤੇ ਵਪਾਰੀਆਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਨੋਟਿਸਾਂ ਨੂੰ ਰੱਦ ਕਰਨ ਅਤੇ ਆਪਣੇ ਹਿੱਤਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਗੇ। ਹੜਤਾਲ ਦੇ ਦੂਜੇ ਦਿਨ 13 ਸਤੰਬਰ ਨੂੰ ਭੀਖ ਮੰਗ ਕੇ ਇਕੱਠੀ ਕੀਤੀ ਗਈ ਰਕਮ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਨੋਟਿਸਾਂ ਨੂੰ ਪ੍ਰਸ਼ਾਸਨ ਕੋਲ ਪਹੁੰਚਾਇਆ ਜਾਵੇਗਾ ਅਤੇ ਨੋਟਿਸ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਵਪਾਰੀ ਏਕਤਾ ਮੰਚ ਦੇ ਪ੍ਰਧਾਨ ਯੋਗੇਸ਼ ਕਪੂਰ ਅਤੇ ਸਕੱਤਰ ਦੀਪਕ ਸ਼ਰਮਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਇਸ ਤੋਂ ਬਾਅਦ ਵੀ ਰਾਜ਼ੀ ਨਹੀਂ ਹੋਇਆ ਤਾਂ ਸਮੂਹ ਵਪਾਰੀ ਆਪਣੇ ਕਾਰੋਬਾਰੀ ਭਵਨਾਂ ਨੂੰ ਜਿੰਦਰੇ ਲਗਾ ਕੇ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣਗੇ ਅਤੇ ਚੰਡੀਗੜ੍ਹ ਤੋਂ ਜਾਣ ਦੀ ਸਹੁੰ ਚੁੱਕਣਗੇ। ਸਨਅਤਕਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਤੰਗ ਕਰਨ ਲਈ ਲਗਾਤਾਰ ਭਵਨਾਂ ਦੀ ਦੁਰਵਰਤੋਂ ਅਤੇ ਉਲੰਘਣਾ ਦੇ ਨੋਟਿਸ ਭੇਜ ਰਿਹਾ ਹੈ। ਇਸ ਕਾਰਨ ਚੰਡੀਗੜ੍ਹ ਵਿੱਚ ਕਾਰੋਬਾਰ ਕਰਨਾ ਲਗਪਗ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਹੱਕੀ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵੀ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ 29 ਅਗਸਤ ਨੂੰ ਚੰਡੀਗੜ੍ਹ ਪ੍ਰਸ਼ਾਸਨ ਅਤੇ ਗ੍ਰਹਿ ਮੰਤਰਾਲੇ ਖ਼ਿਲਾਫ਼ ਆਪਣੀਆਂ ਮੰਗਾਂ ਸਬੰਧੀ ਟ੍ਰਿਬਿਊਨ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਸ਼ਹਿਰ ਵਿੱਚ ਰੋਸ ਰੈਲੀ ਵੀ ਕੀਤੀ ਸੀ। ਇਸ ਮੌਕੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸਨਅਤਕਾਰਾਂ ਨੇ ਪ੍ਰਸ਼ਾਸਨ ਨੂੰ ਦਸ ਦਿਨਾਂ ਦਾ ਅਲਟੀਮੇਟਮ ਦਿੱਤਾ ਸੀ ਕਿ ਜੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਗਰਸ਼ ਤੇਜ਼ ਕਰ ਦੇਣਗੇ ਅਤੇ ਕਾਰੋਬਾਰ ਬੰਦ ਕਰ ਦੇਣਗੇ। ਇਹ ਮਿਆਦ ਖ਼ਤਮ ਮਗਰੋਂ ਹੁਣ ਸਨਅਤਕਾਰ ਦੋ ਦਿਨ ਆਪਣੇ ਕਾਰੋਬਾਰ ਬੰਦ ਕਰ ਕੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨਗੇ।

Advertisement

Advertisement