ਸਨਅਤਕਾਰਾਂ ਨੇ ਮੀਤ ਹੇਅਰ ਦਾ ਪੁਤਲਾ ਫੂਕਿਆ
ਗੁਰਿੰਦਰ ਸਿੰਘ
ਲੁਧਿਆਣਾ, 20 ਜੁਲਾਈ
ਪੰਜਾਬ ਸਰਕਾਰ ਵੱਲੋਂ ਮਿਕਸ ਲੈਡ ਯੂਜ਼ ਅਧੀਨ ਆਉਂਦੇ 72 ਮਹੁੱਲਿਆਂ ਵਿੱਚ ਚੱਲਦੀ 50 ਹਜ਼ਾਰ ਦੇ ਕਰੀਬ ਇੰਡਸਟਰੀ ਦੀ ਸਤੰਬਰ 23 ਵਿੱਚ ਖਤਮ ਹੋਣ ਜਾ ਰਹੀ ਮਿਆਦ ਨੂੰ ਪੰਜ ਸਾਲ ਲਈ ਵਧਾਉਣ ਲਈ ਕੀਤੇ ਫ਼ੈਸਲੇ ਦੇ ਵਿਰੁੱਧ ਸਨਅਤੀ ਜਥੇਬੰਦੀਆਂ ਨੇ ਜ਼ੋਰਦਾਰ ਸੰਘਰਸ਼ ਕਰਨ ਦਾ ਐਲਾਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਪੁਤਲਾ ਫੂਕਿਆ ਹੈ। ਅੱਜ ਸਮਾਲ ਸਕੇਲ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਕਾਰਖਾਨੇਦਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਇਲਾਕਿਆ ਨੂੰ ਸਨਅਤੀ ਇਲਾਕਾ ਐਲਾਨੇ। ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੰਗ ਲਈ ਵੱਖ-ਵੱਖ ਸਨਅਤੀ ਜਥੇਬੰਦੀਆਂ ਵੱਲੋਂ ਧਰਨੇ ਅਤੇ ਭੁੱਖ ਹੜਤਾਲਾਂ ਕੀਤੀਆਂ ਗਈਆਂ ਸਨ ਪ੍ਰੰਤੂ ਸਾਇੰਸ ਅਤੇ ਤਕਨਾਲੋਜੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੁੱਝ ਸਨਅਤੀ ਆਗੂਆਂ ਨੂੰ ਚੰਡੀਗੜ੍ਹ ਬੁਲਾ ਕੇ ਸਨਅਤੀ ਇਲਾਕਾ ਐਲਾਨਣ ਦੀ ਬਜਾਏ ਇਸ ਨੂੰ ਜਿਵੇਂ ਦਾ ਤਿਵੇਂ ਰੱਖ ਕੇ ਇਸ ਦੀ ਸਮਾਂ ਸੀਮਾ ਪੰਜ ਸਾਲ ਲਈ ਹੋਰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਠੁਕਰਾਲ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮੰਗ ਨੂੰ ਪ੍ਰਵਾਨ ਨਾ ਕਰਨ ਕਾਰਨ ਸਨਅਤਕਾਰਾਂ ’ਤੇ ਉਜਾੜੇ ਦੀ ਤਲਵਾਰ ਲਟਕ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਇਲਾਕਿਆ ਨੂੰ ਸਨਅਤੀ ਇਲਾਕੇ ਨਾ ਐਲਾਨਿਆ ਗਿਆ ਤਾਂ ਉਹ ਅਗਲੇ ਦਨਿਾਂ ਵਿੱਚ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਣਗੇ ਅਤੇ ਸੰਘਰਸ਼ ਜਾਰੀ ਰੱਖਣਗੇ।