ਭਾਰਤੀ ਮੂਲ ਦੀ ਲੈਕਚਰਾਰ ਨੇ ‘ਨਾਈਨ ਯਾਰਡਸ ਸਾੜੀਜ਼’ ਲਈ ਸਿੰਗਾਪੁਰ ਸਾਹਿਤ ਪੁਰਸਕਾਰ ਜਿੱਤਿਆ
ਸਿੰਗਾਪੁਰ:
ਇੱਥੇ ਨਾਨਯਾਂਗ ਤਕਨੀਕੀ ਯੂਨਵਰਸਿਟੀ ’ਚ ਭਾਰਤੀ ਮੂਲ ਦੀ ਲੈਕਚਰਾਰ ਪ੍ਰਸ਼ਾਂਤੀ ਰਾਮ ਨੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਆਪਣੀ ਮਿਨੀ ਕਹਾਣੀ ‘ਨਾਈਨ ਯਾਰਡਸ ਸਾੜੀਜ਼’ ਲਈ ਸਿੰਗਾਪੁਰ ਸਾਹਿਤ ਪੁਰਸਕਾਰ ਜਿੱਤਿਆ ਹੈ। ਪ੍ਰਸ਼ਾਂਤੀ ਰਾਮ (32) ਦੀ ਇਹ ਪਲੇਠੀ ਰਚਨਾ 2023 ਵਿੱਚ ਪ੍ਰਕਾਸ਼ਿਤ ਹੋਈ ਸੀ। ਅਖਬਾਰ ‘ਦਿ ਸਟਰੇਟ ਟਾਈਮਜ਼’ ਦੀ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ। ਇਹ ਮਿਨੀ ਕਹਾਣੀ ਸਿੰਗਾਪੁਰ, ਸਿਡਨੀ, ਨਿਊਯਾਰਕ ਅਤੇ ਕੁਨੈਕਟੀਕਟ ਵਿੱਚ ਫੈਲੇ ਇੱਕ ਤਾਮਿਲ ਹਿੰਦੂ ਪਰਿਵਾਰ ਦੀਆਂ ਪੀੜ੍ਹੀਆਂ ਦੁਆਲੇ ਘੁੰਮਦੀ ਹੈ। ਪ੍ਰਸ਼ਾਂਤੀ ਨੇ ਆਪਣੀ ਰਚਨਾ ਲਈ ਐਵਾਰਡ ਮਿਲਣ ’ਤੇ ਕਿਹਾ, ‘ਮੈਨੂੰ ਬਿਲਕੁਲ ਯਕੀਨ ਨਹੀਂ ਹੋ ਰਿਹਾ। ਮੈਂ ਜੱਜਾਂ ਦੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ‘ਨਾਈਨ ਯਾਰਡਸ ਸਾੜੀਜ਼’ ਵਿੱਚ ਖੂਬੀਆਂ ਦੇਖੀਆਂ। ਮੈਂ ਇਹ ਕਿਤਾਬ ਆਪਣੇ ਮਰਹੂਮ ਪਿਤਾ ਦੀ ਦੇਖਭਾਲ ਕਰਦਿਆਂ ਲਿਖੀ ਸੀ।’ ਇਸ ਦੌਰਾਨ ਸਰਵੋਤਮ ਅੰਗਰੇਜ਼ੀ ਰਚਨਾਤਮਕ ਤੇ ਗ਼ੈਰਕਾਲਪਨਿਕ ਰਚਨਾ ਦਾ ਪੁਰਸਕਾਰ ਭਾਰਤੀ ਮੂਲ ਕਲਾਕਾਰ ਸ਼ੁਬਿਗੀ ਰਾਓ ਨੂੰ ‘ਪਲਪ ਥ੍ਰੀ: ਐਨ ਇੰਟੀਮੇਟ ਇਨਵੈਂਟਰੀ ਆਫ ਬੈਨਿਸ਼ਡ ਬੁੱਕ’ (2022) ਲਈ ਮਿਲਿਆ। -ਪੀਟੀਆਈ