ਭਾਰਤੀ ਜਲ ਸੈਨਾ ਨੇ ਅਰਬ ਸਾਗਰ ਤੇ ਅਦਨ ਦੀ ਖਾੜੀ ਵਿੱਚ ਨਿਗਰਾਨੀ ਵਧਾਈ
ਨਵੀਂ ਦਿੱਲੀ, 31 ਦਸੰਬਰ
ਭਾਰਤੀ ਜਲ ਸੈਨਾ ਨੇ ਕਾਰੋਬਾਰੀ ਸਮੁੰਦਰੀ ਜਹਾਜ਼ਾਂ ’ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੇ ਮੱਦੇਨਜ਼ਰ ਜੰਗੀ ਬੇੜੇ ਤਾਇਨਾਤ ਕਰ ਕੇ ਅਰਬ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਆਪਣੀ ਨਿਗਰਾਨੀ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਲਾਇਬੇਰੀਆ ਦੇ ਝੰਡੇ ਵਾਲੇ ਮਾਲਵਾਹਕ ਸਮੁੰਦਰੀ ਜਹਾਜ਼ ਐੱਮਵੀ ਚੈੱਮ ਪਲੂਟੋ, ਜਿਸ ਦੇ ਚਾਲਕ ਦਲ ਵਿੱਚ 21 ਭਾਰਤੀ ਸ਼ਾਮਲ ਸਨ, ’ਤੇ 23 ਦਸੰਬਰ ਨੂੰ ਭਾਰਤ ਦੇ ਪੱਛਮੀ ਤੱਟ ’ਤੇ ਇਕ ਡਰੋਨ ਹਮਲਾ ਹੋਇਆ ਸੀ। ਇਰਾਨ ਦੇ ਹੂਤੀ ਅਤਿਵਾਦੀਆਂ ਵੱਲੋਂ ਵੱਖ-ਵੱਖ ਕਾਰੋਬਾਰੀ ਸਮੁੰਦਰੀ ਬੇੜਿਆਂ ’ਤੇ ਕੀਤੇ ਗਏ ਹਮਲਿਆਂ ਦਰਮਿਆਨ ਵਾਪਰੀ ਇਸ ਘਟਨਾ ਨੇ ਸੁਰੱਖਿਆ ਸਬੰਧੀ ਚਿੰਤਾ ਵਧਾ ਦਿੱਤੀ।
ਇਸੇ ਦਿਨ ਇਕ ਹੋਰ ਕੱਚੇ ਤੇਲ ਦੇ ਟੈਂਕਰ ਐੱਮਵੀ ਸਾਈਂ ਬਾਬਾ ’ਤੇ ਦੱਖਣੀ ਲਾਲ ਸਾਗਰ ਵਿੱਚ ਇਕ ਸ਼ੱਕੀ ਡਰੋਨ ਹਮਲਾ ਹੋਇਆ ਸੀ। ਇਹ ਸ਼ੱਕੀ ਡਰੋਨ ਹਮਲਾ ਉਦੋਂ ਹੋਇਆ ਜਦੋਂ ਇਹ ਕਾਰੋਬਾਰੀ ਜਹਾਜ਼ ਭਾਰਤ ਵੱਲ ਆ ਰਿਹਾ ਸੀ। ਭਾਰਤੀ ਜਲ ਸੈਨਾ ਨੇ ਕਿਹਾ, ‘‘ਪਿਛਲੇ ਕੁਝ ਹਫਤਿਆਂ ਵਿੱਚ ਲਾਲ ਸਾਗਰ ਵਿੱਚ ਕੌਮਾਂਤਰੀ ਸ਼ਿਪਿੰਗ ਲੇਨਾਂ ਰਾਹੀਂ ਆਉਣ-ਜਾਣ ਵਾਲੇ ਕਾਰੋਬਾਰੀ ਸਮੁੰਦਰੀ ਜਹਾਜ਼ਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ।’’ ਭਾਰਤੀ ਜਲ ਸੈਨਾ ਨੇ ਇਕ ਬਿਆਨ ਵਿੱਚ ਕਿਹਾ, ‘‘ਭਾਰਤੀ ਤੱਟ ਤੋਂ ਕਰੀਬ 700 ਸਮੁੰਦਰੀ ਮੀਲ ਦੂਰ ਕਾਰੋਬਾਰੀ ਸਮੁੰਦਰੀ ਜਹਾਜ਼ ਐੱਮਵੀ ਰੁਏਨ ਨਾਲ ਵਾਪਰੀ ਸਮੁੰਦਰੀ ਡਾਕੂਆਂ ਦੀ ਘਟਨਾ ਅਤੇ ਹਾਲ ਹੀ ਵਿੱਚ ਐੱਮਵੀ ਚੈੱਮ ਪਲੂਟੋ ’ਤੇ ਹੋਇਆ ਡਰੋਨ ਹਮਲਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਭਾਰਤੀ ਐਕਸਕਲੂਸਿਵ ਇਕਨੌਮਿਕ ਜ਼ੋਨ ਨੇੜੇ ਸਮੁੰਦਰੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ।’’ ਜਲ ਸੈਨਾ ਨੇ ਕਿਹਾ, ‘‘ਇਨ੍ਹਾਂ ਘਟਨਾਵਾਂ ਨਾਲ ਨਜਿੱਠਣ ਲਈ ਭਾਰਤੀ ਜਲ ਸੈਨਾ ਨੇ ਕੇਂਦਰੀ/ਉੱਤਰੀ ਅਰਬ ਸਾਗਰ ਵਿੱਚ ਸਮੁੰਦਰੀ ਨਿਗਰਾਨੀ ਵਧਾਈ ਹੈ ਅਤੇ ਸੁਰੱਖਿਆ ਬਲਾਂ ਦਾ ਪੱਧਰ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ’ਤੇ ਕਾਰੋਬਾਰੀ ਸਮੁੰਦਰੀ ਬੇੜਿਆਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਅਤੇ ਸਮੁੰਦਰੀ ਸੁਰੱਖਿਆ ਵਧਾਉਣ ਲਈ ਟਾਸਕ ਗਰੁੱਪ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਮੁੰਦਰੀ ਬੇੜੇ ਸ਼ਾਮਲ ਹਨ।’’
ਭਾਰਤੀ ਜਲ ਸੈਨਾ ਨੇ ਕਿਹਾ, ‘‘ਸਮੁੰਦਰੀ ਸੁਰੱਖਿਆ ਦੇ ਮੱਦੇਨਜ਼ਰ ਲੰਬੀ ਦੂਰੀ ਵਾਲੇ ਸਮੁੰਦਰੀ ਗਸ਼ਤੀ ਹਵਾਈ ਜਹਾਜ਼ਾਂ ਅਤੇ ਰਿਮੋਟ ਨਾਲ ਚੱਲਣ ਵਾਲੇ ਹਵਾਈ ਜਹਾਜ਼ਾਂ ਨਾਲ ਨਿਗਰਾਨੀ ਵਧਾਈ ਗਈ ਹੈ। ਆਰਥਿਕ ਇਕਨੌਮਿਕ ਜ਼ੋਨ ਦੀ ਪ੍ਰਭਾਵੀ ਨਿਗਰਾਨੀ ਲਈ ਭਾਰਤੀ ਜਲ ਸੈਨਾ ਤੱਟ ਰੱਖਿਅਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਭਾਰਤੀ ਜਲ ਸੈਨਾ ਵੱਲੋਂ ਕੌਮੀ ਸਮੁੰਦਰੀ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਸਮੁੱਚੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।’’ -ਪੀਟੀਆਈ