For the best experience, open
https://m.punjabitribuneonline.com
on your mobile browser.
Advertisement

ਓਲੰਪਿਕ ਤਗ਼ਮਾ ਜਿੱਤ ਕੇ ਭਾਰਤੀ ਹਾਕੀ ਟੀਮ ਵਤਨ ਪਰਤੀ

09:09 AM Aug 11, 2024 IST
ਓਲੰਪਿਕ ਤਗ਼ਮਾ ਜਿੱਤ ਕੇ ਭਾਰਤੀ ਹਾਕੀ ਟੀਮ ਵਤਨ ਪਰਤੀ
ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ ਭਾਰਤੀ ਹਾਕੀ ਟੀਮ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 10 ਅਗਸਤ
ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਟੀਮ ਸਮੇਤ ਅੱਜ ਪੈਰਿਸ ਤੋਂ ਭਾਰਤ ਪੁੱਜੇ। ਹਾਲਾਂਕਿ ਸਮਾਪਤੀ ਸਮਾਰੋਹ ਦੇ ਮੱਦੇਨਜ਼ਰ ਕਾਂਸੀ ਦਾ ਤਗ਼ਮਾ ਜੇਤੂ ਟੀਮ ਦੇ ਸਾਰੇ ਮੈਂਬਰ ਹਾਲੇ ਵਾਪਸ ਨਹੀਂ ਆਏ ਹਨ। ਹੋਰ ਖਿਡਾਰੀਆਂ ਸਣੇ ਗੋਲਕੀਪਰ ਪੀਆਰ ਸ੍ਰੀਜੇਸ਼ ਵੀ ਪੈਰਿਸ ’ਚ ਹੀ ਹੈ ਅਤੇ ਉਹ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਗਮ ਮੌਕੇ ਨਿਸ਼ਾਨੇਬਾਜ਼ ਮਨੂ ਭਾਕਰ ਨਾਲ ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ। ਅਮਿਤ ਰੋਹੀਦਾਸ, ਰਾਜ ਕੁਮਾਰ ਪਾਲ, ਅਭਿਸ਼ੇਕ, ਸੁਖਜੀਤ ਸਿੰਘ ਅਤੇ ਸੰਜੇ ਵੀ ਹਾਲੇ ਪੈਰਿਸ ਵਿੱਚ ਹਨ। ਇਹ ਬੈਚ ਸਮਾਪਤੀ ਸਮਾਗਮ ਤੋਂ ਬਾਅਦ ਭਾਰਤ ਪਰਤੇਗਾ।
ਹਰਮਨਪ੍ਰੀਤ ਅਤੇ ਟੀਮ ਦੇ ਮੈਂਬਰਾਂ ਦਾ ਸਵੇਰੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪਹੁੰਚਣ ’ਤੇ ਹਾਰਾਂ ਅਤੇ ਢੋਲ-ਢਮੱਕੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਹਰਮਨਪ੍ਰੀਤ ਨੇ ਕਿਹਾ ਕਿ ਸਾਨੂੰ ਹਰ ਤਰ੍ਹਾਂ ਦਾ ਸਮਰਥਨ ਮਿਲਿਆ ਹੈ, ਮੈਂ ਸੱਚਮੁੱਚ ਧੰਨਵਾਦ ਕਰਨਾ ਚਾਹੁੰਦਾ ਹਾਂ, ਅਸੀਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਟੀਮ ਦੇ ਮੈਂਬਰਾਂ ਨੇ ਭੰਗੜਾ ਵੀ ਪਾਇਆ। ਹਰਮਨਪ੍ਰੀਤ ਨੇ ਆਖਿਆ, ‘‘ਹਾਕੀ ਲਈ ਇਹ ਵੱਡਾ ਮਾਅਰਕਾ ਹੈ। ਹਾਕੀ ਨੂੰ ਮਿਲੇ ਪਿਆਰ ਨੇ ਸਾਡੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਮੈਦਾਨ ’ਚ ਨਿੱਤਰੀਏ ਤਾਂ ਤਗ਼ਮਾ ਲੈ ਕੇ ਮੁੜੀਏ।’’ ਹਰਮਨਪ੍ਰੀਤ ਨੇ ਪੈਰਿਸ ਓਲੰਪਿਕ ’ਚ ਸਭ ਤੋਂ ਵੱਧ 10 ਗੋਲ ਦਾਗੇ। ਉਸ ਨੇ ਕਿਹਾ ਕਿ ਟੀਮ ਦਾ ਇਹ ਸਵਾਗਤ ਬੇਮਿਸਾਲ ਹੈ। ਹਰਮਨਪ੍ਰੀਤ ਮੁਤਾਬਕ, ‘‘ਇਹ ਦੇਖ ਕੇ ਬਹੁਤ ਵਧੀਆ ਲੱਗਾ ਕਿ ਭਾਰਤੀ ਪ੍ਰਸ਼ੰਸਕ ਸਾਡੇ ਸਵਾਗਤ ਲਈ ਇੱਥੇ ਆਏ। ਟੀਮ ਨੇ ਓਲੰਪਿਕ ਦੀ ਤਿਆਰੀ ’ਚ ਕੋਈ ਕਸਰ ਨਹੀਂ ਛੱਡੀ ਸੀ ਅਤੇ ਇਹ ਦੇਖ ਕੇ ਖੁਸ਼ੀ ਹੋਈ ਸਾਡੀ ਮਿਹਨਤ ਰੰਗ ਲਿਆਈ ਅਤੇ ਸਾਡੀ ਜਿੱਤ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ।’’ ਉਪ ਕਪਤਾਨ ਹਾਰਦਿਕ ਸਿੰਘ ਨੇ ਆਖਿਆ, ‘‘ਖਿਡਾਰੀਆਂ ਨੂੰ ਇੱਕ ਦੂਜੇ ’ਤੇ ਭਰੋਸਾ ਸੀ ਕਿ ਜੇ ਇੱਕ ਗਲਤੀ ਕਰੇਗਾ ਤਾਂ ਦੂਜਾ ਉਸ ਨੂੰ ਸੰਭਾਲ ਲਵੇਗਾ। ਇਸੇ ਕਰਕੇ ਅਸੀਂ ਸਰਵੋਤਮ ਪ੍ਰਦਰਸ਼ਨ ਕਰ ਸਕੇ। ਮੈਚਾਂ ਦੌਰਾਨ ਸ੍ਰੀਜੇਸ਼ ਕਈ ਸਾਡੇ ਸੰਕਟਮੋਚਕ ਬਣੇ।’’ -ਪੀਟੀਆਈ

ਅਪਟਨ ਤੇ ਬੂਟ ਕੈਂਪ ਨੇ ਸਾਨੂੰ ਮਜ਼ਬੂਤ ਬਣਾਇਆ: ਹਰਮਨਪ੍ਰੀਤ ਸਿੰਘ

Advertisement

ਨਵੀਂ ਦਿੱਲੀ: ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਰਿਸ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਦੇ ਸਫਰ ਦੌਰਾਨ ਆਪਣੇ ਖਿਡਾਰੀਆਂ ਦੇ ਸਬਰ ਦਾ ਸਿਹਰਾ ਮਾਨਸਿਕ ਅਨੁਕੂਲਨ (ਕੰਡੀਸ਼ਨਿੰਗ) ਕੋਚ ਪੈਡੀ ਅਪਟਨ ਅਤੇ ਸਵਿਟਜ਼ਰਲੈਂਡ ਦੇ ਐਡਵੈਂਚਰਰ ਮਾਈਕ ਹੌਰਨ ਨਾਲ ਤਿੰਨ ਰੋਜ਼ਾ ‘ਬੂਟ ਕੈਂਪ’ ਨੂੰ ਦਿੱਤਾ ਹੈ। ਹਰਮਨਪ੍ਰੀਤ ਨੇ ਅੱਜ ਇੱਥੇ ਕਿਹਾ, ‘‘ਯਕੀਨੀ ਤੌਰ ’ਤੇ ਟੀਮ ਦੀ ਮਾਨਸਿਕ ਦ੍ਰਿੜ੍ਹਤਾ ਪੂਰੀ ਤਰ੍ਹਾਂ ਵੱਖਰੀ ਹੈ। ਅਸੀਂ ਇੱਕਜੁੱਟ ਹਾਂ ਅਤੇ ਮੁਸ਼ਕਲ ਹਾਲਾਤ ’ਚ ਅਸੀਂ ਇੱਕ ਦੂਜੇ ਦਾ ਸਮਰਥਨ ਕੀਤਾ।’’ ਉਸ ਨੇ ਕਿਹਾ, ‘‘ਪਹਿਲੇ ਮੈਚ ਤੋਂ ਲੈ ਕੇ ਆਖ਼ਰੀ ਮੈਚ ਤੱਕ ਅਸੀਂ ਇੱਕ ਇਕਾਈ ਵਜੋਂ ਖੇਡੇ ਅਤੇ ਸੋਨ ਤਗ਼ਮੇ ਦੀ ਕੋਸ਼ਿਸ਼ ’ਚ ਇੱਕ ਦੂਜੇ ਦਾ ਸਮਰਥਨ ਕੀਤਾ। ਯਕੀਨੀ ਤੌਰ ’ਤੇ ਪੈਡੀ ਅਪਟਨ ਦੀ ਇਸ ਵਿੱਚ ਵੱਡੀ ਭੂਮਿਕਾ ਹੈ। ਓਲੰਪਿਕ ਤੋਂ ਪਹਿਲਾਂ ਮਾਈਕ ਹੌਰਨ ਨਾਲ ਤਿੰਨ ਰੋਜ਼ਾ ਕੈਂਪ ਨੇ ਵੀ ਸਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਇਆ, ਇਸ ਕਰਕੇ ਮਾਨਸਿਕ ਤੌਰ ’ਤੇ ਅਸੀਂ ਵਧੀਆ ਸਥਿਤੀ ਸੀ।’’ ਉਸ ਨੇ ਟੀਮ ਦੀ ਜਿੱਤ ’ਚ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਯੋਗਦਾਨ ਨੂੰ ਵੀ ਸਲਾਹਿਆ। ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਸ੍ਰੀਜੇਸ਼ ਤੇ ਮੈਂ ਭਰਾਵਾਂ ਵਾਂਗ ਹਾਂ, ਅਸੀਂ ਲੰਮੇ ਸਮੇਂ ਇਕੱਠੇ ਖੇਡ ਰਹੇ ਹਾਂ। ਮੈਂ ਚਾਹੁੰਦਾ ਹਾਂ ਉਹ ਕੁਝ ਹੋਰ ਸਾਲ ਖੇਡਣਾ ਜਾਰੀ ਰੱਖੇ ਪਰ ਆਖਰਕਾਰ ਇਹ ਪੂਰੀ ਤਰ੍ਹਾਂ ਉਸ ਦਾ ਨਿੱਜੀ ਫ਼ੈਸਲਾ ਹੈ ਅਤੇ ਸਾਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ। ਉਹ ਇੱਕ ਮਹਾਨ ਖਿਡਾਰੀ ਹੈ।’’ -ਪੀਟੀਆਈ

ਹਾਕੀ ਟੀਮ ਦੀ ਜਿੱਤ ਦ੍ਰਿੜ੍ਹਤਾ ਤੇ ਜਜ਼ਬੇ ਦਾ ਸਬੂਤ: ਖੇਡ ਮੰਤਰੀ

ਨਵੀਂ ਦਿੱਲੀ: ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਪੈਰਿਸ ਓਲੰਪਿਕ ’ਚ ਕਾਂਸੀ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਨੂੰ ਇੱਥੇ ਸਨਮਾਨਿਤ ਕਰਦਿਆਂ ਉਨ੍ਹਾਂ ਦ੍ਰਿੜ੍ਹਤਾ ਅਤੇ ਬੇਮਿਸਾਲ ਜਜ਼ਬੇ ਦੀ ਸ਼ਲਾਘਾ ਕੀਤੀ। ਮਾਂਡਵੀਆ ਨੇ ਟੀਮ ਨੂੰ ਕਿਹਾ, ‘‘ਤੁਸੀਂ ਭਾਰਤ ਦਾ ਮਾਣ ਵਧਾਇਆ ਹੈ ਅਤੇ ਲੱਖਾਂ ਨੌਜਵਾਨ ਖਿਡਾਰੀਆਂ ਨੂੰ ਆਪਣੇ ਸੁਫਨੇ ਪੂਰੇ ਕਰਨ ਪ੍ਰੇਰਿਆ ਹੈ।’’ ਉਨ੍ਹਾਂ ਨੇ ਖਿਡਾਰਆਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਨੂੰ ਸਲਾਹੁੰਦਿਆਂ ਆਖਿਆ ਕਿ ਆਲਮੀ ਪੱਧਰ ’ਤੇ ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਨੇ ਭਾਰਤ ਦਾ ਮਾਣ ਵਧਾਇਆ ਹੈ। ਮਾਂਡਵੀਆ ਨੇ ਆਖਿਆ, ‘‘ਪੂਰੇ ਮੁਲਕ ਨੂੰ ਤੁਹਾਡੀ ਪ੍ਰਾਪਤੀ ’ਤੇ ਮਾਣ ਹੈ। ਹਾਕੀ ਸਾਡੇ ਲਈ ਇੱਕ ਖੇਡ ਤੋਂ ਕਿਤੇ ਵੱਧ ਮਾਅਨੇ ਰੱਖਦੀ ਹੈ। ਇਹ ਸਾਡੇ ਮਾਣ ਦਾ ਪ੍ਰਤੀਕ ਹੈ।’’ -ਪੀਟੀਆਈ

ਅਸੀਂ ਫਾਈਨਲ ਖੇਡਣਾ ਚਾਹੁੰਦੇ ਸੀ ਪਰ ਕਾਂਸੇ ਤੋਂ ਵੀ ਖੁਸ਼ ਹਾਂ: ਮਨਪ੍ਰੀਤ ਸਿੰਘ

ਪਰਿਵਾਰ ਸਮੇਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਪੁੱਜਾ ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਕਾਂਸੀ ਦਾ ਤਗ਼ਮਾ ਦਿਖਾਉਂਦਾ ਹੋਇਆ। -ਫੋਟੋ: ਪੀਟੀਆਈ

ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਓਲੰਪਿਕ ’ਚ ਸੋਨਾ ਨਾ ਜਿੱਤ ਸਕਣਾ ਨਿਰਾਸ਼ਾਜਨਕ ਸੀ ਪਰ ਲਗਾਤਾਰ ਦੂਜੀ ਵਾਰ ਕਾਂਸੇ ਦਾ ਤਗ਼ਮਾ ਜਿੱਤਣਾ ਵੀ ਮਾੜੀ ਗੱਲ ਨਹੀਂ ਹੈ। ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਨੇ ਪੈਰਿਸ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਨੇ ਓਲੰਪਿਕ ’ਚ ਆਖਰੀ ਵਾਰ ਸੋਨ ਤਗ਼ਮਾ 1980 ’ਚ ਜਿੱਤਿਆ ਸੀ। ਪੈਰਿਸ ਤੋਂ ਪਰਤੇ ਮਨਪ੍ਰੀਤ ਸਿੰਘ ਨੇ ਆਖਿਆ, ‘‘ਬਹੁਤ ਵਧੀਆ ਲੱਗ ਰਿਹਾ ਹੈ। ਪਿਛਲੀ ਵਾਰ ਅਸੀਂ ਕਾਂਸੀ ਜਿੱਤੀ ਸੀ ਅਤੇ ਇਸ ਵਾਰ ਵੀ। ਟੀਮ ਫਾਈਨਲ ਖੇਡਣ ਦੇ ਇਰਾਦੇ ਨਾਲ ਗਈ ਸੀ ਪਰ ਜਿੱਤ ਨਹੀਂ ਸਕੀ। ਪਰ ਅਸੀਂ ਕਾਂਸਾ ਜਿੱਤਿਆ ਹੈ ਅਤੇ ਇੰਨਾ ਪਿਆਰ ਮਿਲਣ ਨਾਲ ਵਧੀਆ ਲੱਗ ਰਿਹਾ ਹੈ।’’ ਹਾਕੀ ਤੋਂ ਸੰਨਿਆਸ ਲੈਣ ਵਾਲੇ ਗੋਲਕੀਪਰ ਪੀਆਰ ਸ੍ਰੀਜੇਸ਼ ਬਾਰੇ ਉਸ ਨੇ ਆਖਿਆ, ‘‘ਸ੍ਰੀਜੇਸ਼ ਬਾਰੇ ਕੀ ਆਖਾਂ। ਉਸ ਨਾਲ 13 ਵਰ੍ਹੇ ਗੁਜ਼ਾਰੇ ਹਨ। ਉਹ ਮੇਰਾ ਸੀਨੀਅਰ ਸੀ ਤੇ ਉਸ ਨੇ ਮੇਰਾ ਮਾਰਗਦਰਸ਼ਨ ਕੀਤਾ। ਜਦੋਂ ਮੈਂ ਕਪਤਾਨ ਬਣਿਆ ਤਾਂ ਉਸ ਨੇ ਉਦੋਂ ਵੀ ਮੇਰੀ ਹਮਾਇਤ ਕੀਤੀ। ਉਸ ਨੇ ਮੈਨੂੰ ਹਮੇਸ਼ਾ ਪ੍ਰੇਰਿਆ ਹੈ। ਉਹ ਮਹਾਨ ਹੈ ਅਤੇ ਉਸ ਦੀ ਘਾਟ ਮੈਨੂੰ ਹਮੇਸ਼ਾ ਰੜਕੇਗੀ ਕਿਉਂਕਿ ਉਹ ਮੇਰੇ ਵੱਡੇ ਭਰਾ ਵਰਗਾ ਹੈ।’’ -ਪੀਟੀਆਈ

Advertisement
Author Image

Advertisement
×