For the best experience, open
https://m.punjabitribuneonline.com
on your mobile browser.
Advertisement

ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ

06:57 AM Oct 01, 2023 IST
ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ
ਵਿਕਰਮ ਦੋਰਾਈਸਵਾਮੀ ਦੀ ਕਾਰ ਘੇਰਦੇ ਹੋਏ ਖਾਲਿਸਤਾਨ ਹਮਾਇਤੀ।
Advertisement

ਲੰਡਨ, 30 ਸਤੰਬਰ
ਯੂਕੇ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ, ਜੋ ਕਿ ਇਸ ਹਫ਼ਤੇ ਸਕਾਟਲੈਂਡ ਦੇ ਦੌਰੇ ਉਤੇ ਸਨ, ਨੂੰ ਸ਼ੁੱਕਰਵਾਰ ਖਾਲਿਸਤਾਨ-ਪੱਖੀ ਕੱਟੜਵਾਦੀਆਂ ਨੇ ਇਕ ਗੁਰਦੁਆਰੇ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਭਾਰਤੀ ਹਾਈ ਕਮਿਸ਼ਨਰ ਅੱਜ ਮਿੱਥੇ ਪ੍ਰੋਗਰਾਮ ਮੁਤਾਬਕ ਗਲਾਸਗੋ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਏ ਸਨ ਜੋ ਕਿ ਅਲਬਰਟ ਡਰਾਈਵ ਉਤੇ ਪੈਂਦਾ ਹੈ। ‘ਸਿੱਖ ਯੂਥ ਯੂਕੇ’ ਦੇ ਮੈਂਬਰਾਂ ਵੱਲੋਂ ਪੋਸਟ ਵੀਡੀਓ ਵਿਚ ਉਨ੍ਹਾਂ ਦਾ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਟਕਰਾਅ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਨ੍ਹਾਂ ਵਿਚੋਂ ਕਈ ਹਾਈ ਕਮਿਸ਼ਨਰ ਦੀ ਕਾਰ ਵੱਲ ਜਾਂਦੇ ਹਨ ਤੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਹਿੰਦੇ ਹਨ। ਸਥਾਨਕ ਪੁਲੀਸ ਮੁਤਾਬਕ ਉਨ੍ਹਾਂ ਨੂੰ ਕਿਸੇ ‘ਗੜਬੜੀ’ ਦੀ ਸੂਚਨਾ ਦੇ ਕੇ ਫੋਨ ਕਰ ਕੇ ਮੌਕੇ ਉਤੇ ਸੱਦਿਆ ਗਿਆ ਸੀ ਤੇ ਜਾਂਚ ਜਾਰੀ ਹੈ। ਸਕਾਟਲੈਂਡ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ (29 ਸਤੰਬਰ) ਦੁਪਹਿਰ ਬਾਅਦ 1.05 ’ਤੇ ਫੋਨ ਆਇਆ, ਤੇ ਅਲਬਰਟ ਡਰਾਈਵ ਇਲਾਕੇ ਵਿਚ ‘ਗੜਬੜੀ’ ਵਾਲੀ ਥਾਂ ਸੱਦਿਆ ਗਿਆ। ਪੁਲੀਸ ਨੇ ਕਿਹਾ ਕਿ ਕਿਸੇ ਦੇ ਫੱਟੜ ਹੋਣ ਦੀ ਸੂਚਨਾ ਨਹੀਂ ਹੈ ਤੇ ‘ਸਾਰੀ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’ ਜ਼ਿਕਰਯੋਗ ਹੈ ਕਿ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ, ਜਿਸ ਨੂੰ ਭਾਰਤ ਨੇ ਅਤਵਿਾਦੀ ਐਲਾਨਿਆ ਹੋਇਆ ਹੈ, ਦੀ ਸਰੀ ਵਿਚ ਹੋਈ ਹੱਤਿਆ ਦੇ ਮਾਮਲੇ ’ਚ ਭਾਰਤ ਤੇ ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਇਸ ਹੱਤਿਆ ਵਿਚ ‘ਭਾਰਤੀ ਏਜੰਟਾਂ’ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਜਦਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਵੀਡੀਓ ਵਿਚ ਇਕ ਸਿੱਖ ਵਿਅਕਤੀ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ, ‘ਬਿਲਕੁਲ ਇਸੇ ਤਰੀਕੇ ਨਾਲ ਸਾਨੂੰ ਕਿਸੇ ਭਾਰਤੀ ਰਾਜਦੂਤ ਦਾ ਸਵਾਗਤ ਕਰਨਾ ਚਾਹੀਦਾ ਹੈ, ਭਾਰਤ ਸਰਕਾਰ ਵਿਚੋਂ ਕਿਸੇ ਦਾ ਵੀ, ਜੋ ਅਧਿਕਾਰਤ ਤੌਰ ’ਤੇ ਆਉਂਦਾ ਹੈ, ਤੇ ਭਾਵੇਂ ਇਹ ਵੀ ਕਹਿੰਦਾ ਹੈ ਕਿ ਉਹ ਤਾਂ ਵੀਜ਼ਾ ਅਰਜ਼ੀਆਂ ਦੇਖ ਰਿਹਾ ਹੈ ਜਾਂ ਕੁਝ ਵੀ ਹੋਰ।’ ਹਾਈ ਕਮਿਸ਼ਨਰ ਸਕਾਟਲੈਂਡ ਦੇ ਦੋ ਦਿਨਾਂ ਦੇ ਦੌਰੇ ਉਤੇ ਆਏ ਸਨ।
ਇਸ ਦੌਰਾਨ ਉਨ੍ਹਾਂ ਸਥਾਨਕ ਸਿਆਸੀ ਆਗੂਆਂ, ਭਾਰਤੀ ਭਾਈਚਾਰੇ ਦੇ ਮੈਂਬਰਾਂ, ਕਾਰੋਬਾਰੀ ਆਗੂਆਂ ਤੇ ਯੂਨੀਵਰਸਿਟੀ ਗਰੁੱਪਾਂ ਨਾਲ ਮੁਲਾਕਾਤਾਂ ਕੀਤੀਆਂ ਹਨ। ਦੌਰੇ ਦੇ ਆਖ਼ਰੀ ਪੜਾਅ ਵਿਚ ਉਹ ਗੁਰਦੁਆਰੇ ਗਏ ਸਨ ਜਿੱਥੇ ਇਹ ਘਟਨਾ ਵਾਪਰੀ। ਮਾਮਲੇ ਦੇ ਜਾਣਕਾਰ ਅਧਿਕਾਰੀਆਂ ਮੁਤਾਬਕ, ਗੁਰਦੁਆਰੇ ਵਿਚ ਇਹ ਮੀਟਿੰਗ ਗੁਰਦੁਆਰਾ ਕਮੇਟੀ ਦੀ ਬੇਨਤੀ ਉਤੇ ਬਾਕੀ ਪ੍ਰੋਗਰਾਮਾਂ ਦੇ ਨਾਲ ਹੀ ਰੱਖੀ ਗਈ ਸੀ। ਇਸ ਤਹਿਤ ਉਨ੍ਹਾਂ ਸਿੱਖ ਗਰੁੱਪਾਂ ਨਾਲ ਮੁਲਾਕਾਤ ਕਰਨੀ ਸੀ ਤੇ ਕੌਂਸੁਲਰ ਅਤੇ ਹੋਰਨਾਂ ਮਾਮਲਿਆਂ ’ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨੀਆਂ ਸਨ। ਸੂਤਰਾਂ ਮੁਤਾਬਕ ਕੁਝ ਬਾਹਰਲੇ ਵਿਅਕਤੀਆਂ ਤੇ ਕੱਟੜਵਾਦੀ ਤੱਤਾਂ ਵੱਲੋਂ ਦਿੱਤੇ ਬੇਲੋੜੇ ਦਖ਼ਲ ਕਾਰਨ ਹਾਈ ਕਮਿਸ਼ਨਰ ਤੇ ਸ਼ਹਿਰ ਦੇ ਬਹੁਗਿਣਤੀ ਸ਼ਾਂਤੀ-ਪਸੰਦ ਸਿੱਖਾਂ ਵਿਚਾਲੇ ਇਹ ਮੁਲਾਕਾਤ ਨਹੀਂ ਹੋ ਸਕੀ। ਦੱਸਣਯੋਗ ਹੈ ਕਿ ਸਕਾਟਲੈਂਡ ਦੇ ਫਸਟ ਮਨਿਸਟਰ ਹਮਜ਼ਾ ਯੂਸਫ਼ ਨਾਲ ਭਾਰਤੀ ਹਾਈ ਕਮਿਸ਼ਨਰ ਦੀ ਹੋਈ ਮੁਲਾਕਾਤ ਵਿਚ ਬਰਤਾਨਵੀ ਸਿੱਖ ਜਗਤਾਰ ਸਿੰਘ ਜੌਹਲ ਦਾ ਮੁੱਦਾ ਵੀ ਉੱਭਰਿਆ ਸੀ, ਜੋ ਅਤਵਿਾਦ ਦੇ ਦੋਸ਼ਾਂ ਹੇਠ ਭਾਰਤੀ ਜੇਲ੍ਹ ਵਿਚ ਹੈ। ਭਾਰਤੀ ਹਾਈ ਕਮਿਸ਼ਨਰ ਨੇ ਟਵੀਟ ਕੀਤਾ ਕਿ ਜੌਹਲ ਦੇ ਕੇਸ ਵਿਚ ਕਾਨੂੰਨੀ ਪ੍ਰਕਿਰਿਆ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ, ਜਿਸ ’ਤੇ ਅਤਵਿਾਦ ਦੇ 8 ਗੰਭੀਰ ਦੋਸ਼ ਹਨ। -ਪੀਟੀਆਈ

Advertisement

ਮਨਜਿੰਦਰ ਸਿਰਸਾ ਵੱਲੋਂ ਹਾਈ ਕਮਿਸ਼ਨਰ ਨੂੰ ਰੋਕਣ ਦੀ ਨਿਖੇਧੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਕਾਟਲੈਂਡ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕਣ ਦੀ ਨਿਖੇਧੀ ਕੀਤੀ ਹੈ। ਇੱਥੇ ਜਾਰੀ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਗੁਰਦੁਆਰਾ ਸਾਹਿਬਾਨ ਦੇ ਚਾਰ ਦਰਵਾਜ਼ੇ ਇਸ ਕਰ ਕੇ ਰੱਖੇ ਸਨ ਕਿ ਕਿਸੇ ਵੀ ਧਰਮ ਜਾਂ ਜਾਤੀ ਦਾ ਵਿਅਕਤੀ ਬਿਨਾ ਕਿਸੇ ਰੁਕਾਵਟ ਦੇ ਗੁਰਦੁਆਰਾ ਸਾਹਿਬ ਵਿਚ ਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਸਕੇ। ਸਿਰਸਾ ਨੇ ਕਿਹਾ ਕਿ ਸਿਰਫ ਕੁਝ ਗਿਣਤੀ ਦੇ ਲੋਕ ਹਨ ਜੋ ਕਿਸੇ ਨੂੰ ਗੁਰਦੁਆਰਾ ਸਾਹਿਬ ਵਿਚ ਆਉਣ ਤੋਂ ਰੋਕਣ ਵਰਗੀਆਂ ਹਰਕਤਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਖਣਾ ਬਹੁਤ ਹੀ ਦੁਖਦਾਈ ਹੈ ਕਿ ਕੌਮ ਦੇ ਕੁਝ ਸੀਮਤ ਗਿਣਤੀ ਦੇ ਲੋਕ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੁੰਦੇ ਹਨ, ਪਰ ਸਮੁੱਚੀ ਕੌਮ ਦੀ ਬਦਨਾਮੀ ਹੁੰਦੀ ਹੈ।

Advertisement

ਭਾਰਤ ਨੇ ਮਾਮਲਾ ਬਰਤਾਨੀਆ ਸਰਕਾਰ ਦੇ ਧਿਆਨ ’ਚ ਲਿਆਂਦਾ

ਲੰਡਨ: ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ ਤੇ ਮਾਮਲਾ ਬਰਤਾਨੀਆ ਸਰਕਾਰ ਦੇ ਧਿਆਨ ਵਿਚ ਲਿਆਂਦਾ ਹੈ। ਭਾਰਤੀ ਮਿਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਕਾਟਲੈਂਡ ਤੋਂ ਬਾਹਰਲੇ ਤਿੰਨ ਵਿਅਕਤੀਆਂ ਨੇ ਸ਼ੁੱਕਰਵਾਰ ਸ਼ਾਮ ‘ਜਾਣਬੁੱਝ ਕੇ ਹਾਈ ਕਮਿਸ਼ਨਰ ਦੇ ਦੌਰੇ ’ਚ ਵਿਘਨ ਪਾਇਆ’, ਤੇ ਇਕ ਨੇ ਤਾਂ ਉਸ ਵੇਲੇ ਹਿੰਸਕ ਢੰਗ ਨਾਲ ਡਿਪਲੋਮੈਟਿਕ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਸੀਨੀਅਰ ਡਿਪਲੋਮੈਟ ਗੁਰਦੁਆਰੇ ਪਹੁੰਚੇ। ਜਵਿੇਂ ਹੀ ਉਨ੍ਹਾਂ ਧਮਕੀਆਂ ਦਿੱਤੀਆਂ ਤੇ ਮਾੜੀ ਸ਼ਬਦਾਵਲੀ ਵਰਤੀ, ਹਾਈ ਕਮਿਸ਼ਨਰ ਤੇ ਕੌਂਸੁਲ ਜਨਰਲ ਨੇ ਹੋਰ ਟਕਰਾਅ ਨੂੰ ਟਾਲਣ ਲਈ ਉੱਥੋਂ ਜਾਣ ਦਾ ਫ਼ੈਸਲਾ ਲਿਆ।’ ਉਨ੍ਹਾਂ ਕਿਹਾ ਕਿ ਹਾਈ ਕਮਿਸ਼ਨਰ ਦੀ ਕਾਰ ਦਾ ਦਰਵਾਜ਼ਾ ਹਿੰਸਕ ਢੰਗ ਨਾਲ ਜਬਰੀ ਖੋਲ੍ਹਣ ਦੇ ਮਾਮਲੇ ਵਿਚ ਢੁੱਕਵੀਂ ਪੁਲੀਸ ਕਾਰਵਾਈ ਲੋੜੀਂਦੀ ਹੈ। ਬਿਆਨ ਵਿਚ ਕਿਹਾ ਗਿਆ ਕਿ ‘ਪ੍ਰਬੰਧਕਾਂ ਵੱਲੋਂ ਤੁਰੰਤ ਵਿਚ ਪੈਣ ਨਾਲ ਵੱਡੀ ਘਟਨਾ ਵਾਪਰਨ ਤੋਂ ਟਲ ਗਈ, ਉਨ੍ਹਾਂ ਖ਼ੁਦ ਕਾਰ ਦੇ ਦਰਵਾਜ਼ੇ ਕੋਲ ਜਾ ਕੇ ਦਖ਼ਲ ਦਿੱਤਾ ਤੇ ਉਨ੍ਹਾਂ ਨੂੰ ਰੋਕਿਆ।’ ਹਾਈ ਕਮਿਸ਼ਨ ਨੇ ਇਹ ਮਾਮਲਾ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐਫਸੀਡੀਓ) ਅਤੇ ਮੈਟਰੋਪੌਲੀਟਨ ਪੁਲੀਸ ਕੋਲ ਉਠਾਇਆ ਹੈ। ਹਿੰਦ-ਪ੍ਰਸ਼ਾਂਤ ਬਾਰੇ ਐਫਸੀਡੀਓ ਦੇ ਮੰਤਰੀ ਨੇ ਸੋਸ਼ਲ ਮੀਡੀਆ ਉਤੇ ਘਟਨਾ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਐਨੀ-ਮੈਰੀ ਟਰੇਵਲਿਆਨ ਨੇ ਐਕਸ ’ਤੇ ਲਿਖਿਆ, ‘ਗਲਾਸਗੋ ਦੇ ਗੁਰਦੁਆਰੇ ਦੀ ਘਟਨਾ ਨੂੰ ਦੇਖ ਕੇ ਮੈਂ ਚਿੰਤਤ ਹਾਂ, ਵਿਦੇਸ਼ੀ ਡਿਪਲੋਮੈਟਾਂ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ, ਤੇ ਬਰਤਾਨੀਆ ਵਿਚ ਸਾਡੇ ਧਾਰਮਿਕ ਸਥਾਨ ਸਾਰਿਆਂ ਲਈ ਖੁੱਲ੍ਹੇ ਹੋਣੇ ਚਾਹੀਦੇ ਹਨ।’ ਗੁਰਦੁਆਰਾ ਕਮੇਟੀ ਤੇ ਸਥਾਨਕ ਸਿੱਖ ਭਾਈਚਾਰੇ ਦੇ ਆਗੂਆਂ ਨੇ ਘਟਨਾ ’ਤੇ ਅਫ਼ਸੋਸ ਜ਼ਾਹਿਰ ਕੀਤਾ ਹੈ ਤੇ ਅਥਾਰਿਟੀ ਨੂੰ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਕਿਹਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement