ਭਾਰਤੀ-ਅਮਰੀਕੀ ਕਾਰੋਬਾਰੀ ਨੇ ਹੈਰਿਸ ਲਈ ਗੀਤ ਜਾਰੀ ਕੀਤਾ
ਵਾਸ਼ਿੰਗਟਨ, 9 ਸਤੰਬਰ
ਡੈਮੋਕਰੈਟਿਕ ਪਾਰਟੀ ਲਈ ਪੈਸੇ ਇਕੱਤਰ ਕਰਨ ਵਾਲੇ ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਜੈਨ ਭੂਟੋਰੀਆ ਨੇ ਰਾਸ਼ਟਰਪਤੀ ਚੋਣ ਦੀ ਉਮੀਦਵਾਰ ਕਮਲਾ ਹੈਰਿਸ ਲਈ ਦੱਖਣੀ ਏਸ਼ਿਆਈ ਲੋਕਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਸੰਗੀਤ ਵੀਡੀਓ ਜਾਰੀ ਕੀਤਾ ਹੈ। ਗੀਤ ‘ਨਾਚੋ ਨਾਚੋ’ ਬਾਲੀਵੁੱਡ ਗਾਇਕਾ ਸ਼ਿਬਾਨੀ ਕਸ਼ਯਪ ਨੇ ਗਾਇਆ ਹੈ ਅਤੇ ਰਿਤੇਸ਼ ਪਾਰਿਖ ਨੇ ਇਸ ਨੂੰ ਤਿਆਰ ਕੀਤਾ ਹੈ। ਹੈਰਿਸ ਦੀ ਕੌਮੀ ਵਿੱਤੀ ਕਮੇਟੀ ਦੇ ਮੈਂਬਰ ਭੂਟੋਰੀਆ ਨੇ ਕਿਹਾ ਕਿ ‘ਨਾਚੋ ਨਾਚੋ’ ਸਿਰਫ਼ ਇਕ ਗੀਤ ਨਹੀਂ ਹੈ ਸਗੋਂ ਇਕ ਅੰਦੋਲਨ ਹੈ। ਉਨ੍ਹਾਂ ਕਿਹਾ, ‘ਇਸ ਮੁਹਿੰਮ ਦਾ ਉਦੇਸ਼ ਅਹਿਮ ਜ਼ਿਲ੍ਹਿਆਂ ਅਤੇ ਸੂਬਿਆਂ ’ਚ ਵੱਖ ਵੱਖ ਦੱਖਣੀ ਏਸ਼ਿਆਈ-ਅਮਰੀਕੀ ਫਿਰਕੇ ਨੂੰ ਜੋੜਨਾ ਹੈ। 44 ਲੱਖ ਤੋਂ ਵਧ ਭਾਰਤੀ-ਅਮਰੀਕੀ ਅਤੇ 60 ਲੱਖ ਦੱਖਣੀ ਏਸ਼ਿਆਈ ਇਥੇ ਵੋਟਿੰਗ ਦੇ ਯੋਗ ਹਨ ਅਤੇ ਸਾਡਾ ਟੀਚਾ 2024 ’ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਿੱਤ ਦਿਵਾਉਣ ’ਚ ਸਹਾਇਤਾ ਕਰਨਾ ਹੈ।’ ਉਨ੍ਹਾਂ ਕਿਹਾ ਕਿ ਇਹ ਵੀਡੀਓ ਭਾਸ਼ਾ ਅਤੇ ਸੱਭਿਆਚਾਰਕ ਅੜਿੱਕਿਆਂ ਨੂੰ ਤੋੜ ਕੇ ਹਿੰਦੀ, ਪੰਜਾਬੀ, ਤਾਮਿਲ, ਤੇਲਗੂ, ਗੁਜਰਾਤੀ, ਬਾਂਗਲਾ ਅਤੇ ਹੋਰ ਭਾਸ਼ਾਵਾਂ ਬੋਲਣ ਵਾਲੇ ਵੋਟਰਾਂ ਤੱਕ ਸੁਨੇਹਾ ਪਹੁੰਚਾਏਗਾ। ਉਨ੍ਹਾਂ ਕਿਹਾ ਕਿ 2020 ’ਚ ਪਹਿਲੀ ਦੱਖਣ ਏਸ਼ਿਆਈ ਅਤੇ ਅਫ਼ਰੀਕੀ-ਅਮਰੀਕੀ ਮਹਿਲਾ ਨੂੰ ਚੁਣ ਕੇ ਉਪ ਰਾਸ਼ਟਰਪਤੀ ਬਣਾਇਆ ਸੀ ਅਤੇ ਐਤਕੀਂ ਉਸ ਨੂੰ (ਕਮਲਾ ਹੈਰਿਸ) ਦੇਸ਼ ਦਾ ਅਗਲਾ ਰਾਸ਼ਟਰਪਤੀ ਬਣਾਉਣ ਦਾ ਸਮਾਂ ਹੈ। -ਪੀਟੀਆਈ