ਕਰਜ਼ਦਾਰ ਸਰਕਾਰ ਪੰਜਾਬ ਦੇ ਵਿਕਾਸ ਲਈ ਕੁਝ ਨਹੀਂ ਦੇ ਸਕਦੀ: ਬਿੱਟੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਦਸੰਬਰ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਏ ਹਨ ਕਿ ਨਿਗਮ ਚੋਣਾਂ ਦੌਰਾਨ ਪੁਲੀਸ ਵੱਲੋਂ ਭਾਜਪਾ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਤੇ ਨਾਮਜ਼ਦਗੀਆਂ ਭਰਨ ਲਈ ਐੱਨਓਸੀ ਨਹੀਂ ਦਿੱਤੀ ਜਾ ਰਹੀ। ਇਸ ਦੇ ਨਾਲ ਹੀ ‘ਆਪ’ ਕਾਰਕੁਨ ਉਨ੍ਹਾਂ ਦੇ ਉਮੀਦਵਾਰਾਂ ਨੂੰ ਧਮਕਾ ਰਹੇ ਹਨ ਤੇ ਨਾਮਜ਼ਦਗੀ ਫਾਰਮ ਖੋਹ ਕੇ ਪਾੜੇ ਜਾ ਰਹੇ ਹਨ ਪਰ ਪੁਲੀਸ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਕਰ ਰਹੀ। ਪ੍ਰੈੱਸ ਕਾਨਫਰੰਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਕਰਜ਼ਦਾਰ ਹੋਣ ਕਾਰਨ ਪਟਿਆਲਾ ਦੇ ਵਿਕਾਸ ਲਈ ਕੁਝ ਨਹੀਂ ਦੇ ਸਕਦੀ। ਇਸ ਲਈ ਲੋਕ ਭਾਜਪਾ ਦੇ ਹੱਕ ’ਚ ਫ਼ਤਵਾ ਦੇਣ ਤਾਂ ਜੋ ਭਾਜਪਾ ਦਾ ਮੇਅਰ ਬਣਾ ਕੇ ਕੇਂਦਰ ਸਰਕਾਰ ਤੋਂ ਫੰਡ ਪ੍ਰਾਪਤ ਕੀਤੇ ਜਾ ਸਕਣ।
ਇੱਥੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਆਈਪੀਐੱਸ ਤੇ ਆਈਏਐੱਸ ਅਧਿਕਾਰੀ ਲੋਕਤੰਤਰਿਕ ਪ੍ਰਕਿਰਿਆ ’ਚ ਵਿਘਨ ਪਾਉਣ ਵਾਲ਼ੀਆਂ ਚਾਲਾਂ ਤੋਂ ਗੁਰੇਜ ਕਰਨ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਪ੍ਰਸ਼ਾਸਨਿਕ ਜਾਂ ਕੋਈ ਪੁਲੀਸ ਅਧਿਕਾਰੀ ‘ਆਪ’ ਸਰਕਾਰ ਦੇ ਆਖੇ ਲੱਗ ਕੇ ਭਾਜਪਾ ਕਾਰਕੁਨਾਂ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਸ ਖ਼ਿਲਾਫ਼ ਚੋਣ ਕਮਿਸ਼ਨ ਜਾਂ ਅਦਾਲਤ ਰਾਹੀਂ ਪੁਲੀਸ ਕੇਸ ਵੀ ਦਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ।
ਮੰਤਰੀ ਨੇ ਦੱਸਿਆ ਕਿ ਉਮੀਦਵਾਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ ਨੂੰ ਅੱਧੀ ਰਾਤੋਂ ਉਨ੍ਹਾ ਦੇ ਘਰ ਦੇ ਬਾਹਰ ਆ ਕੇ ਡੇਢ ਦਰਜਨ ਵਿਅਕਤੀਆਂ ਵੱਲੋਂ ਧਮਕਾਉਣ ਦੀ ਕੋਸ਼ਿਸ਼ ਕੀਤੀ। ਮੰਤਰੀ ਨੇ ਕਿਹਾ ਕਿ ਘਨੌਰ ਦੇ ਵਾਰਡ ਨੰਬਰ-2 ਤੋਂ ਭਾਜਪਾ ਉਮੀਦਵਾਰ ਗੌਤਮ ਸੂਦ ਨੂੰ ਅੱਜ ਤੜਕੇ ਪੁਲੀਸ ਕਿਸੇ ਨਾਲ ਗਾਲ਼ੀ-ਗਲੋਚ ਕਰਨ ਦੇ ਬੇਬੁਨਿਆਦ ਦੋਸ਼ ਲਾ ਕੇ ਉਸ ਦੇ ਘਰੋਂ ਚੁੱਕ ਲਿਆ। ਇਸ ਕਾਰਨ ਭਾਜਪਾ ਕਾਰਕੁਨਾਂ ਨੂੰ ਥਾਣੇ ਅੱਗੇ ਧਰਨਾ ਲਾਉਣਾ ਪਿਆ। ਇਸੇ ਦੌਰਾਨ ਬਾਅਦ ਵਿੱਚ ਰਵਨੀਤ ਬਿੱਟੂ ਵੀ ਘਨੌਰ ਥਾਣੇ ਪੁੱਜੇ ਅਤੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ ’ਚ ਇੱਕ ‘ਆਪ’ ਆਗੂ ਨੇ ਵਿਜੈ ਕੂਕਾ ਤੋਂ ਨਾਮਜ਼ਦਗੀ ਵਾਲ਼ੀ ਫਾਈਲ ਖੋਹ ਕੇ ਪਾੜ ਦਿੱਤੀ।
ਇਸ ਮੌਕੇ ਸਾਬਕਾ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਬਿਕਰਮਜੀਤ ਚੀਮਾ, ਭਾਜਪਾ ਮਹਿਲਾ ਮੋਰਚੇ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ, ਸੂਬਾਈ ਆਗੂ ਹਰਵਿੰਦਰ ਹਰਪਾਲਪੁਰ, ਕੰਵਰਵੀਰ ਟੌਹੜਾ ਆਦਿ ਵੀ ਮੌਜੂਦ ਸਨ।