ਘੱਗਰ ’ਚ ਵਧੇ ਪਾਣੀ ਦੇ ਪੱਧਰ ਨੇ ਲੋਕਾਂ ਦੀ ਚਿੰਤਾ ਵਧਾਈ
ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਗਸਤ
ਘੱਗਰ ਦਰਿਆ ਵਿੱਚ ਕਰੀਬ ਡੇਢ ਮਹੀਨੇ ਦੌਰਾਨ ਤੀਜੀ ਵਾਰ ਪਾਣੀ ਦਾ ਪੱਧਰ ਮੁੜ ਵਧਣ ਲੱਗਿਆ ਹੈ। ਭਾਵੇਂ ਕਿ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਚਾਰ ਫੁੱਟ ਹੇਠਾਂ ਵਗ ਰਿਹਾ ਹੈ ਪਰ ਲੋਕਾਂ ਨੂੰ ਘੱਗਰ ਦੀ ਮਾਰ ਦਾ ਮੁੜ ਡਰ ਸਤਾ ਰਿਹਾ ਹੈ ਕਿਉਂਕਿ ਪਿਛਲੇ ਮਹੀਨੇ ਹੀ ਖਨੌਰੀ ਅਤੇ ਮੂਨਕ ਇਲਾਕੇ ਦੇ ਲੋਕ ਘੱਗਰ ’ਚ ਆਏ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਚੁੱਕੇ ਹਨ। ਜੁਲਾਈ ਮਹੀਨੇ ਦੇ ਦੂਜੇ ਹਫ਼ਤੇ ਘੱਗਰ ਦਰਿਆ ’ਚ ਆਏ ਹੜ੍ਹਾਂ ਨੇ ਮੂਨਕ ਅਤੇ ਖਨੌਰੀ ਇਲਾਕੇ ’ਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਕਰ ਦਿੱਤੀ ਸੀ ਅਤੇ ਲੋਕਾਂ ਨੂੰ ਹੋਰ ਵੀ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ ਸੀ। ਫ਼ਿਰ ਦੂਜੀ ਵਾਰ 16 ਅਗਸਤ ਨੂੰ ਘੱਗਰ ’ਚ ਪਾਣੀ ਦਾ ਪੱਧਰ ਵਧ ਗਿਆ ਸੀ, ਜੋ 17 ਅਗਸਤ ਨੂੰ 746.1 ਫੁੱਟ ’ਤੇ ਪੁੱਜ ਗਿਆ ਸੀ। ਭਾਵ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਸੀ ਪਰ ਫਿਰ 18 ਅਗਸਤ ਨੂੰ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ, ਜਿਸ ਕਾਰਨ ਬਚਾਅ ਹੋ ਗਿਆ। ਹੁਣ ਇਹ ਤੀਜਾ ਮੌਕਾ ਹੈ ਜਦੋਂ ਘੱਗਰ ’ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋਇਆ ਹੈ। ਅੱਜ ਸ਼ਾਮ ਛੇ ਵਜੇ ਤੱਕ ਖਨੌਰੀ ਸਾਈਫ਼ਨ ’ਤੱਕ ਘੱਗਰ ’ਚ ਪਾਣੀ ਦਾ ਪੱਧਰ ਵਧ ਕੇ 744 ਫੁੱਟ ’ਤੇ ਪੁੱਜ ਗਿਆ ਹੈ ਜਦੋਂ ਕਿ ਖ਼ਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ। ਭਾਵ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ 4 ਫੁੱਟ ਹੇਠਾਂ ਹੈ। ਘੱਗਰ ਦਰਿਆ ’ਚ ਮੁੜ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ ਕਿਉਂਕਿ ਪਿਛਲੇ ਮਹੀਨੇ ਖਨੌਰੀ ਅਤੇ ਮੂਨਕ ਇਲਾਕੇ ਦੇ 34 ਪਿੰਡਾਂ ਦੀ ਕਰੀਬ 44 ਹਜ਼ਾਰ ਏਕੜ ਫਸਲ ਘੱਗਰ ’ਚ ਆਏ ਹੜ੍ਹਾਂ ਦੀ ਮਾਰ ਹੇਠ ਆ ਗਈ ਸੀ। ਘੱਗਰ ’ਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਕਿਸਾਨਾਂ ਨੇ ਮੁੜ ਝੋਨਾ ਲਗਾਇਆ ਹੈ। ਕਿਸਾਨਾਂ ਨੂੰ ਡਰ ਹੈ ਕਿ ਕਿਤੇ ਦੂਜੀ ਵਾਰ ਘੱਗਰ ਉਨ੍ਹਾਂ ਦੀ ਮਿਹਨਤ ਉਪਰ ਪਹਿਲਾਂ ਦੀ ਤਰ੍ਹਾਂ ਪਾਣੀ ਨੇ ਫੇਰ ਦੇਵੇ।