ਘੱਗਰ ਵਿੱਚ ਵਧੇ ਪਾਣੀ ਦੇ ਪੱਧਰ ਨੇ ਕਿਸਾਨ ਫਿਕਰਾਂ ’ਚ ਪਾਏ
ਹਰਜੀਤ ਸਿੰਘ
ਖਨੌਰੀ, 13 ਅਗਸਤ
ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ 4-5 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇੱਥੇ ਘੱਗਰ ਦਰਿਆ ਵਿੱਚ ਪਿਛਲੇ 24 ਘੰਟਿਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ। ਘੱਗਰ ਵਿੱਚ ਪਾਣੀ ਵਧਣ ਕਾਰਨ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਹਰ ਸਾਲ ਘੱਗਰ ਵਿੱਚ ਹੜ੍ਹਾਂ ਦੀ ਮਾਰ ਹੇਠ ਆਉਂਦੇ ਇਲਾਕੇ ਦੇ ਲੋਕਾਂ ਨੂੰ ਸੰਭਾਵੀ ਹੜ੍ਹਾਂ ਦੀ ਚਿੰਤਾ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਹੜ੍ਹਾਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲੋਕ ਪਿਛਲੀ ਵਾਰ ਆਏ ਹੜ੍ਹਾਂ ਦਾ ਮੰਜਰ ਯਾਦ ਕਰਕੇ ਚਿੰਤਾ ਵਿੱਚ ਹਨ। ਖਨੌਰੀ ਵਿੱਚ ਆਰਡੀ 460 ’ਤੇ ਸਥਿਤ ਘੱਗਰ ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿਚ ਖਨੌਰੀ ’ਚ ਪਿਛਲੇ 24 ਘੰਟਿਆਂ ਦੌਰਾਨ ਪਾਣੀ ਦਾ ਪੱਧਰ ਇਕਦਮ 12 ਫੁੱਟ ਵਧਿਆ ਹੈ ਅਤੇ ਇਸ ਸਮੇਂ ਇੱਥੇ ਲੱਗੀ ਗੇਜ ਮੁਤਾਬਿਕ ਘੱਗਰ ’ਚ ਪਾਣੀ 739 ਫੁੱਟ ’ਤੇ ਚੱਲ ਰਿਹਾ ਹੈ, ਜੋ ਕਿ ਮਹਿਕਮੇ ਅਨੁਸਾਰ ਖ਼ਤਰੇ ਦੇ ਨਿਸ਼ਾਨ ਤੋਂ ਭਾਵੇਂ 9 ਫੁੱਟ ਹੇਠਾਂ ਚੱਲ ਰਿਹਾ ਹੈ ਪਰ ਘੱਗਰ ਵਿੱਚ 24 ਘੰਟਿਆਂ ਦੌਰਾਨ ਸਿੱਧਾ 12 ਫੁੱਟ ਪਾਣੀ ਵਧਣ ਕਾਰਨ ਇਲਾਕੇ ਦੇ ਲੋਕ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਫਲੱਡ ਕੰਟਰੋਲ ਰੂਮ ਅਨੁਸਾਰ ਇੱਥੇ ਹਰ ਘੰਟੇ 4 ਤੋਂ 6 ਇੰਚ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਘੱਗਰ ਦਰਿਆ ਦੀਆਂ ਸਹਾਇਕ ਨਦੀਆਂ ਮਾਰਕੰਡਾ 15.6 ਫੁੱਟ, ਟਾਂਗਰੀ 10.9 ਫੁੱਟ, ਪਟਿਆਲਾ ਨਦੀ 4 ਫੁੱਟ ਅਤੇ ਸਰਾਲਾ 11 ਫੁੱਟ ’ਤੇ ਚੱਲ ਰਹਿਆਂ ਹਨ। ਇਨ੍ਹਾਂ ’ਚੋਂ ਮਾਰਕੰਡਾ ਅਤੇ ਟਾਂਗਰੀ ਨਦੀ ਵਿਚ ਪਾਣੀ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਹੜ੍ਹ ਰੋਕੂ ਪ੍ਰਬੰਧਾਂ ਵਿੱਚ ਸਰਕਾਰ ਨਾਕਾਮ: ਜਲਾਲਪੁਰ
ਪਟਿਆਲਾ (ਪੱਤਰ ਪ੍ਰੇਰਕ): ਹਲਕਾ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਭਾਰੀ ਮੀਂਹ ਕਾਰਨ ਪਿੰਡ ਜੱਬੋ ਮਾਜਰਾ, ਜਮੀਤਗੜ੍ਹ, ਲੋਹਸਿੰਬਲੀ ਪਿੰਡਾਂ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਹਲਕੇ ਅੰਦਰ ਹੜ੍ਹਾਂ ਨੂੰ ਲੈ ਕੇ ਸਰਕਾਰ ’ਤੇ ਸਵਾਲ ਚੁੱਕੇ। ਜਲਾਲਪੁਰ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ ਤੇ ਨਾ ਹੀ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਕੀਤੀ, ਜਿਸ ਦਾ ਖਾਮਿਆਜ਼ਾ ਲੋਕਾਂ ਨੂੰ ਹੁਣ ਭੁਗਤਣਾ ਪੈ ਰਿਹਾ ਹੈ।