For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸਿਆਂ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ

08:41 AM Nov 09, 2024 IST
ਸੜਕ ਹਾਦਸਿਆਂ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ
Advertisement

ਡਾ. ਰਣਜੀਤ ਸਿੰਘ

Advertisement

ਪੰਜਾਬ ਵਿੱਚ ਜਿਵੇਂ-ਜਿਵੇਂ ਸੜਕਾਂ ਚੌੜੀਆਂ ਹੋ ਰਹੀਆਂ ਹਨ ਅਤੇ ਗੱਡੀਆਂ ਦੇ ਨਵੇਂ-ਨਵੇਂ ਮਾਡਲ ਆ ਰਹੇ ਹਨ, ਉਵੇਂ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ ਜਦੋਂ ਕੀਮਤੀ ਜਾਨਾਂ ਨਾ ਜਾਂਦੀਆਂ ਹੋਣ। ਨਵੀਆਂ ਸੜਕਾਂ ਉਤੇ ਜਿੱਥੇ ਥਾਂ-ਥਾਂ ਟੋਲ ਟੈਕਸ ਭਰਨਾ ਪੈਂਦਾ ਹੈ ਉਥੇ ਗੱਡੀਆਂ ਦੀ ਗਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਸਾਡੇ ਬਹੁਤੇ ਲੋਕਾਂ ਕੋਲ ਸਮੇਂ ਦੀ ਘਾਟ ਨਹੀਂ ਹੁੰਦੀ, ਨਾ ਹੀ ਛੇਤੀ ਪਹੁੰਚਣ ਦੀ ਲੋੜ ਹੁੰਦੀ ਹੈ ਪਰ ਮਹਿੰਗੀ ਕਾਰ ਦੀ ਤੇਜ਼ ਰਫ਼ਤਾਰੀ ਨੂੰ ਸ਼ਾਨ ਸਮਝਿਆ ਜਾਣ ਲੱਗ ਪਿਆ ਹੈ। ਗੱਡੀ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਣੀ ਹੁਣ ਆਮ ਗੱਲ ਹੋ ਗਈ ਹੈ ਪਰ ਸਾਡੀਆਂ ਸੜਕਾਂ ਉਤੇ ਕੇਵਲ ਕਾਰਾਂ ਹੀ ਨਹੀਂ ਚੱਲਦੀਆਂ ਸਗੋਂ ਸਾਈਕਲ, ਮੋਟਰ ਸਾਈਕਲ, ਟਰੈਕਟਰ ਟਰਾਲੀਆਂ ਤੇ ਹੋਰ ਵਾਹਨ ਵੀ ਚਲਦੇ ਹਨ। ਇਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਬਿਨਾਂ ਕਿਸੇ ਕਾਇਦੇ-ਕਾਨੂੰਨ ਤੋਂ ਕੀਤਾ ਜਾਂਦਾ ਹੈ। ਅਚਾਨਕ ਅੱਗੇ ਆਏ ਕਿਸੇ ਹੋਰ ਵਾਹਨ ਤੋਂ ਬਚਾਉਣ ਲਈ ਬਰੇਕ ਲਗਾਈ ਜਾਂਦੀ ਹੈ ਪਰ ਤੇਜ਼ ਗੱਡੀ ਰੁਕਦਿਆਂ ਵੀ ਹਾਦਸਾ ਕਰ ਦਿੰਦੀ ਹੈ। ਪੰਜਾਬ ਵਿੱਚ ਡਰਾਈਵਿੰਗ ਲਾਈਸੈਂਸ ਜਾਰੀ ਕਰਨ ਸਮੇਂ ਸ਼ਾਇਦ ਕਿਸੇ ਥਾਂ ਵੀ ਸੜਕ ਨਿਯਮਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ। ਇਸੇ ਕਰ ਕੇ ਇਨ੍ਹਾਂ ਦੀ ਪਾਲਣਾ ਨਹੀਂ ਹੁੰਦੀ। ਪੰਜਾਬੀਆਂ ਵਿੱਚ ਸਬਰ ਲੋਪ ਹੋ ਰਿਹਾ ਹੈ ਅਤੇ ਕਾਹਲ ਭਾਰੂ ਹੈ। ਅਗੇ ਲੰਘਣ ਲਈ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਹੁੰਦੀ। ਫੌਰੀ ਸ਼ਾਨ ਹੀ ਬਹੁਤੇ ਹਾਦਸਿਆਂ ਦਾ ਕਾਰਨ ਬਣਦੀ ਹੈ।
ਵਸੋਂ ਦੇ ਹਿਸਾਬ ਨਾਲ ਕਾਰਾਂ ਦੀ ਗਿਣਤੀ ਵੀ ਇਥੇ ਵਧ ਹੈ। ਵੱਡੀ ਕਾਰ ਰੱਖਣੀ ਸ਼ਾਨ ਸਮਝਿਆ ਜਾਂਦਾ ਹੈ। ਦਿਖਾਵੇ ਦੇ ਭੁੱਖੇ ਪੰਜਾਬੀ ਰੀਸੋ-ਰੀਸੀ ਕਾਰ ਦੇ ਨਵੇਂ ਤੋਂ ਨਵੇਂ ਮਾਡਲ ਖਰੀਦਣ ਦਾ ਯਤਨ ਕਰਦੇ ਹਨ। ਮੋਟਰ ਸਾਈਕਲ ਤੇ ਸਕੂਟਰਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਕਾਰ, ਮੋਟਰ ਸਾਈਕਲ, ਸਕੂਟਰ ਤੇ ਸਾਈਕਲ ਚਲਾਉਂਦੇ ਸਮੇਂ, ਮੋਬਾਈਲ ਦੀ ਵਰਤੋਂ ਕਾਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ।
ਪੰਜਾਬੀ ਸਭ ਤੋਂ ਘੱਟ ਸੜਕੀ ਨਿਯਮਾਂ ਦਾ ਪਾਲਣ ਕਰਦੇ ਹਨ। ਉਹ ਇਕ ਦੂਜੇ ਤੋਂ ਅੱਗੇ ਨਿਕਲਣ ਦਾ ਯਤਨ ਕਰਦੇ ਹਨ। ਕਿਸੇ ਪਾਰਟੀ ਤੋਂ ਨਸ਼ੇ ਨਾਲ ਰੱਜੇ ਹੋਏ ਵਾਪਸੀ ਸਮੇਂ ਗੱਡੀ ਚਲਾਉਂਦੇ ਸਮੇਂ ਤਾਂ ਉਹ ਆਪਣੇ ਆਪ ਨੂੰ ਸੜਕ ਦਾ ਬਾਦਸ਼ਾਹ ਮੰਨਦੇ ਹਨ। ਜਦੋਂ ਅਚਾਨਕ ਕਿਸੇ ਪਾਸਿਉਂ ਕੋਈ ਸਾਈਕਲ, ਰਿਕਸ਼ਾ, ਜਾਂ ਮੋਟਰ ਸਾਈਕਲ ਆ ਜਾਵੇ ਤਾਂ ਬਰੇਕ ਲਗਾਉਂਦਿਆਂ ਵੀ ਟੱਕਰ ਹੋ ਜਾਂਦੀ ਹੈ ਜਾਂ ਫਿਰ ਟੱਕਰ ਤੋਂ ਬਚਣ ਲਈ ਰੁੱਖ ਵਿੱਚ ਜਾ ਮਾਰਦੇ ਹਨ। ਮੋਬਾਈਲ ਸੁਣਦਿਆਂ ਜਦੋਂ ਅਚਾਨਕ ਕੋਈ ਅੱਗੇ ਆ ਜਾਵੇ ਤਾਂ ਬਰੇਕ ਲਗਾਉਣੀ ਔਖੀ ਹੋ ਜਾਂਦੀ ਹੈ। ਸਲੀਕੇ ਦੀ ਪਾਲਣਾ ਕਰਨਾ ਇਥੇ ਆਪਣੀ ਹੇਠੀ ਸਮਝੀ ਜਾਂਦੀ ਹੈ। ਜੇ ਕੋਈ ਇਸ ਨੂੰ ਨਿਭਾਉਣ ਦਾ ਯਤਨ ਕਰਦਾ ਹੈ, ਉਸ ਨੂੰ ਅਜਿਹਾ ਕਰਨ ਨਹੀਂ ਦਿੱਤਾ ਜਾਂਦਾ। ਰੇਲਵੇ ਫਾਟਕ ਬੰਦ ਹੈ। ਅਸੀਂ ਇਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਵਿੱਚ ਦੋਵੇਂ ਪਾਸੀਂ ਸੜਕ ਨੂੰ ਪੂਰੀ ਤਰ੍ਹਾਂ ਰੋਕ ਲੈਂਦੇ ਹਾਂ।
ਇਕ ਦੂਜੇ ਦੇ ਪਿੱਛੇ ਲਾਈਨ ਵਿੱਚ ਖੜ੍ਹੇ ਹੋਣ ਨਾਲ ਸਮਾਂ ਬਰਬਾਦ ਹੁੰਦਾ ਹੈ ਪਰ ਆਹਮੋ-ਸਾਹਮਣੇ ਖੜ੍ਹੇ ਹੋ ਕੇ ਸਮਾਂ ਬਰਬਾਦ ਕਰਨ ਦਾ ਭੋਰਾ ਵੀ ਦੁੱਖ ਨਹੀਂ ਹੁੰਦਾ। ਇਹ ਤਾਂ ਮਜਬੂਰੀ ਹੈ ਕਿ ਕਾਰ ਫਾਟਕ ਦੇ ਡੰਡੇ ਦੇ ਹੇਠੋਂ ਲੰਘ ਨਹੀਂ ਸਕਦੀ, ਨਹੀਂ ਤਾਂ ਕੋਈ ਵੀ ਰੁਕਣ ਲਈ ਤਿਆਰ ਨਾ ਹੁੰਦਾ। ਸਾਈਕਲ, ਰਿਕਸ਼ਾ, ਸਕੂਟਰ, ਮੋਟਰ ਸਾਈਕਲ ਫਾਟਕ ਦੇ ਡੰਡੇ ਹੇਠੋਂ ਲੰਘ ਸਕਦੇ ਹਨ, ਇਸ ਕਰ ਕੇ ਰੁਕਣਾ ਉਨ੍ਹਾਂ ਦੀ ਮਜਬੂਰੀ ਕਿਉਂ ਬਣੇ? ਜੇ ਕੋਈ ਖੜ੍ਹਾ ਹੋ ਜਾਵੇ ਕਿਉਂਕਿ ਉਸ ਤੋਂ ਲੰਘ ਨਹੀਂ ਹੋਣਾ ਤਾਂ ਪਿੱਛੋਂ ਆ ਰਹੇ ਉਸ ਨੂੰ ਪਾਸੇ ਹੋਣ ਲਈ ਮਜਬੂਰ ਕਰਦੇ ਹਨ। ਸਾਡੇ ਲੋਕਾਂ ਕੋਲ ਵਿਹਲ ਦੀ ਕਮੀ ਨਹੀਂ ਹੈ। ਘੰਟਿਆਂਬੱਧੀ ਅਸੀਂ ਗੱਪਾਂ ਮਾਰ ਸਕਦੇ ਹਾਂ ਪਰ ਸੜਕੀ ਸਫ਼ਰ ਕਰਦਿਆਂ ਜਿਸ ਪਾਸਿਉਂ ਵੀ ਥਾਂ ਮਿਲੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਣੇ ਹੱਥ ਚੱਲਣਾ ਜਾਂ ਮੁੜਨ ਲੱਗਿਆਂ ਇਸ਼ਾਰਾ ਦੇਣਾ ਸਾਡੀ ਸ਼ਾਨ ਦੇ ਖਿਲਾਫ ਹੈ। ਚੌਰਾਹੇ ਉਤੇ ਲਾਲ ਬੱਤੀ ਦੇਖ ਉਦੋਂ ਹੀ ਰੁਕਿਆ ਜਾਂਦਾ ਹੈ ਜੇ ਉਥੇ ਕੋਈ ਪੁਲੀਸ ਵਾਲਾ ਖੜ੍ਹਾ ਹੋਵੇ; ਨਹੀਂ ਤਾਂ ਹਰ ਪਾਸੇ ਧੱਕਾਸ਼ਾਹੀ ਚੱਲਦੀ ਹੈ।
ਆਪਣੀ ਸਵਾਰੀ ਉਤੇ ਅਸੀਂ ਆਪਣਾ ਪੂਰਾ ਅਧਿਕਾਰ ਸਮਝਦੇ ਹਾਂ ਕਿਉਂਕਿ ਕਾਨੂੰਨ ਨੂੰ ਅਸੀਂ ਸਰਕਾਰ ਦੀ ਦਖਲਅੰਦਾਜ਼ੀ ਮੰਨਦੇ ਹਾਂ। ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਸਾਡਾ ਆਪਣਾ ਹੈ, ਉਸ ਉਤੇ ਸਾਰੇ ਟੱਬਰ ਨੂੰ ਸਫ਼ਰ ਕਰਨ ਦਾ ਪੂਰਾ ਅਧਿਕਾਰ ਹੈ। ਇਨ੍ਹਾਂ ਉਤੇ ਮੀਆਂ-ਬੀਵੀ ਤੇ ਦੋ-ਤਿੰਨ ਬੱਚੇ ਤਾਂ ਅਸਾਨੀ ਨਾਲ ਬਿਠਾਏ ਜਾ ਸਕਦੇ ਹਨ। ਸਾਈਕਲ, ਮੋਟਰ ਸਾਈਕਲ ਉਤੇ ਦੁੱਧ ਦੇ ਚਾਰ ਪੰਜ ਢੋਲ ਲਟਕਾਉਣੇ ਸਾਡਾ ਹੱਕ ਹੈ। ਆਟੋ ਰਿਕਸ਼ਾ ਤਿੰਨ ਸਵਾਰੀਆਂ ਲਈ ਹੈ ਪਰ ਜਦੋਂ ਤਕ 10 ਸਵਾਰੀਆਂ ਬੈਠ ਨਾ ਜਾਣ, ਚਾਲਕ ਦੀ ਤਸੱਲੀ ਨਹੀਂ ਹੁੰਦੀ। ਸਕੂਲੀ ਬੱਚਿਆਂ ਨੂੰ ਲਿਆ ਰਹੇ ਟੈਂਪੂ ਤੇ ਆਟੋ ਰਿਕਸ਼ਾ ਤਾਂ ਚੱਲਦੇ ਹੀ ਰੱਬ ਦੇ ਸਹਾਰੇ ਹਨ। ਤੂੜੀ ਦੇ ਲੱਦੇ ਟਰੱਕ ਤੇ ਟਰਾਲੀਆਂ ਸੜਕ ਦੇ ਬੇਤਾਜ਼ ਬਾਦਸ਼ਾਹ ਬਣ ਮਸਤ ਹਾਥੀ ਵਾਂਗ ਦੌੜਦੇ ਹਨ।
ਸੜਕ ਸਫਰ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਅਸੀਂ ਬਹਾਦਰੀ ਸਮਝਦੇ ਹਾਂ। ਜਿੰਨਾ ਕਿਸੇ ਦਾ ਸਮਾਜਿਕ ਰੁਤਬਾ ਵੱਡਾ ਹੈ, ਓਨੀ ਹੀ ਬੇਫ਼ਿਕਰੀ ਨਾਲ ਉਹ ਨਿਯਮ ਤੋੜਦਾ ਹੈ। ਜੇ ਅਜਿਹੇ ਸ਼ਖ਼ਸ ਨੂੰ ਪੁਲੀਸ ਰੋਕ ਵੀ ਲਵੇ ਤਾਂ ਉਹ ਆਪਣੇ ਰੁਤਬੇ ਜਾਂ ਪੈਸੇ ਦੇ ਜ਼ੋਰ ਨਾਲ ਪੁਲੀਸ ਦੀ ਕਲਮ ਰੋਕ ਲੈਂਦਾ ਹੈ। ਅਜਿਹੇ ਲੋਕਾਂ ਦੀ ਗੱਡੀ ਅੱਗੇ ਜਾ ਰਿਹਾ ਸਾਈਕਲ ਜਾਂ ਸਕੂਟਰ ਸਵਾਰ ਕਿਸੇ ਕਾਰਨ ਉਨ੍ਹਾਂ ਨੂੰ ਰਾਹ ਨਹੀਂ ਦਿੰਦਾ ਤਾਂ ਉਸ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਤੇ ਕਈ ਵਾਰ ਤਾਂ ਹੱਥ ਵੀ ਚੁੱਕ ਲਿਆ ਜਾਂਦਾ ਹੈ। ਸਾਡੀ ਪੁਲੀਸ ਦੀ ਕਰਨੀ ਅਤੇ ਸੋਚਣੀ ਵਿੱਚ ਵੀ ਤਬਦੀਲੀ ਦੀ ਲੋੜ ਹੈ। ਉਨ੍ਹਾਂ ਦੀ ਬੋਲ-ਬਾਣੀ ਵਿੱਚ ਨਰਮੀ ਪਰ ਵਤੀਰੇ ਵਿੱਚ ਸਖਤੀ ਹੋਣੀ ਚਾਹੀਦੀ ਹੈ। ਵਿਕਸਤ ਦੇਸ਼ਾਂ ਵਿੱਚ ਅਜਿਹਾ ਨਹੀਂ ਹੈ। ਉਥੇ ਬਿਨਾਂ ਕਿਸੇ ਲਿਹਾਜ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਂਦੀ ਹੈ। ਇਸੇ ਕਰ ਕੇ ਕੋਈ ਇਨ੍ਹਾ ਨਿਯਮਾਂ ਨੂੰ ਤੋੜਨ ਦੀ ਹਿੰਮਤ ਨਹੀਂ ਕਰਦਾ। ਜੇ ਅਸੀਂ ਸੜਕ ਹਾਦਸਿਆਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਉਸ ਲਈ ਕਾਨੂੰਨੀ ਸਖਤੀ ਦੇ ਨਾਲੋਂ ਨਾਲ ਲੋਕ ਸਿੱਖਿਆ ਵੱਲ ਵੀ ਧਿਆਨ ਦਿੱਤਾ ਜਾਵੇ। ਸੜਕ ਨਿਯਮਾਂ ਸਬੰਧੀ ਪ੍ਰਚਾਰ ਦੀ ਬਹੁਤ ਲੋੜ ਹੈ। ਸੜਕ ਨਿਯਮਾਂ ਨੂੰ ਵਧੀਆ ਬੋਰਡਾਂ ਉਤੇ ਲਿਖ ਕੇ ਚੌਰਾਹਿਆਂ ਉਤੇ ਲਗਾਇਆ ਜਾਵੇ। ਇਨ੍ਹਾਂ ਦੀ ਉਲੰਘਣਾ ਲਈ ਹੋਣ ਵਾਲੀ ਸਜ਼ਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਸੜਕ ਸੇਫਟੀ ਹਫ਼ਤੇ ਨੂੰ ਇਕ ਰਸਮ ਸਮਝ ਕੇ ਨਾ ਮਨਾਇਆ ਜਾਵੇ ਸਗੋਂ ਪ੍ਰਚਾਰ ਦੇ ਸਾਰੇ ਵਸੀਲਿਆਂ ਦੀ ਸਹਾਇਤਾ ਨਾਲ ਪੰਜਾਬੀਆਂ ਨੂੰ ਸੜਕ ਸਲੀਕੇ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਇਨ੍ਹਾਂ ਨੂੰ ਅਪਨਾਉਣ ਲਈ ਵੀ ਪ੍ਰੇਰਿਆ ਜਾਵੇ। ਅਸੀਂ ਸੀਟ ਬੈਲਟ ਬੰਨ੍ਹਣੀ ਜਾਂ ਹੈਲਮਟ ਪਾਉਣ ਦਾ ਕੰਮ ਆਪਣੀ ਸੁਰੱਖਿਆ ਲਈ ਨਹੀਂ ਕਰਦੇ ਸਗੋਂ ਚਲਾਨ ਤੋਂ ਬਚਣ ਲਈ ਕਰਦੇ ਹਾਂ। ਅਜਿਹੀ ਸੋਚ ਵਿੱਚ ਤਬਦੀਲੀ ਦੀ ਲੋੜ ਹੈ।
ਗੱਡੀਆਂ ਬਣਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਗੱਡੀਆਂ ਦੀ ਗਤੀ ’ਤੇ ਵਾਜਬ ਰੋਕ ਰੱਖਣ। ਸਾਡੀਆਂ ਸੜਕਾਂ ਉਤੇ ਭਾਂਤ ਭਾਂਤ ਦੀ ਸਵਾਰੀ ਹੈ। ਇਸ ਕਰ ਕੇ ਤੇਜ਼ ਗਤੀ ਹਾਦਸੇ ਦਾ ਕਾਰਨ ਬਣਦੀ ਹੈ। ਸਰਕਾਰ ਨੂੰ ਸੜਕਾਂ ’ਤੇ ਸਪੀਡ ਮੀਟਰ ਲਗਾਉਣੇ ਚਾਹੀਦੇ ਹਨ। ਜੇ ਕੋਈ ਸ਼ਖ਼ਸ ਤੈਅਸ਼ੁਦਾ ਗਤੀ ਤੋਂ ਤੇਜ਼ ਕਾਰ ਚਲਾਉਂਦਾ ਹੈ ਤਾਂ ਉਸ ਦਾ ਆਪਣੇ ਆਪ ਹੀ ਚਲਾਨ ਹੋ ਜਾਣਾ ਚਾਹੀਦਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨਾਲ ਵੀ ਇਸੇ ਤਰ੍ਹਾਂ ਦੀ ਸਖਤੀ ਵਰਤਣੀ ਚਾਹੀਦੀ ਹੈ। ਆਪਣੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਕਾਨੂੰਨ ਤੋੜਨਾ ਬਹਾਦਰੀ ਨਹੀਂ ਸਗੋਂ ਮੌਤ ਨੂੰ ਸੱਦਾ ਦੇਣਾ ਹੈ।
ਸਾਡੇ ਦੇਸ਼ ਦੀ ਸਥਿਤੀ ਨੂੰ ਦੇਖਦਿਆਂ ਜੇ ਹੋ ਸਕੇ ਤਾਂ ਗੱਡੀ ਦੀ ਰਫ਼ਤਾਰ ਉਤੇ ਕੰਪਨੀ ਵੱਲੋਂ ਹੀ ਰੋਕ ਲਗਾਉਣੀ ਚਾਹੀਦੀ ਹੈ। ਸੜਕ ਹਾਦਸਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਨੂੰ ਰਫ਼ਤਾਰ ਸੀਮਾ ਜ਼ਰੂਰ ਰੱਖਣੀ ਚਾਹੀਦੀ ਹੈ। ਮਨੁੱਖੀ ਜੀਵਨ ਬਹੁਤ ਅਨਮੋਲ ਹੈ। ਇਸ ਨੂੰ ਅਜਾਈਂ ਨਾ ਗੁਆਈਏ। ਸਰਕਾਰ ਵੱਲੋਂ ਚਲਾਨ ਦੇ ਜੁਰਮਾਨੇ ਵਿੱਚ ਚੋਖਾ ਵਾਧਾ ਕੀਤਾ ਗਿਆ ਹੈ। ਤਿੰਨ ਮਹੀਨੇ ਚਾਲਕ ਦਾ ਲਾਈਸੈਂਸ ਵੀ ਰੱਦ ਹੋ ਸਕਦਾ ਹੈ। ਦੇਖਣਾ ਇਹ ਹੈ ਕਿ ਇਸ ਨਾਲ ਕਾਨੂੰਨਾਂ ਦੀ ਪਾਲਣਾ ਵਿੱਚ ਵਾਧਾ ਹੁੰਦਾ ਹੈ ਜਾਂ ਰਿਸ਼ਵਤ ਵਿੱਚ। ਉਂਝ ਵੀ ਹਾਦਸੇ ਤਾਂ ਖੁੱਲ੍ਹੀਆਂ ਸੜਕਾਂ ਉਤੇ ਹੁੰਦੇ ਹਨ; ਪੁਲੀਸ ਚੈਕਿੰਗ ਬਹੁਤੀ ਸ਼ਹਿਰਾਂ ਦੇ ਅੰਦਰ ਹੁੰਦੀ ਹੈ।
ਇਸ ਵਾਰ ਜਦੋਂ ਮੈਨੂੰ ਲਾਈਸੈਂਸ ਡਾਕ ਰਾਹੀਂ ਪ੍ਰਾਪਤ ਹੋਇਆ ਤਾਂ ਨਾਲ ਨੱਥੀ ਚਿੱਠੀ ਉਤੇ ਕੁਝ ਹਦਾਇਤਾਂ ਵੀ ਲਿਖੀਆਂ ਸਨ। ਇਨ੍ਹਾਂ ਵਿੱਚੋਂ ਪੰਜ ਹਦਾਇਤਾਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ:
-ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ।
-ਵਾਹਨ ਦੀ ਪਿਛਲੀ ਸੀਟ ’ਤੇ ਬੈਠ ਵੀ ਸੀਟ ਬੈਲਟ ਦੀ ਵਰਤੋਂ ਕਰੋ।
-ਸ਼ਰਾਬ ਪੀ ਕੇ ਜਾਂ ਥਕਾਵਟ ਹੋਣ ’ਤੇ ਗੱਡੀ ਨਾ ਚਲਾਓ।
-ਵਾਹਨ ਵਲਾਉਂਦੇ ਸਮੇਂ ਅਗਲੇ ਵਾਹਨਾਂ ਤੋਂ ਦੂਰੀ ਬਣਾ ਕੇ ਰੱਖੋ।
-ਟ੍ਰੈਫਿਕ ਲਾਈਟਾਂ ਦੀ ਉਲੰਘਣਾ ਨਾ ਕਰੋ ਅਤੇ ਧਿਆਨ ਭਟਕਣ ਨਾ ਦਿਓ।
ਸੰਪਰਕ: 94170-87328

Advertisement

Advertisement
Author Image

joginder kumar

View all posts

Advertisement