ਸੂਏ ਦੇ ਅਧੂਰੇ ਨਿਰਮਾਣ ਨੇ ਕਿਸਾਨ ਚਿੰਤਾ ’ਚ ਪਾਏ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 6 ਜੂਨ
ਸਥਾਨਕ ਅਪਰ ਬਾਰੀ ਦੁਆਬ ਨਹਿਰ ’ਚੋਂ ਨਿਕਲਦੇ ਕਰੀਬ 6 ਕਿਲੋਮੀਟਰ ਲੰਬੇ ਸੂਏ ਨੂੰ ਪੱਕਾ ਕਰਨ ਦਾ ਕੰਮ ਪੂਰਾ ਨਾ ਹੋਣ ਕਾਰਨ ਆਉਂਦੀ 10 ਜੂਨ ਨੂੰ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਦੇ ਕੰਮ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਇਸ ਸੂਏ ਦੇ ਪਾਣੀ ਤੋਂ ਜੰਡਿਆਲਾ ਗੁਰੂ, ਗੁੰਨੋਵਾਲ, ਜਾਣੀਆਂ, ਠੱਠੀਆ ਅਤੇ ਹੋਰ ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਦੀ ਸਿੰਜਾਈ ਕਰਦੇ ਹਨ। ਇਸ ਸਬੰਧੀ ਗੱਲ ਕਰਦਿਆਂ ਕਿਸਾਨ ਦਵਿੰਦਰ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਹੁਣ ਝੋਨੇ ਦੀ ਬਿਜਾਈ 10 ਜੂਨ ਤੋਂ ਸ਼ੁਰੂ ਹੋਵੇਗੀ ਪਰ ਇਸ ਸੂਏ ਦਾ ਨਿਰਮਾਣ ਲਗਭਗ 2 ਤੋਂ 3 ਕਿਲੋਮੀਟਰ ਤੱਕ ਹੀ ਪੂਰਾ ਹੋਇਆ ਹੈ। ਬਾਕੀ ਉਸਾਰੀ ਦਾ ਕੰਮ ਹਾਲੇ ਪੂਰਾ ਹੋਣਾ ਬਾਕੀ ਹੈ। ਉਸਾਰੀ ਵਿੱਚ ਲਗਭਗ 1 ਤੋਂ 2 ਮਹੀਨੇ ਲੱਗਣ ਦੀ ਉਮੀਦ ਹੈ। ਇਸ ਦੇਰੀ ਕਾਰਨ ਇਸ ਰਾਜਬਾਹ ਦੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਦੀ ਸਪਲਾਈ ਨਹੀਂ ਹੋਵੇਗੀ। ਕਿਸਾਨਾਂ ਨੇ ਕਿਹਾ ਕਿ ਨਹਿਰ ਵਿਭਾਗ ਨੂੰ ਇਸ ਸੂਏ ਦੀ ਉਸਾਰੀ ਜਲਦੀ ਮੁਕੰਮਲ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਗਰਮੀਆਂ ਵਿੱਚ ਆਪਣੀਆਂ ਫਸਲਾਂ ਲਈ ਨਹਿਰੀ ਪਾਣੀ ਵਰਤਣ ਵਿੱਚ ਮੁਸ਼ਕਲ ਨਾ ਆਵੇ।
ਇਸ ਸਬੰਧੀ ਨਹਿਰ ਵਿਭਾਗ ਦੇ ਐੱਸਡੀਓ ਗੁਰਿੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਹ ਕਿਸਾਨਾਂ ਨੂੰ ਪਾਣੀ ਦੀ ਘਾਟ ਦਾ ਸਾਹਮਣਾ ਨਹੀਂ ਕਰਨ ਦੇਣਗੇ ਅਤੇ ਵਿਭਾਗ ਉਨ੍ਹਾਂ ਨੂੰ ਟੇਲਾਂ ਰਾਹੀਂ ਪਾਣੀ ਮੁਹੱਈਆ ਕਰਵਾਏਗਾ।