ਅਧੂਰੇ ਅਖਾੜਾ ਨਹਿਰੀ ਪੁਲ ਨੇ ਵਧਾਈਆਂ ਲੋਕਾਂ ਦੀਆਂ ਦਿੱਕਤਾਂ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਨਵੰਬਰ
ਜਗਰਾਉਂ-ਰਾਏਕੋਟ ਮਾਰਗ ’ਤੇ ਨਹਿਰੀ ਪੁਲ ਅਖਾੜਾ ਦੇ ਨਵੀਨੀਕਰਨ ਵਿੱਚ ਮਹੀਨਿਆਂ ਤੋਂ ਆਈ ਖੜੋਤ ਕਾਰਨ ਇਸ ਪੁਲ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਨ ਭਰ ਇਥੇ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ ਤੇ ਅਕਸਰ ਹੀ ਵਾਹਨ ਚਾਲਕ ਇੱਕ ਦੂਜੇ ਤੋਂ ਪਹਿਲਾਂ ਲੰਘਣ ਦੀ ਕਾਹਲ ਵਿੱਚ ਝਗੜ ਵੀ ਪੈਂਦੇ ਹਨ।
ਗੌਰਤਲਬ ਹੈ ਕਿ ਨਹਿਰੀ ਪੁਲ ਅਖਾੜਾ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਤਾਂ ਹੋਇਆ ਸੀ ਤੇ ਇਹ ਵੀ ਖ਼ਬਰ ਆਈ ਸੀ ਕਿ ਇਸ ਪ੍ਰਾਜੈਕਟ ਲਈ ਲੋੜੀਂਦੀ ਗਰਾਂਟ ਵੀ ਆ ਗਹੀ ਹੈ ਪਰ ਦੋਵੇਂ ਪਾਸਿਆਂ ਤੋਂ ਪੁੱਟ-ਪੁਟਾਈ ਕਰਵਾਉਣ ਮਗਰੋਂ ਇਹ ਕੰਮ ਬੰਦ ਕਰ ਦਿੱਤਾ ਗਿਆ। ਇਹੀ ਕਾਰਨ ਹੈ ਕਿ ਇਸ ਪੁਲ ਤੋਂ ਲੰਘਣ ਵਾਲੇ ਲੋਕਾਂ ਨੂੰ ਆਲੇ-ਦੁਆਲੇ ਕੀਤੀ ਗਈ ਪੁਟਾਈ ਕਾਰਨ ਬਚ ਕੇ ਲੰਘਣਾ ਪੈਂਦਾ ਹੈ ਤੇ ਇਸੇ ਚੱਕਰ ਵਿੱਚ ਇਥੇ ਘੰਟਿਆਂ ਬੱਧੀ ਜਾਮ ਲੱਗ ਜਾਂਦੇ ਹਨ। ਇਸ ਸਬੰਧ ’ਚ ਪਹਿਲਾਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨਾਲ ਰਾਬਤਾ ਕੀਤਾ ਸੀ ਤਾਂ ਉਨ੍ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਪੁਲ ਦਾ ਕੰਮ ਸ਼ੁਰੂ ਕਰਵਾਉਣ ਦੀ ਗੱਲ ਆਖੀ ਸੀ ਪਰ ਹੁਣ ਜ਼ਿਮਨੀ ਚੋਣਾਂ ਵੀ ਲੰਘ ਗਈਆਂ ਹਨ ਤੇ ਕੰਮ ਜਿਉਂ ਦਾ ਤਿਉਂ ਪਿਆ ਹੈ। ਹੁਣ ਮੁੜ ਵਿਧਾਇਕਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਹਾਲ ਦੀ ਘੜੀ ਆਮ ਲੋਕਾਂ ਲਈ ਇਸ ਪੁਲ ਨੂੰ ਪਾਰ ਕਰਨਾ ਜੋਖਮ ਤੋਂ ਘੱਟ ਨਹੀਂ ਹੈ। ਸਮਾਜ ਸੇਵੀ ਅਵਤਾਰ ਸਿੰਘ, ਬੂਟਾ ਸਿੰਘ, ਅਮਨਦੀਪ ਸਿੰਘ ਤੇ ਪਰਮਜੀਤ ਸਿੰਘ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਵਫਾ ਕਰਨੇ ਚਾਹੀਦੇ ਹਨ।
ਜਾਮ ਖੁੱਲ੍ਹਵਾਉਣ ਗਏ ਥਾਣੇਦਾਰ ਨਾਲ ਰਾਹਗੀਰਾਂ ਵੱਲੋਂ ਹੱਥੋਪਾਈ
ਬੀਤੇ ਕੱਲ੍ਹ ਵੀ ਬਾਅਦ ਦੁਪਹਿਰ ਪੁਲ ’ਤੇ ਲੱਗਿਆ ਜਾਮ ਖੁੱਲ੍ਹਵਾਉਣ ਗਏ ਥਾਣੇਦਾਰ ਨਾਲ ਦੋ ਕਾਰ ਸਵਾਰ ਝਗੜ ਪਏ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਪੁਲੀਸ ਨੇ ਦੋਵਾਂ ਜਣਿਆਂ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਏਐੱਸਆਈ ਰਾਜਦੀਪ ਸਿੰਘ ਥਾਣਾ ਸ਼ਹਿਰੀ ਨੇ ਦੱਸਿਆ ਕਿ ਉਸ ਨੂੰ ਅਖਾੜਾ ਨਹਿਰੀ ਪੁਲ ’ਤੇ ਜਾਮ ਲੱਗਣ ਦੀ ਖ਼ਬਰ ਮਿਲੀ ਸੀ ਜਿਸ ਮਗਰੋਂ ਉਹ ਪੁਲੀਸ ਪਾਰਟੀ ਸਮੇਤ ਜਾਮ ਖੁੱਲ੍ਹਵਾਉਣ ਲਈ ਪੁਲ ’ਤੇ ਗਿਆ। ਇਸ ਮੌਕੇ ਇੱਕ ਬਰੀਜ਼ਾ ਕਾਰ ਦੇ ਚਾਲਕ ਤੇ ਉਸ ਦੇ ਸਾਥੀ ਨੇ ਉਸ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਰਾਜਦੀਪ ਸਿੰਘ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ’ਚੋਂ ਇੱਕ ਨੇ ਥਾਣੇਦਾਰ ਦੀ ਵਰਦੀ ਨੂੰ ਵੀ ਹੱਥ ਪਾਇਆ ਤੇ ਪੱਥਰ ਮਾਰ ਕੇ ਥਾਣੇਦਾਰ ਦੀ ਕਾਰ ਦਾ ਅਗਲਾ ਸ਼ੀਸ਼ਾ ਵੀ ਤੋੜ ਦਿੱਤਾ। ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਵਾਸੀ ਪਿੰਡ ਕਿੱਲੀ ਚਹਿਲਾਂ (ਮੋਗਾ) ਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।