For the best experience, open
https://m.punjabitribuneonline.com
on your mobile browser.
Advertisement

ਫਰੀਦਕੋਟ ਦੀ ਜਿੱਤ-ਹਾਰ ’ਚ ਰਾਮਪੁਰਾ ਫੂਲ ਦੀ ਅਹਿਮ ਭੂਮਿਕਾ

08:29 AM Apr 25, 2024 IST
ਫਰੀਦਕੋਟ ਦੀ ਜਿੱਤ ਹਾਰ ’ਚ ਰਾਮਪੁਰਾ ਫੂਲ ਦੀ ਅਹਿਮ ਭੂਮਿਕਾ
Advertisement

ਗੁਰਜੀਤ ਭੁੱਲਰ
ਰਾਮਪੁਰਾ ਫੂਲ, 24 ਅਪਰੈਲ
ਰਾਖਵਾਂ ਹਲਕਾ ਫਰੀਦਕੋਟ ਦੀ ਜਿੱਤ ਹਾਰ ’ਚ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਹਿਮ ਭੂਮਿਕਾ ਨਿਭਾਉਂਦਾ ਹੈ। ਕਿਸੇ ਵੇਲੇ ਕਮਿਊਨਿਸਟਾਂ ਦੇ ਪ੍ਰਭਾਵ ਵਾਲੇ ਰਾਮਪੁਰਾ ਫੂਲ ਹਲਕੇ ਵਿੱਚ ਪਿਛਲੇ ਸਮੇਂ ਤੋਂ ਅਕਾਲੀ ਦਲ ਅਤੇ ਕਾਂਗਰਸ ਆਹਮੋ-ਸਾਹਮਣੇ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ‘ਆਪ’ ਦੇ ਬਲਕਾਰ ਸਿੱਧੂ ਜਿੱਤੇ ਸਨ। ਜਦੋਂ ਬਠਿੰਡਾ ਹਲਕਾ ਰਾਖਵਾਂ ਹੁੰਦਾ ਸੀ ਉਦੋਂ ਰਾਮਪੁਰਾ ਫੂਲ, ਬਠਿੰਡਾ ਹਲਕੇ ਦਾ ਹਿੱਸਾ ਹੁੰਦਾ ਸੀ। ਜਿਵੇਂ ਹੀ ਫਰੀਦਕੋਟ ਹਲਕਾ 2009 ਵਿੱਚ ਰਾਖਵਾਂ ਹੋਇਆ, ਉਸ ਤੋਂ ਬਾਅਦ ਇਹ ਹਲਕਾ ਫਰੀਦਕੋਟ ਵਿੱਚ ਸ਼ਾਮਲ ਹੋ ਗਿਆ। ਇਸ ਵਿਧਾਨ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਚੋਣਾਂ ਵੇਲੇ ਆਹਮੋ-ਸਾਹਮਣੇ ਹੁੰਦੇ ਰਹੇ ਹਨ। ਹੁਣ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਬਠਿੰਡਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਹੈ ਜਿਸ ਦਾ ਅਸਰ ਫਰੀਦਕੋਟ ਹਲਕੇ ’ਤੇ ਵੀ ਪਵੇਗਾ। ਸਿਕੰਦਰ ਸਿੰਘ ਮਲੂਕਾ ਨੂੰ ਅਕਾਲੀ ਦਲ ਬਾਦਲ ਪਾਰਟੀ ਨੇ ਹਲਕਾ ਫਰੀਦਕੋਟ ਦਾ ਇੰਚਾਰਜ ਨਿਯੁਕਤ ਕੀਤਾ ਹੋਇਆ ਹੈ। 2009 ਤੋਂ 2019 ਤੱਕ ਹੋਈਆਂ ਤਿੰਨ ਲੋਕ ਸਭਾ ਚੋਣਾਂ ਦੌਰਾਨ ਰਾਮਪੁਰਾ ਵਿਧਾਨ ਸਭਾ ਹਲਕੇ ਵਿੱਚੋਂ ਅਕਾਲੀ ਦਲ ਬਾਦਲ ਨੂੰ ਦੋ ਵਾਰ ਅਤੇ ਕਾਂਗਰਸ ਨੂੰ ਇੱਕ ਵਾਰ ਲੀਡ ਮਿਲਦੀ ਰਹੀ ਹੈ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੂੰ ਰਾਮਪੁਰਾ ਹਲਕੇ ਵਿੱਚੋਂ 46,586 ਵੋਟਾਂ, ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਨੂੰ 44,902 ਅਤੇ ਬਸਪਾ ਦੇ ਰੇਸ਼ਮ ਸਿੰਘ ਨੂੰ 5,660 ਵੋਟਾਂ ਮਿਲੀਆਂ ਸਨ। ਸਾਲ 2014 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੂੰ ਇੱਥੋਂ 39,872 ਵੋਟਾਂ, ਕਾਂਗਰਸ ਦੇ ਜੋਗਿੰਦਰ ਸਿੰਘ ਨੂੰ 39,168 ਅਤੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਨੂੰ 30,159 ਵੋਟਾਂ ਮਿਲੀਆਂ। ਇਸੇ ਤਰ੍ਹਾਂ ਹੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਫਰੀਦਕੋਟ ਤੋਂ ਉਮੀਦਵਾਰ ਮੁਹੰਮਦ ਸਦੀਕ ਨੂੂੰ ਰਾਮਪੁਰਾ ਹਲਕੇ ਵਿੱਚੋਂ 50,988 ਵੋਟਾਂ, ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ 41,544 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੂੰ 10,287 ਵੋਟਾਂ ਪ੍ਰਾਪਤ ਹੋਈਆਂ। ਫਰੀਦਕੋਟ ਹਲਕੇ ਤੋਂ ਇਸ ਵਾਰ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ, ‘ਆਪ’ ਵੱਲੋਂ ਕਰਮਜੀਤ ਸਿੰਘ ਅਨਮੋਲ, ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਧਰਮਕੋਟ, ਭਾਜਪਾ ਵੱਲੋਂ ਹੰਸ ਰਾਜ ਹੰਸ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਗੁਰਬਖਸ਼ ਸਿੰਘ ਚੌਹਾਨ ਨੂੰ ਉਮੀਦਵਾਰ ਐਲਾਨਿਆ ਗਿਆ।

Advertisement

Advertisement
Author Image

joginder kumar

View all posts

Advertisement
Advertisement
×