ਸੰਭਾਵਨਾਵਾਂ ਦੀ ਅਹਿਮੀਅਤ
ਮਲਵਿੰਦਰ
ਸੰਭਾਵਨਾਵਾਂ ਭਵਿੱਖ ’ਚ ਪਈਆਂ ਅਣਕਹੀਆਂ ਕਥਾਵਾਂ ਹੁੰਦੀਆਂ ਹਨ। ਇਨ੍ਹਾਂ ਕਥਾਵਾਂ ਦੇ ਰਹੱਸ ਨੂੰ ਸਮਝਣਾ, ਵਿਚਾਰਨਾ ਅਤੇ ਅਪਨਾਉਣਾ ਸਾਡੇ ਵਿਹਾਰ ਦਾ ਹਿੱਸਾ ਹੋਣਾ ਚਾਹੀਦਾ ਹੈ। ਸੰਵਾਦ ਰਚਾਉਣਾ ਸੰਭਾਵਨਾਵਾਂ ਦੀ ਤਲਾਸ਼ ਕਰਨੀ ਹੁੰਦੀ ਹੈ। ਸੰਭਾਵਨਾ ਇੱਕ ਮੌਕਾ ਹੁੰਦਾ ਹੈ ਜਿਹੜਾ ਵਾਪਰ ਸਕਦਾ ਹੈ ਤੇ ਸੱਚ ਵੀ ਹੋ ਸਕਦਾ ਹੈ। ਸਾਡਾ ਜੀਵਨ ਅਮੁੱਕ ਸੰਭਾਵਨਾਵਾਂ ਨਾਲ ਭਰਿਆ ਹੈ, ਪਰ ਅਸੀਂ ਸੰਭਾਵਨਾਵਾਂ ਨੂੰ ਦਰਕਿਨਾਰ ਕਰਕੇ ਵਿਰਾਸਤ ’ਚ ਮਿਲੇ ਮੂਲ ਵਿਸ਼ਵਾਸਾਂ ਨੂੰ ਮੰਨਦਿਆਂ ਸੋਚ ਵਿਚਾਰ ਤੋਂ ਵਿਰਵੇ ਜੀਵਨ ਦੇ ਸੂਤਰ ਘੜਦੇ ਹਾਂ। ਇਹ ਸੂਤਰ ਸਾਨੂੰ ਨਿਰਪੱਖਤਾ ਨਾਲ ਫ਼ੈਸਲੇ ਲੈਣ ਤੋਂ ਵਰਜਦੇ ਹਨ। ਇਹ ਹੀ ਕਾਰਨ ਹੈ ਕਿ ਜੀਵਨ ਦੇ ਇਨ੍ਹਾਂ ਜਟਿਲ ਸਮਿਆਂ ’ਚ ਸਾਨੂੰ ਸਮਾਜ ਨਾਲ ਬੜੇ ਗਿਲੇ ਹਨ। ਸਾਡਾ ਵਿਹਾਰ ਕੁਝ ਹੋਰ ਹੈ ਤੇ ਉਮੀਦਾਂ ਕੁਝ ਹੋਰ। ਸਾਡੀਆਂ ਉਮੀਦਾਂ, ਉਮੰਗਾਂ ਸਾਡੇ ਵਿਅਕਤੀਤਵ ਦੇ ਹਾਣ ਦੀਆਂ ਨਹੀਂ ਹਨ। ਸਾਡੇ ਕਿਰਦਾਰ ਸੰਸਿਆਂ ਨਾਲ ਭਰੇ ਹਨ। ਅਸੀਂ ਇਹ ਭਰਮ ਪਾਲਿਆ ਹੈ ਕਿ ਸਾਡਾ ਕੋਈ ਸੰਗੀ ਸਾਥੀ ਨਹੀਂ ਹੈ। ਅਸੀਂ ਇਕਲਾਪਿਆਂ ਨਾਲ ਭਰੇ ਹਾਂ। ਸਾਡੇ ਵਿਸ਼ਵਾਸ ਦੇ ਪੈਰਾਂ ਹੇਠਲੀ ਭੋਇੰ ਚਿਲਕਵੀਂ ਹੈ। ਬੇਵਿਸਾਹੀ ਨਾਲ ਭਰੇ ਅਸੀਂ ਆਪਣੇ ਹੀ ਅੰਦਰ ਸੁੰਗੜ ਕੇ ਬੈਠੇ ਹਾਂ। ਬਾਹਰੀ ਪ੍ਰਸਥਿਤੀਆਂ ਨਾਲ ਸਾਡਾ ਰਿਸ਼ਤਾ ਬੇਗਾਨਗੀ ਵਾਲਾ ਹੈ। ਅਸੀਂ ਧਨ ਇਕੱਤਰ ਕਰਨ ਤੇ ਵੱਧ ਤੋਂ ਵੱਧ ਜਾਇਦਾਦ ਬਣਾਉਣ ਨੂੰ ਆਪਣੇ ਜੀਵਨ ਦੀ ਸਫ਼ਲਤਾ ਸਮਝਦੇ ਹਾਂ। ਸਾਹਿਤ ਪੜ੍ਹਨਾ, ਸੰਗੀਤ ਸੁਣਨਾ ਤੇ ਹੋਰ ਸੂਖ਼ਮ ਕਲਾਵਾਂ ਨਾਲ ਜੁੜਨਾ ਤਾਂ ਸਾਡੇ ਲਈ ਫਾਲਤੂ ਦੇ ਆਹਰ ਹਨ। ਅਸੀਂ ਆਪਣੇ ਤੋਂ ਬਾਹਰ ਸੋਚਦੇ ਹੀ ਨਹੀਂ। ਆਪਣੀ ਇਸ ਸੋਚ ਕਰਕੇ ਅਸੀਂ ਆਪਣੇ ਦੁਆਲੇ ਅੰਧਕਾਰ ਸਿਰਜ ਲੈਂਦੇ ਹਾਂ। ਅਸੀਂ ਅੰਧਕਾਰ ਵਿੱਚ ਜੀਅ ਰਹੇ ਲੋਕ ਹਾਂ। ਅਸੀਂ ਆਪਣੇ ਆਪ ਨੂੰ ਨਫ਼ਰਤ ਕਰਦੇ ਹਾਂ। ਕਹਿੰਦੇ ਹਨ ਕਿ ਨਫ਼ਰਤ ਕਲਪਨਾ ਦੀ ਘਾਟ ਹੈ। ਇਹ ਦਰੁਸਤ ਲੱਗਦਾ ਹੈ। ਕਲਪਨਾ ਤੁਹਾਨੂੰ ਸੂਖ਼ਮ ਕਲਾਵਾਂ ਨਾਲ ਜੋੜਦੀ ਹੈ। ਕਲਾਵਾਂ ਤੁਹਾਨੂੰ ਜੀਵਨ ਜਿਊਣ ਦਾ ਵੱਲ ਸਿਖਾਉਂਦੀਆਂ ਹਨ। ਸੇਕਸ਼ਪੀਅਰ ਦਾ ਕਹਿਣਾ ਹੈ ਕਿ ਕਲਾ ਦਾ ਮਕਸਦ ਜੀਵਨ ਨੂੰ ਇੱਕ ਆਕਾਰ ਦੇਣਾ ਹੈ। ਅਸੀਂ ਆਕਾਰ ਤੋਂ ਬਾਹਰ ਵਿਚਰ ਰਹੇ ਲੋਕ ਹਾਂ। ਆਪਣੇ ਆਪ ਨੂੰ ਨਫ਼ਰਤ ਕਰਦਿਆਂ ਇੰਝ ਲੱਗਦਾ ਹੈ ਕਿ ਪਿਆਰ ਕਰਨਾ ਤਾਂ ਅਸੀਂ ਸਿੱਖਿਆ ਹੀ ਨਹੀਂ। ਪਿਆਰ ਤਾਂ ਸਾਡੇ ਲਈ ਵਰਜਿਤ ਸ਼ਬਦ ਹੈ। ਸਾਡਾ ਸਮਾਜ ਪਿਆਰ ਦਾ ਦੁਸ਼ਮਣ ਹੈ। ਸਾਡੀ ਸੋਚ ਤਾਂ ਸੁਖ ਸਹੂਲਤਾਂ ਦੇ ਅੰਬਾਰ ਲਾਉਣੇ ਹਨ। ਪਿਆਰ ਦੀ ਅਣਹੋਂਦ ਜੰਗਾਂ ਯੁੱਧਾਂ ਦਾ ਕਾਰਨ ਬਣਦੀ ਹੈ। ਨਫ਼ਰਤ ਨੂੰ ਸੱਤਾ ’ਤੇ ਕਾਬਜ਼ ਧਿਰ ਹਥਿਆਰ ਵਜੋਂ ਵਰਤਦੀ ਹੈ। ਪਿਆਰ ਦਾ ਹਥਿਆਰ ਮਾਨਵੀ ਕਦਰਾਂ ਕੀਮਤਾਂ ਮਿੱਥਦਾ ਹੈ। ਰਿਸ਼ਤਿਆਂ ਦੀ ਹੰਢਣਸਾਰਤਾ ਤੇ ਸਮਾਜ ਦੀ ਖ਼ੁਸ਼ਹਾਲੀ ਪਿਆਰ ਦੀ ਮੁਥਾਜ ਹੈ।
ਅਸੀਂ ਧਰਮ ਦੀ ਵਿਆਖਿਆ ਕਰਦਿਆਂ ਸਬਰ ਸੰਤੋਖ ਦਾ ਪ੍ਰਚਾਰ ਕਰਦੇ ਹਾਂ। ਧਰਮ ਅਸਥਾਨਾਂ ’ਤੇ ਜਾ ਕੇ ਪੂਜਾ ਅਰਚਨਾ ਕਰਦੇ ਹਾਂ। ਇਹ ਸਭ ਵਿਰਾਸਤ ਵਿੱਚ ਮਿਲੇ ਵਿਸ਼ਵਾਸ ਹਨ। ਸਾਡੀ ਸੋਚ ਤਾਂ ਪੂੰਜੀਵਾਦੀ ਵਿਚਾਰਾਂ ਵਿੱਚ ਜਕੜੀ ਹੈ। ਚੇਤਨਾ ਸਾਡੀ ਸੋਚ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਸ ਦੀ ਗ਼ੈਰਹਾਜ਼ਰੀ ਵਿੱਚ ਸਾਡਾ ਦਿਮਾਗ ਵਿਚਲਿਤ ਹੁੰਦਾ ਹੈ। ਸਾਡੇ ਵਿਅਕਤੀਤਵ ਵਿੱਚ ਬਦਲਾਅ ਆਉਂਦੇ ਹਨ। ਜੀਵਨ ਸਥਿਰ ਨਹੀਂ ਰਹਿੰਦਾ। ਇਹ ਗੱਲਾਂ ਯਾਦ ਨਹੀਂ ਰੱਖਾਗੇ ਤਾਂ ਸਿਹਤ ਵਿੱਚ ਮਾਨਸਿਕ ਵਿਗਾੜ ਪੈਦਾ ਹੋਣਗੇ। ਚਿੰਤਾਵਾਂ ਤੁਹਾਡੇ ’ਤੇ ਭਾਰੂ ਹੋ ਜਾਣਗੀਆਂ। ਇਹ ਕਠਿਨ ਸਥਿਤੀ ਹੁੰਦੀ ਹੈ। ਸਾਨੂੰ ਇਸ ਦਾ ਕੋਈ ਸਿੱਧਾ ਅਨੁਭਵ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਕੁਝ ਲੋਕ ਚੁੱਪ ਦੀ ਬੁੱਕਲ ਮਾਰ ਲੈਂਦੇ ਹਨ। ਉਹ ਲੋੜ ਤੋਂ ਵੱਧ ਅੰਤਰਮੁਖੀ ਹੋ ਜਾਂਦੇ ਹਨ। ਇਹ ਮਾਨਸਿਕ ਵਿਗਾੜ ਦੇ ਪੈਦਾ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ। ਵਕਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਕਤ ਨੂੰ ਥੰਮਣ ਲਈ ਪਿਆਰ ਕਰੋ। ਵਕਤ ਦੇ ਨਾਲ ਤੁਰਨ ਲਈ ਕਿਤਾਬਾਂ ਪੜ੍ਹੋ। ਵਕਤ ਗੁਜ਼ਾਰਨ ਲਈ ਸੰਗੀਤ ਸੁਣਨਾ ਵਧੀਆ ਆਹਰ ਹੈ। ਵਕਤ ਨੂੰ ਜਾਣਨ, ਸਮਝਣ ਤੇ ਮਹਿਸੂਸ ਕਰਨ ਲਈ ਲਿਖਣਾ ਸਾਰਥਕ ਕਾਰਜ ਹੈ। ਲਿਖਣ ਨਾਲ ਤੁਹਾਡੇ ਅੰਦਰ ਦੇ ਉਹ ਭੇਤ ਵੀ ਖੁੱਲ੍ਹ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਬੋਲ ਕੇ ਪ੍ਰਗਟ ਨਹੀਂ ਕਰ ਸਕਦੇ। ਤੁਹਾਡਾ ਮਨ ਹਲਕਾ ਹੋ ਜਾਂਦਾ ਹੈ। ਪੜ੍ਹਨਾ ਲਿਖਣਾ ਮਨ ਦੀ ਇਕਾਗਰਤਾ ਲਈ ਸਭ ਤੋਂ ਉੱਤਮ ਸਾਧਨ ਹੈ। ਮਨ ਦੀ ਇਕਾਗਰਤਾ ਨੂੰ ਬਣਾਈ ਰੱਖਣਾ ਸਿਹਤਮੰਦੀ ਲਈ ਬਹੁਤ ਜ਼ਰੂਰੀ ਹੈ। ਅਸੀਂ ਹਰ ਛਿਣ ਕੁਝ ਖਰੀਦ ਰਹੇ ਜਾਂ ਵਿਕ ਰਹੇ ਹਾਂ। ਇਹ ਪੂੰਜੀਵਾਦੀ ਵਰਤਾਰਾ ਹੈ। ਸਹਿਜ, ਸੁਹਜ ਤੇ ਸੁਹੱਪਣ ਇਸ ਵਰਤਾਰੇ ਤੋਂ ਬਾਹਰ ਦੀਆਂ ਗੱਲਾਂ ਹਨ। ਖਰੀਦਣ, ਵਿਕਣ ਦੇ ਇਸ ਵਪਾਰਕ ਸਿਸਟਮ ਤੋਂ ਬਾਹਰ ਵੀ ਜ਼ਿੰਦਗੀ ਹੈ। ਉਸ ਜ਼ਿੰਦਗੀ ਨੂੰ ਅਸੀਂ ਭੁੱਲੇ ਬੈਠੇ ਹਾਂ। ਸਾਡੀ ਜ਼ਿੰਦਗੀ ਦੇ ਕੇਂਦਰ ਵਿੱਚ ਮੁਨਾਫ਼ਾ ਆ ਗਿਆ ਹੈ। ਸਾਡੇ ਜਿਉਣ ਦੇ ਸਬੱਬ ਤਾਂ ਕਿਤੇ ਹੋਰ ਪਏ ਹਨ। ਅਸੀਂ ਤਾਂ ਜ਼ਿੰਦਗੀ ਦੇ ਉਸ ਮੌਸਮ ਨੂੰ ਗਲ਼ ਲਾਈ ਬੈਠੇ ਹਾਂ ਜੋ ਨਿੱਜ ਵਿੱਚੋਂ ਨਿਕਲਦਾ, ਪਰਿਵਾਰਾਂ ਵਿੱਚੋਂ ਲੰਘਦਾ ਪੂਰੇ ਸਮਾਜ ਵਿੱਚ ਫੈਲਦਾ ਉਦਾਸੀਆਂ ਤੇ ਚਿੰਤਾਵਾਂ ਦਾ ਮੌਸਮ ਹੈ।
ਇਸ ਮੌਸਮ ’ਚੋਂ ਬਾਹਰ ਨਿਕਲਣ ਦਾ ਕੰਮ ਔਖਾ ਵੀ ਨਹੀਂ ਹੈ। ਧਿਆਨ ਦਾ ਕੋਣ ਬਦਲਣਾ ਪੈਣਾ ਹੈ। ਵਸਤਾਂ, ਵਰਤਾਰਿਆਂ ਨੂੰ ਵੇਖਣ, ਸਮਝਣ ਦਾ ਦ੍ਰਿਸ਼ਟੀਕੋਣ ਬਦਲਣਾ ਪੈਣਾ ਹੈ। ਹਰ ਵੇਲ਼ੇ ਕਿਸੇ ਖ਼ੂਬਸੂਰਤੀ ਦੀ ਤਲਾਸ਼ ਕਰਦੇ ਰਹਿਣਾ ਪੈਣਾ ਹੈ। ਕੋਈ ਚਿਹਰਾ, ਕਵਿਤਾ ਦੀ ਕੋਈ ਸਤਰ, ਆਸਮਾਨ ਵਿੱਚ ਬੱਦਲਾਂ ਦੁਆਰਾ ਸਿਰਜਿਆ ਕੋਈ ਚਿੱਤਰ, ਪੰਛੀਆਂ ਦੀਆਂ ਆਵਾਜ਼ਾਂ, ਪੌਣ ਦਾ ਬਿਰਖਾਂ ਥੀਂ ਰੁਮਕਣਾ, ਪੱਤਝੜ ਦੇ ਰੰਗ, ਪੁੰਗਰ ਰਹੀ ਹਰਿਆਵਲ ਦਾ ਅਹਿਸਾਸ ਆਪਣੇ ਅੰਦਰ ਵਸਾਉਣਾ ਪੈਣਾ ਹੈ। ਇਹ ਸੁੰਦਰਤਾ ਦਾ ਅਹਿਸਾਸ ਹੈ। ਸੁੰਦਰਤਾ ਮਨ ਨੂੰ ਲੁਭਾਉਂਦੀ ਹੈ। ਆਪਣੇ ਅੰਦਰ ਨਫ਼ਰਤ ਪਾਲਣੀ ਜ਼ਹਿਰੀਲੇ ਜੀਵ ਨੂੰ ਚਿੱਥਣ ਵਾਂਗ ਹੁੰਦਾ ਹੈ। ਨਫ਼ਰਤ ਸਥਿਤੀ ਦਾ ਸਹੀ ਵਿਸ਼ਲੇਸ਼ਣ ਨਹੀਂ ਕਰਨ ਦਿੰਦੀ। ਨਫ਼ਰਤ ਸਾਡੀਆਂ ਭਾਵਨਾਵਾਂ ਅਤੇ ਸੋਚ ਨੂੰ ਵਿਚਲਿਤ ਕਰਦੀ ਹੈ। ਸੱਚ ਇਹ ਹੈ ਕਿ ਸਾਡੀ ਨਫ਼ਰਤ ਤਾਂ ਸਹੀ ਟਿਕਾਣੇ ’ਤੇ ਪਹੁੰਚਦੀ ਹੀ ਨਹੀਂ। ਇਹ ਤਾਂ ਸਾਡੇ ਅੰਦਰ ਰੋਗ ਬਣ ਕੇ ਬੈਠ ਜਾਂਦੀ ਹੈ। ਅਰੋਗ ਹੋਣ ਲਈ ਸਵੇਰੇ ਵੇਲ਼ੇ ਨਾਲ ਉੱਠਣਾ, ਨਹਾਉਣਾ, ਸੈਰ ਕਰਨੀ, ਦੋਸਤਾਂ ਨੂੰ ਮਿਲਣਾ, ਗੱਪ-ਸ਼ੱਪ ਮਾਰਨੀ, ਨਿਮਰ ਰਹਿਣਾ ਕੁਝ ਸਿਹਤਮੰਦ ਵਰਤਾਰੇ ਹਨ। ਸਾਡੇ ਮੁਹੱਲੇ ਦੀ ਦੁਕਾਨ ’ਤੇ ਮੈਂ ਜਦ ਵੀ ਜਾਂਦਾ, ਦੁਕਾਨਦਾਰ ਟੀ.ਵੀ. ’ਤੇ ਖ਼ਬਰਾਂ ਸੁਣ ਰਿਹਾ ਖਿਝਿਆ ਹੁੰਦਾ। ਉਸ ਨੂੰ ਸਮਝਾਇਆ ਕਿ ਮੈਂ ਕਈ ਵਰ੍ਹਿਆਂ ਤੋਂ ਟੀ.ਵੀ. ਵੇਖਣਾ ਘਟਾਇਆ ਹੈ ਤੇ ਖ਼ਬਰਾਂ ਸੁਣਨੀਆਂ ਤਾਂ ਬਿਲਕੁਲ ਬੰਦ ਕੀਤੀਆਂ ਹਨ। ਮੈਂ ਸੁਖੀ ਹਾਂ, ਸ਼ਾਂਤ ਹਾਂ। ਆਉਂਦੇ ਦਿਨਾਂ ਦੌਰਾਨ ਮੈਂ ਉਸ ਦੁਕਾਨਦਾਰ ਵਿੱਚ ਤਬਦੀਲੀ ਵੇਖੀ। ਸੋਸ਼ਲ ਮੀਡੀਆ ਨੇ ਦੁਨੀਆ ਨੂੰ ਬਿਨਾਂ ਕੰਮ ਦੇ ਆਹਰੇ ਲਾ ਰੱਖਿਆ ਹੈ। ਅਸੀਂ ਬੱਸਾਂ, ਕਾਰਾਂ, ਰੇਲਾਂ ਤੇ ਜਹਾਜ਼ਾਂ ਦਾ ਸਫ਼ਰ ਮੋਬਾਈਲ ਦੀ ਉਂਗਲ ਫੜ ਕੇ ਕਰਦੇ ਹਾਂ। ਅਸੀਂ ਭੋਜਨ ਮੋਬਾਈਲ ਦੇ ਅੰਦਰ ਬਹਿ ਕੇ ਕਰਦੇ ਹਾਂ। ਸਾਡਾ ਰੈਣ ਬਸੇਰਾ ਮੋਬਾਈਲ ਦੇ ਅੰਦਰ ਹੋ ਗਿਆ ਹੈ। ਸਾਡੇ ਬਹੁਤ ਸਾਰੇ ਜ਼ਰੂਰੀ ਕੰਮ ਪਛੜ ਜਾਂਦੇ ਹਨ। ਸਾਡੇ ਚੇਤਿਆਂ ’ਚੋਂ ਹੁਣੇ ਹੁਣੇ ਫੁਰੀ ਕਵਿਤਾ ਵਿਸਰ ਜਾਂਦੀ ਹੈ। ਸੋਸ਼ਲ ਮੀਡੀਆ ਨੇ ਸਾਡੀ ਵਿਹਲ ਨਿਗਲ ਲਈ ਹੈ। ਸਾਡੀ ਤੰਦਰੁਸਤੀ ਰੋਗ-ਗ੍ਰਸਤ ਹੋ ਰਹੀ ਹੈ। ਪਰਿਵਾਰਾਂ ਵਿਚਲੀ ਅਪਣੱਤ ਖਿਝ ਵਿੱਚ ਬਦਲ ਰਹੀ ਹੈ। ਚੈਨਲਾਂ ’ਤੇ ਇਕਪਾਸੜ ਖ਼ਬਰਾਂ ਵਿੱਚ ਰੱਜ ਕੇ ਝੂਠ ਬੋਲਿਆ ਜਾਂਦਾ ਹੈ। ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਬੁਲਾ ਕੇ ਕਰਵਾਈ ਜਾਂਦੀ ਬਹਿਸ ਵਿੱਚ ਅਸੀਂ ਭੋਲ਼ੇ ਭਾਅ ਇੱਕ ਧਿਰ ਬਣ ਬਹਿੰਦੇ ਹਾਂ। ਸਾਡਾ ਸਹਿਜ ਵਿਗੜ ਜਾਂਦਾ ਹੈ। ਅਸੀਂ ਖਿਝੇ ਖਿਝੇ ਰਹਿੰਦੇ ਹਾਂ। ਇਹ ਸਾਡੇ ਡਿਪਰੈਸ਼ਨ ਵਿੱਚ ਜਾਣ ਦਾ ਸਬੱਬ ਵੀ ਬਣ ਸਕਦਾ ਹੈ।
ਪਿੰਡਾਂ ਵਿੱਚ ਕਿਸੇ ਵਿਸ਼ਾਲ ਬਿਰਖ ਦੀ ਛਾਵੇਂ ਮੇਲੇ ਜੁੜਦੇ ਸਨ। ਇਹ ਮੇਲੇ ਭਾਈਚਾਰਕ ਸਾਂਝ ਦਾ ਸਾਂਝਾ ਸ਼ੌਕ ਤੇ ਉਪਰਾਲਾ ਸਨ। ਘਰਾਂ ਦੇ ਝਮੇਲੇ, ਫ਼ਿਕਰ, ਚਿੰਤਾਵਾਂ ਤੇ ਦੁਸ਼ਵਾਰੀਆਂ ਇਨ੍ਹਾਂ ਮੇਲਿਆਂ ਤੋਂ ਦੂਰ ਰਹਿੰਦੇ ਸਨ। ਬਿਰਖਾਂ ਕੋਲ ਬੈਠਣਾ, ਉਨ੍ਹਾਂ ਨੂੰ ਨਿਹਾਰਨਾ, ਸੰਭਾਲ ਕਰਨੀ, ਨਵੇਂ ਪੌਦੇ ਲਾਉਣੇ ਅਨੂਠਾ ਅਨੁਭਵ ਹੁੰਦਾ ਸੀ। ਇਹ ਕੁਦਰਤ ਨਾਲ ਸਾਡਾ ਅੰਤਰੀਵ ਪਿਆਰ ਸੀ। ਪਿਆਰ ਨਫ਼ਰਤ ਦਾ ਵਿਪਰੀਤ ਸ਼ਬਦ ਹੈ। ਜੇਕਰ ਕੋਈ ਤੁਹਾਨੂੰ ਪਿਆਰ ਕਰਦਾ ਹੈ ਤਾਂ ਤੁਹਾਡਾ ਉਸ ਉਪਰ ਸ਼ੱਕ ਕਰਨਾ ਤੁਹਾਡੇ ਅੰਦਰਲੇ ਸੰਦੇਹ ਦੀ ਮਜਬੂਰੀ ਹੋ ਸਕਦੀ ਹੈ। ਕੁਦਰਤ ਨੂੰ ਪਿਆਰ ਕਰਨ ਲਈ ਕਿਸੇ ਦੀ ਆਗਿਆ ਨਹੀਂ ਲੈਣੀ ਪੈਂਦੀ। ਜੰਗਲਾਂ ’ਚ ਪਲੀ ਸੱਭਿਅਤਾ ਥਲਾਂ ’ਚ ਪਲ਼ੀ ਸੱਭਿਅਤਾ ਨਾਲੋਂ ਭਿੰਨ ਹੁੰਦੀ ਹੈ। ਤਪਦੀ ਰੇਤ ਕੋਲ ਸੀਨੇ ਨੂੰ ਠੰਢ ਪਾਉਣ ਵਾਲੀ ਘਣੀ ਛਾਂ ਤੇ ਰੁਮਕਦੀ ਠੰਢੀ ਪੌਣ ਨਹੀਂ ਹੁੰਦੀ। ਸਾਡੀਆਂ ਸੋਚਾਂ ਕੁਦਰਤ ਦੀ ਹੀ ਦੇਣ ਹਨ। ਕੁਦਰਤ ਦੇ ਅਸੀਮ ਸ੍ਰੋਤਾਂ ’ਚੋਂ ਮੁਨਾਫ਼ਾ ਕਮਾਉਣ ਦੇ ਲਾਲਚ ਨੇ ਕੁਦਰਤ ਦਾ ਬੇਹੱਦ ਵਿਗਾੜ ਕੀਤਾ ਹੈ। ਇਸ ਵਿਗਾੜ ਨੇ ਸਦੀਆਂ ਤੋਂ ਉੱਥੇ ਵੱਸ ਰਹੇ ਆਦਿਵਾਸੀ ਲੋਕਾਂ ਨੂੰ ਉਜਾੜਿਆ ਹੈ। ਬੇਚੈਨੀ ਪੈਦਾ ਹੋਈ ਹੈ। ਸੱਤਾ ਨਾਲ ਸਿੱਧੀ ਟੱਕਰ ਨੇ ਹਿੰਸਾ ਨੂੰ ਜਨਮ ਦਿੱਤਾ ਹੈ। ਵਤਨ ਪ੍ਰਤੀ ਬੇਗਾਨਗੀ ਦਾ ਅਹਿਸਾਸ ਗੂੜ੍ਹਾ ਹੋਇਆ ਹੈ। ਦੇਸ਼ ਭਗਤੀ ਕਿਤਾਬਾਂ ਦਾ ਸ਼ਿੰਗਾਰ ਬਣਕੇ ਰਹਿ ਗਈ ਹੈ। ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ। ਚੰਗਾ ਬੁਰਾ ਹੁੰਦਾ ਰਹਿੰਦਾ ਹੈ। ਤੁਹਾਡੇ ਕੋਲ ਸੱਚ ਹੋਣਾ ਚਾਹੀਦਾ ਹੈ। ਆਪਣੇ ਮਨ ਦੇ ਰਹਿਣ ਲਈ ਸੁਖਦਾਇਕ ਘਰ ਦਾ ਨਿਰਮਾਣ ਕਰੋ। ਖੁੱਲ੍ਹੀ ਹਵਾ ਵਿੱਚ ਅਤੇ ਸਹਿਣਯੋਗ ਧੁੱਪ ਵਿੱਚ ਟਹਿਲਣਾ ਥੱਕੀ ਰੂਹ ਨੂੰ ਆਰਾਮ ਦਿੰਦਾ ਹੈ। ਸਵੇਰ ਵੇਲ਼ੇ ਆਪਣੇ ਕਮਰੇ ਦੀ ਪੂਰਬ ਵੱਲ ਦੀ ਖਿੜਕੀ ਖੋਲ੍ਹਣ ਨਾਲ ਸੂਰਜ ਅੰਦਰ ਆ ਕੇ ਧੁੱਪ ਦੀ ਆਮਦ ਦਾ ਸੁਨੇਹਾ ਦਿੰਦਾ ਹੈ। ਕਮਰਾ ਰੋਸ਼ਨੀ ਨਾਲ ਭਰ ਜਾਂਦਾ ਹੈ। ਅੰਧੇਰਾ ਮਿਟ ਜਾਂਦਾ ਹੈ। ਵਸਤਾਂ ਦੇ ਆਕਾਰ ਪਾਰਦਰਸ਼ੀ ਹੋ ਜਾਂਦੇ ਹਨ। ਦਿਨ ਦਾ ਆਗਾਜ਼ ਉਤਸ਼ਾਹਪੂਰਨ ਹੁੰਦਾ ਹੈ।
ਚਿੰਤਾਗ੍ਰਸਤ ਸਥਿਤੀ ਵਿੱਚ ਚਲੇ ਜਾਣਾ ਅੱਜ ਦੀ ਬੇਵਸਾਹੀ ਜ਼ਿੰਦਗੀ ਵਿੱਚ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਅਜਿਹੇ ਮੌਕੇ ਸਾਡੇ ਅੰਦਰ ਬੈਠੇ ਮਾਨਵਵਾਦ ਨੂੰ ਜਾਗਣਾ ਚਾਹੀਦਾ ਹੈ। ਸਾਡੀਆਂ ਆਪ ਸਹੇੜੀਆਂ ਚਿੰਤਾਵਾਂ ਨੇ ਸਾਨੂੰ ਬਿਮਾਰ ਕਰ ਦਿੱਤਾ ਹੈ। ਸੰਭਾਵਨਾਵਾਂ ਉਸ ਨੂੰ ਠੀਕ ਕਰ ਦੇਣਗੀਆਂ। ਕਿਸੇ ਵੀ ਸਮੱਸਿਆ ਲਈ ਪਹਿਲਾਂ ਤੋਂ ਸੋਚ ਰੱਖਿਆ ਗਣਿਤ ਦੇ ਫਾਰਮੂਲੇ ਵਰਗਾ ਹੱਲ ਸਹੀ ਨਹੀਂ ਹੁੰਦਾ। ਮੌਕਿਆਂ ਵਿੱਚੋਂ ਸੰਭਾਵਨਾਵਾਂ ਤਲਾਸ਼ਣੀਆਂ ਪੈਂਦੀਆਂ ਹਨ। ਘਰੋਂ ਨਿਕਲਣ ਤੋਂ ਪਹਿਲਾਂ ਮੌਸਮਾਂ ਦਾ ਹਾਲ ਨਹੀਂ ਪੁੱਛੀਦਾ। ਵਿਪਰੀਤ ਪ੍ਰਸਥਿਤੀਆਂ ਦਾ ਟਾਕਰਾ ਕਰਨਾ ਆਪਣੇ ਅੰਦਰ ਖੇੜਾ ਪੈਦਾ ਕਰਨ ਲਈ ਬਹੁਤ ਜ਼ਰੂਰੀ ਹੈ। ਜੀਵਨ ਸ਼ੈਲੀ ਦੇ ਸਾਰੇ ਪੱਖਾਂ ਦਾ ਜੋੜ ਸਿਹਤ ਹੁੰਦੀ ਹੈ। ਖ਼ਾਮੋਸ਼ ਹੋ ਜਾਣਾ ਆਪਣੇ ਅੰਦਰ ਸੁੱਤੀ ਪਈ ਕਵਿਤਾ ਨੂੰ ਜਗਾਉਣਾ ਵੀ ਹੁੰਦਾ ਹੈ। ਤੰਗੀ ਤੁਰਸ਼ੀ ਦੇ ਦਿਨਾਂ ਦਾ ਸੰਘਰਸ਼ ਅਤੇ ਚਿੰਤਾਵਾਂ ਨਾਲ ਗ੍ਰਸਤ ਛਿਣਾਂ ਦਾ ਜ਼ਿਕਰ ਸਿਰਜਣਾ ਦਾ ਮਾਣਮੱਤਾ ਬਿਰਤਾਂਤ ਬਣਦਾ ਹੈ। ਉਦਾਸ ਕਵਿਤਾ ਨਾਲ ਸੰਵਾਦ ਵੀ ਰਚਾਉਣਾ ਪੈਂਦਾ ਹੈ।
ਸੰਪਰਕ: +1-365-994-6744, 97795-91344