ਅਜੋਕੇ ਸੰਸਾਰ ’ਚ ਗਾਂਧੀ ਦੀਆਂ ਸਿੱਖਿਆਵਾਂ ਦੀ ਅਹਿਮੀਅਤ ਹੋਰ ਵਧੀ: ਵੋਹਰਾ
ਸਤਿਆ ਪ੍ਰਕਾਸ਼
ਨਵੀਂ ਦਿੱਲੀ, 3 ਦਸੰਬਰ
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ. ਵੋਹਰਾ ਤੇ ਕਈ ਹੋਰ ਵਿਦਵਾਨਾਂ ਅਤੇ ਅਹਿਮ ਸ਼ਖ਼ਸੀਅਤਾਂ ਦਾ ਮੰਨਣਾ ਹੈ ਕਿ ਮਹਾਤਮਾ ਗਾਂਧੀ ਵੱਲੋਂ ਪ੍ਰਚਾਰੀਆਂ ਤੇ ਅਪਣਾਈਆਂ ਗਈਆਂ ਕਦਰਾਂ-ਕੀਮਤਾਂ, ਉਨ੍ਹਾਂ ਦੀ ਹੱਤਿਆ ਦੇ 75 ਵਰ੍ਹਿਆਂ ਬਾਅਦ ਵਰਤਮਾਨ ਸਮਿਆਂ ਵਿਚ ਹੋਰ ਵੀ ਜ਼ਿਆਦਾ ਢੁੱਕਵੀਆਂ ਹੋ ਗਈਆਂ ਹਨ। ਸਾਬਕਾ ਰਾਜਪਾਲ ਤੇ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲਕ੍ਰਿਸ਼ਨ ਗਾਂਧੀ ਦੀ ਨਵੀਂ ਕਿਤਾਬ ‘ਮੋਹਨਦਾਸ ਕਰਮਚੰਦ ਗਾਂਧੀ: ਆਈ ਐਮ ਐਨ ਔਰਡਿਨਰੀ ਮੈਨ: ਇੰਡੀਆ’ਜ਼ ਸਟਰੱਗਲ ਫਾਰ ਫਰੀਡਮ (1914-1948)’ ਰਿਲੀਜ਼ ਕਰਦਿਆਂ ਸ੍ਰੀ ਵੋਹਰਾ ਨੇ ਇਸ ਕਾਰਜ ਲਈ ਲੇਖਕ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੋਪਾਲਕ੍ਰਿਸ਼ਨ ਗਾਂਧੀ ਵੱਲੋਂ ਕੀਤਾ ਗਿਆ ਇਹ ਕਾਰਜ ਇਕ ਪੋਤਰੇ ਦੀ ਦਾਦੇ ਨੂੰ ਮਿਸਾਲੀ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਜ਼ਰੂਰ ਪੜ੍ਹਿਆ ਜਾਵੇ। ਸ੍ਰੀ ਵੋਹਰਾ ਨੇ ਕਿਹਾ ਕਿ 1948 ਵਿਚ ਮਹਾਤਮਾ ਗਾਂਧੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪੂਰੇ ਸੰਸਾਰ ’ਚ ਸਤਿਕਾਰ ਮਿਲਿਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਕਿਹਾ, ‘ਇਹ ਨਾ ਸਿਰਫ਼ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ’ਚ ਵੱਡਾ ਯੋਗਦਾਨ ਹੈ, ਬਲਕਿ ਇਸ ਵਿਚ ਉਨ੍ਹਾਂ ਸਮਿਆਂ ਦਾ ਜ਼ਿਕਰ ਹੈ ਜਿਨ੍ਹਾਂ ਵਿਚੋਂ ਗਾਂਧੀ ਜੀ ਗੁਜ਼ਰੇ, ਕੰਮ ਤੇ ਸੰਘਰਸ਼ ਕੀਤਾ ਤੇ ਰੋਜ਼ਾਨਾ ਬਸਤੀਵਾਦੀ ਹੁਕਮਰਾਨਾਂ ਨਾਲ ਵੀ ਮੱਥਾ ਲਾਇਆ। ਇਹ ਕਈ ਮਾਅਨਿਆਂ ਵਿਚ ਭਾਰਤ ਦਾ ਸਮਾਜਿਕ ਤੇ ਸਿਆਸੀ ਇਤਿਹਾਸ ਹੈ। ਵੋਹਰਾ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਉਨ੍ਹਾਂ ਦੀ ਪੀੜ੍ਹੀ (1930ਵਿਆਂ ਦੀ ਪੀੜ੍ਹੀ) ਉਤੇ ਵਿਸ਼ੇਸ਼ ਪ੍ਰਭਾਵ ਸੀ। ਉਨ੍ਹਾਂ ਕਿਹਾ ਕਿ ਪਹੀਆ ਇਕ ਵਾਰ ਫਿਰ ਘੁੰਮ ਗਿਆ ਹੈ। ਦੁਨੀਆ ਵਿਚ ਚੀਜ਼ਾਂ ਜਿਸ ਤਰ੍ਹਾਂ ਵਾਪਰ ਰਹੀਆਂ ਹਨ, ਅਸੀਂ ਦੁਬਾਰਾ ਉਨ੍ਹਾਂ (ਗਾਂਧੀ) ਦੀਆਂ ਸਿੱਖਿਆਵਾਂ ਦੀ ਕਦਰ ਕਰਨੀ ਸ਼ੁਰੂ ਕਰਾਂਗੇ। ਮਹਾਤਮਾ ਗਾਂਧੀ ਦੀ ਨਿੱਜੀ ਜ਼ਿੰਦਗੀ ਤੇ ਕਸਤੂਰਬਾ ਗਾਂਧੀ ਨਾਲ ਆਪਣੇ ਰਿਸ਼ਤਿਆਂ ਦੀਆਂ ਕਈ ਕਹਾਣੀਆਂ ਸਾਂਝੀਆਂ ਕਰਦਿਆਂ ਲੇਖਕ ਨੇ ਦੱਸਿਆ ਕਿ ਕਸਤੂਰਬਾ ਗਾਂਧੀ ਉਨ੍ਹਾਂ (ਮਹਾਤਮਾ ਗਾਂਧੀ) ਨਾਲ ਆਮ ਵਿਅਕਤੀ ਵਾਂਗ ਵਿਹਾਰ ਕਰਦੇ ਸਨ ਤੇ ਮਹਾਤਮਾ ਗਾਂਧੀ ਇਸ ਗੱਲ ਦੀ ਕਦਰ ਕਰਦੇ ਸਨ। ਗੋਪਾਲਕ੍ਰਿਸ਼ਨ ਗਾਂਧੀ ਨੇ ਉਨ੍ਹਾਂ ਭਾਵੁਕ ਪਲਾਂ ਬਾਰੇ ਵੀ ਦੱਸਿਆ ਜਦ ਪੁਣੇ ਦੇ ਆਗਾ ਖਾਨ ਪੈਲੇਸ ਵਿਚ 22 ਫਰਵਰੀ, 1944 ਨੂੰ ਕਸਤੂਰਬਾ ਗਾਂਧੀ ਦਾ ਦੇਹਾਂਤ ਹੋਇਆ ਸੀ। ਲੇਖਕ ਨੇ ਦੱਸਿਆ, ‘22 ਤਰੀਕ ਦੀ ਸ਼ਾਮ ਨੂੰ, ਮੈਨੂੰ ਉਨ੍ਹਾਂ ਬੁਲਾਇਆ...ਮੈਂ ਉਨ੍ਹਾਂ ਨੂੰ ਮੋਢੇ ਨਾਲ ਲਾ ਕੇ ਸਹਿਜ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ...ਉਸ ਵੇਲੇ ਕਰੀਬ 10 ਜਣੇ ਅੱਗੇ ਖੜ੍ਹੇ ਸਨ...ਕੁਝ ਦੇਰ ਬਾਅਦ ਹਰੀਲਾਲ, ਰਾਮਦਾਸ ਤੇ ਦੇਵਦਾਸ (ਉਨ੍ਹਾਂ ਦੇ ਪੁੱਤਰ) ਵੀ ਆ ਗਏ...ਕਰੀਬ 7.35 ਹੋਏ ਸਨ...ਹਿੰਦੂ ਕੈਲੰਡਰ ਮੁਤਾਬਕ ਸ਼ਿਵਰਾਤਰੀ ਸੀ।’
ਸਾਬਕਾ ਆਈਏਐੱਸ ਅਧਿਕਾਰੀ ਤੇ ਕਾਰਕੁਨ ਅਰੁਣਾ ਰੌਏ ਨੇ ਕਿਹਾ ਕਿ ਉਹ ਗਾਂਧੀ ਦੀ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋਈ ਸੀ। ਉਨ੍ਹਾਂ ਸਾਰੇ ਨੌਜਵਾਨਾਂ ਨੂੰ ਗਾਂਧੀ ਬਾਰੇ ਪੜ੍ਹਨ ਦੀ ਅਪੀਲ ਕੀਤੀ ਤਾਂ ਕਿ ਉਹ ਜਾਣ ਸਕਣ ਕਿ ਅਜੋਕੇ ਸਮੇਂ ਵਿਚ ਵੀ ਉਹ ਕਿਵੇਂ ਅੱਜ ਵੀ ਸਾਰਥਿਕ ਹਨ। ਇਸ ਮੌਕੇ ਇਤਿਹਾਸਕਾਰ ਰੁਦਰਾਂਗਸ਼ੂ ਮੁਖਰਜੀ ਤੇ ਰਾਜਨੀਤਕ ਮਾਹਿਰ ਤ੍ਰਿਦੀਪ ਸੁਹਰੁਦ ਨੇ ਆਪਣੇ ਵਿਚਾਰ ਰੱਖੇ।