ਬਾਜ਼ਾਰਾਂ ਵਿੱਚ ਵੀ ਦਿਖਣ ਲੱਗਿਆ ਹੜ੍ਹਾਂ ਕਾਰਨ ਹੋਏ ਆਰਥਿਕ ਨੁਕਸਾਨ ਦਾ ਅਸਰ
ਸੁਖਦੇਵ ਸਿੰਘ
ਅਜਨਾਲਾ, 27 ਅਗਸਤ
ਸੂਬੇ ਦੇ ਵੱੱਖ-ਵੱਖ ਥਾਵਾਂ ਵਿੱਚ ਪਿਛਲੇ ਦਿਨੀਂ ਹੋਈਆਂ ਤੇਜ਼ ਬਾਰਸ਼ਾਂ ਅਤੇ ਪਹਾੜਾਂ ਵਿੱਚ ਪਈ ਭਾਰੀ ਬਰਸਾਤ ਕਾਰਨ ਜਿੱਥੇ ਹੜ੍ਹਾਂ ਨੇ ਵੱਖ-ਵੱਖ ਵਰਗ ਦੇ ਲੋਕਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਹੀ ਇਸ ਆਰਥਿਕ ਮੰਦਹਾਲੀ ਦਾ ਅਸਰ ਬਜ਼ਾਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਦੁਕਾਨਾਂ ਤਾਂ ਆਮ ਦਿਨਾਂ ਵਾਂਗ ਸਜੀਆਂ ਹਨ ਪਰ ਗਾਹਕਾਂ ਦੀ ਆਮਦ ਬਹੁਤ ਹੀ ਘੱਟ ਦੇਖਣ ਨੂੰ ਮਿਲ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਰੱਖੜੀ ਦੀ ਤਾਂ ਇਸ ਤਿਉਹਾਰ ਮੌਕੇ ਰੱਖੜੀਆਂ ਖਰੀਦਣ ਲਈ ਲੋਕਾਂ ਵਿੱਚ ਹੁੰਦੇ ਭਾਰੀ ਉਤਸ਼ਾਹ ਕਾਰਨ ਬਜ਼ਾਰਾਂ ਵਿੱਚ ਲੋਕਾਂ ਅਤੇ ਗ੍ਰਾਹਕਾਂ ਦੀ ਖੂਬ ਚਹਿਲ-ਪਹਿਲ ਦੇਖਣ ਨੂੰ ਮਿਲਦੀ ਸੀ ਅਤੇ ਗਾਹਕਾਂ ਅੱਗੇ ਦੁਕਾਨਦਾਰਾਂ ਦੀਆਂ ਰੱਖੜੀਆਂ ਅਤੇ ਮਠਿਆਈਆਂ ਘਟ ਜਾਂਦੀਆਂ ਸਨ ਪਰ ਇਸ ਵਾਰ ਦੁਕਾਨਦਾਰ ਆਪਣੇ ਆਪ ਨੂੰ ਤਿਉਹਾਰ ਦੇ ਸੀਜ਼ਨ ਦੌਰਾਨ ਵੀ ਵਿਹਲੇ ਹੀ ਮਹਿਸੂਸ ਕਰ ਰਹੇ ਹਨ।
ਤਹਿਸੀਲ ਅਜਨਾਲਾ ਦੇ ਸਭ ਤੋਂ ਵੱਡੇ ਅਤੇ ਸਰਹੱਦੀ ਖੇਤਰ ਦੇ ਮੇਨ ਬਜ਼ਾਰ ਅਜਨਾਲਾ ਵਿੱਚ ਰੱਖੜੀ ਦੀ ਦੁਕਾਨ ਲਗਾ ਕੇ ਬੈਠੇ ਦੁਕਾਨਦਾਰ ਭਗਵਾਨ ਦਾਸ ਨੇ ਦੱਸਿਆ ਕਿ ਬਰਸਾਤਾਂ ਅਤੇ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਚਲਦਿਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਰੱਖੜੀ ਦੇ ਤਿਉਹਾਰ ਪ੍ਰਤੀ ਲੋਕਾਂ ਵਿੱਚ ਉਤਸ਼ਾਹ ਬਹੁਤ ਹੀ ਘੱਟ ਹੈ ਕਿੳਕਿ ਹਰੇਕ ਦੁਕਾਨਦਾਰ ਜਿੰਨੀਆਂ ਰੱਖੜੀਆਂ ਖਰੀਦ ਕੇ ਆਪਣੀ ਦੁਕਾਨ ਵਿੱਚ ਰੱਖਦਾ ਸੀ ਉਹ ਸਾਰੀਆਂ ਹੀ ਵਿਕ ਜਾਂਦੀਆਂ ਸਨ ਪਰ ਇਸ ਵਾਰ ਅਜੇ ਤੱਕ ਤੀਜਾ ਹਿੱਸਾ ਵੀ ਨਹੀਂ ਵਿਕੀਆਂ। ਉਨ੍ਹਾਂ ਦੱਸਿਆ ਕਿ ਕੁਦਰਤੀ ਕਰੋਪੀ ਦਾ ਨੁਕਸਾਨ ਜਿੱਥੇ ਕਿਸਾਨਾਂ, ਮਜ਼ਦੂਰਾਂ ਨੂੰ ਝੱਲਣਾਂ ਪੈ ਰਿਹਾ ਹੈ ਉੱਥੇ ਹੀ ਦੁਕਾਨਦਾਰ ਵੀ ਇਸ ਕਰੋਪੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਆਉਂਦੇ ਦਿਨਾਂ ਦੌਰਾਨ ਵੀ ਗਾਹਕਾਂ ਦੀ ਆਮਦ ਘੱਟ ਰਹਿੰਦੀ ਹੈ ਤਾਂ ਦੁਕਾਨਦਾਰ ਅਤੇ ਹਲਵਾਈ ਵੀ ਭਾਰੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਜਾਣਗੇ।