ਸਬਜ਼ੀ ਉਤਪਾਦਕਾਂ ’ਤੇ ਮੌਸਮੀ ਤਬਦੀਲੀ ਦੀ ਮਾਰ
ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 28 ਨਵੰਬਰ
ਆਲੂ, ਮਟਰ ਤੇ ਹੋਰ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਇਸ ਵੇਲੇ ਬਦਲਦੇ ਮੌਸਮ ਅਤੇ ਹੋਰ ਉੱਪਰਲੇ ਖਰਚਿਆਂ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ।
ਇਸ ਬਾਰੇ ਸਬਜ਼ੀ ਉਤਪਾਦਕਾਂ ਨੇ ਪੱਤਰਕਾਰਾਂ ਨੂੰ ਸਬਜ਼ੀ ਵਾਲੇ ਖੇਤਾਂ ਦਾ ਦੌਰਾ ਕਰਵਾਇਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਲਖਬੀਰ ਸਿੰਘ ਨਿਜਾਮਪੁਰ ਅਤੇ ਭੁਪਿੰਦਰ ਸਿੰਘ ਤੀਰਥਪੁਰ ਨੇ ਦੱਸਿਆ ਕਿ ਜਿਥੇ ਪਹਿਲਾਂ ਸਰਕਾਰਾਂ ਦੀ ਨਾਕਾਮੀਆਂ ਕਾਰਨ ਝੋਨੇ ਦੇ ਸੀਜ਼ਨ ਸਮੇਂ ਬਾਸਮਤੀ 1509 ਪੈਦਾ ਕਰਨ ਵਾਲੇ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ ਪ੍ਰਤੀ ਕੁਇੰਟਲ 1000 ਰੁਪਏ ਘੱਟ ਰੇਟ ਮਿਲਣ ਕਾਰਨ ਪ੍ਰਤੀ ਏਕੜ 25000 ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਹੁਣ ਆਲੂਆਂ, ਮਟਰਾਂ, ਫਰਾਂਸਬੀਨ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਮਹਿੰਗੇ ਬੀਜ, ਖਾਦ ਅਤੇ ਦਵਾਈਆਂ ਵਰਤ ਕੇ ਤਿਆਰ ਕੀਤੀ ਫਸਲ ’ਤੇ ਮੌਸਮ ਮਾਰ ਪੈ ਰਹੀ ਹੈ। ਪਹਿਲਾਂ ਗਰਮੀ ਨੇ ਮਟਰਾਂ ਦੀ ਅਗੇਤੀ ਫਸਲ ਬਿਲਕੁਲ ਤਬਾਹ ਕਰ ਦਿੱਤੀ। ਹੁਣ ਬਹੁਤ ਸਾਰੇ ਕਿਸਾਨਾਂ ਨੂੰ ਮਟਰਾਂ ਦੀ ਖੜ੍ਹੀ ਫਸਲ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ।
ਆਗੂਆਂ ਪੰਜਾਬ ਸਰਕਾਰ ਕੋਲੋਂ ਸਬਜ਼ੀ ਕਾਸ਼ਤਕਾਰ ਕਿਸਾਨਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ। ਅੱਜ ਦੇ ਦੌਰੇ ਸਮੇੰ ਤਰਸੇਮ ਸਿੰਘ ਨੰਗਲ, ਕਰਨੈਲ ਸਿੰਘ, ਜਰਨੈਲ ਸਿੰਘ ਨਵਾਂ ਪਿੰਡ, ਅਵਤਾਰ ਸਿੰਘ ਵਡਾਲਾ ਜੌਹਲ, ਗੁਰਮੇਜ ਸਿੰਘ ਮੱਖਣਵਿੰਡੀ, ਭੁਪਿੰਦਰ ਸਿੰਘ ਤੀਰਥਪੁਰ ਅਤੇ ਰਾਜਬੀਰ ਸਿੰਘ ਫਤਿਹਪੁਰ ਮੌਜੂਦ ਸਨ।