ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਾਡੇ ਰੋਜ਼ਾਨਾ ਜੀਵਨ ਵਿੱਚ ਪ੍ਰਭਾਵ

10:38 AM Sep 06, 2023 IST

ਡਾ. ਦੇਵਿੰਦਰ ਪਾਲ ਸਿੰਘ

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਇੱਕ ਅਜਿਹੀ ਤਕਨਾਲੋਜੀ ਹੈ ਜੋ ਮਸ਼ੀਨਾਂ ਨੂੰ ਸੂਝਵਾਨ ਬਣਾਉਂਦੀ ਹੈ ਤਾਂ ਜੋ ਉਹ ਅਜਿਹੇ ਕੰਮ ਕਰ ਸਕਣ ਜਿਨ੍ਹਾਂ ਲਈ ਆਮ ਤੌਰ ਉੱਤੇ ਮਨੁੱਖੀ ਸੂਝ-ਬੂਝ ਦੀ ਲੋੜ ਹੁੰਦੀ ਹੈ। ਇਹ ਕੰਪਿਊਟਰਾਂ ਅਤੇ ਰੋਬੋਟਾਂ ਨੂੰ ਮਨੁੱਖਾਂ ਵਾਂਗ ਸੋਚਣ, ਸਿੱਖਣ ਅਤੇ ਫੈਸਲੇ ਲੈਣ ਦੀ ਯੋਗਤਾ ਦੇਣ ਵਾਂਗ ਹੈ। ਏਆਈ ਗਿਆਨ ਅਤੇ ਅੰਕੜਿਆਂ ਦੀ ਜਾਣਕਾਰੀ ਰਾਹੀਂ ਮਸ਼ੀਨਾਂ ਨੂੰ ਸਿਖਲਾਈ ਪ੍ਰਦਾਨ ਕਰਦੀ ਹੈ। ਜਿਵੇਂ ਅਸੀਂ ਆਪਣੇ ਤਜਰਬਿਆਂ ਤੋਂ ਸਿੱਖਦੇ ਹਾਂ, ਮਸ਼ੀਨਾਂ ਉਨ੍ਹਾਂ ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਤੋਂ ਸਿੱਖਦੀਆਂ ਹਨ। ਏਆਈ ਦੀ ਬਦੌਲਤ ਇਹ ਮਸ਼ੀਨਾਂ, ਪੈਟਰਨਾਂ ਨੂੰ ਪਛਾਨਣ, ਬੋਲੀ ਜਾ ਰਹੀ ਭਾਸ਼ਾ ਨੂੰ ਸਮਝਣ, ਚਿੱਤਰਾਂ ਨੂੰ ਦੇਖਣ ਤੇ ਸਮਝਣ ਦੀ ਯੋਗਤਾ ਪ੍ਰਾਪਤ ਕਰ ਲੈਂਦੀਆਂ ਹਨ ਅਤੇ ਆਪਣੇ ਗਿਆਨ ਦੇ ਆਧਾਰ ਉੱਤੇ ਸੰਭਾਵੀ ਨਤੀਜਿਆਂ ਦੀ ਭਵਿੱਖਬਾਣੀ ਵੀ ਕਰ ਸਕਦੀਆਂ ਹਨ।
ਤੁਸੀਂ ਸੀਰੀ ਜਾਂ ਅਲੈਕਸਾ ਵਰਗੇ ਆਵਾਜ਼ੀ ਸਹਾਇਕਾਂ (voice assisstants) ਤੋਂ ਤਾਂ ਵਾਕਿਫ਼ ਹੀ ਹੋ। ਜੋ ਸਾਡੇ ਡਰਾਇੰਗ ਰੂਮਾਂ ਵਿੱਚ ਆਪਣਾ ਉਚਿੱਤ ਸਥਾਨ ਹਾਸਲ ਕਰ ਚੁੱਕੇ ਹਨ। ਇਹ ਯੰਤਰ ਏਆਈ ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਦੀ ਵਾਜਬ ਉਦਾਹਰਨ ਹਨ। ਇਹ ਯੰਤਰ ਸਾਡੇ ਬੋਲਾਂ ਨੂੰ ਸਮਝ ਸਕਦੇ ਹਨ, ਸਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਅਤੇ ਸਾਡੇ ਹੁਕਮ ਅਨੁਸਾਰ ਕੰਮ ਕਰਨ ਦੇ ਸਮਰੱਥ ਹਨ। ਇਹ ਯੰਤਰ ਸਾਡਾ ਹੁਕਮ ਹੁੰਦਿਆਂ ਹੀ ਸਾਡੇ ਕਹੇ ਅਨੁਸਾਰ ਭਾਵੇਂ ਇਹ ਅੱਜ ਦੀਆਂ ਮੁੱਖ ਖ਼ਬਰਾਂ ਹੋਣ ਜਾਂ ਸਾਡਾ ਮਨਪਸੰਦ ਸੰਗੀਤ ਹੋਵੇ ਜਾਂ ਅਸੀਂ ਕਿਸੇ ਸੁਆਲ ਦਾ ਜਵਾਬ ਜਾਣਨਾ ਹੋਵੇ, ਤੁਰੰਤ ਹੀ ਹੁਕਮ ਦੀ ਤਾਮੀਲ ਵਿੱਚ ਰੁੱਝ ਜਾਂਦੇ ਹਨ।
ਏਆਈ ਦੀ ਵਰਤੋਂ ਸਵੈਚਾਲਿਤ ਕਾਰਾਂ ਵਿੱਚ ਵੀ ਕੀਤੀ ਜਾਣ ਲੱਗ ਪਈ ਹੈ। ਏਆਈ ਨਾਲ ਲੈਸ ਕਾਰ ਆਪਣੇ ਆਲੇ-ਦੁਆਲੇ ਦੇ ਹਾਲਾਤ ਨੂੰ ਸਮਝਦੇ ਹੋਏ ਉਚਿੱਤ ਫੈਸਲੇ ਲੈਣ ਦੀ ਯੋਗਤਾ ਰੱਖਦੀ ਹੈ ਅਤੇ ਮਨੁੱਖੀ ਡਰਾਈਵਰ ਤੋਂ ਬਿਨਾਂ ਸੁਰੱਖਿਅਤ ਢੰਗ ਨਾਲ ਗੱਡੀ ਚਲਾ ਸਕਦੀ ਹੈ। ਅੱਜਕੱਲ੍ਹ ਏਆਈ ਦੀ ਵਰਤੋਂ ਕਈ ਹੋਰ ਖੇਤਰਾਂ ਵਿੱਚ ਵੀ ਕੀਤੀ ਜਾਣ ਲੱਗ ਪਈ ਹੈ, ਜਿਵੇਂ ਕਿ ਸਿਹਤ ਸੰਭਾਲ, ਬਿਜ਼ਨਸ ਅਤੇ ਮਨੋਰੰਜਨ ਉਦਯੋਗ। ਇਹ ਡਾਕਟਰਾਂ ਨੂੰ ਬਿਮਾਰੀਆਂ ਬਾਰੇ ਜਾਣਨ, ਵਿੱਤੀ ਲੈਣ-ਦੇਣ ਵਿੱਚ ਧੋਖਾਧੜੀ ਦਾ ਪਤਾ ਲਗਾਉਣ ਅਤੇ ਵਰਤੋਂਕਾਰ ਦੀਆਂ ਤਰਜੀਹਾਂ ਦੇ ਆਧਾਰ ਉੱਤੇ ਫਿਲਮਾਂ ਜਾਂ ਗੀਤਾਂ ਦੀ ਸਿਫਾਰਸ਼ ਕਰਨ ਵਿੱਚ ਵਰਤੀ ਜਾ ਰਹੀ ਹੈ।

ਏਆਈ ਸਾਡੇ ਰੋਜ਼ਾਨਾ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਦਾਖਲ ਹੋ ਚੁੱਕੀ ਹੈ। ਇਸ ਦੀ ਵਰਤੋਂ ਕਈ ਉਤਪਾਦਨ ਕਾਰਜਾਂ ਅਤੇ ਸੁਵਿਧਾਵਾਂ ਵਿੱਚ ਦੇਖੀ ਜਾ ਸਕਦੀ ਹੈ। ਆਓ, ਏਆਈ ਦੇ ਕੁਝ ਆਮ ਵਰਤੋਂ ਵਿੱਚ ਮੌਜੂਦ ਲਾਭਾਂ ਦੀ ਗੱਲ ਕਰਦੇ ਹਾਂ।
ਆਵਾਜ਼ੀ ਸਹਾਇਕ (voice assistants): ਸਿਰੀ, ਅਲੈਕਸਾ, ਗੂਗਲ ਅਸਿਸਟੈਂਟ ਅਤੇ ਕੋਰਟਾਨਾ ਵਰਗੇ ਆਵਾਜ਼ੀ ਸਹਾਇਕ ਸਾਡੇ ਬੋਲਾਂ ਨੂੰ ਸਮਝਣ ਅਤੇ ਉਚਿੱਤ ਹੁੰਗਾਰਾ ਭਰਨ ਲਈ ਏਆਈ ਐਲਗੋਰਿਦਮ ਦੀ ਵਰਤੋਂ ਕਰਦੇ ਹਨ। ਉਹ ਸਾਡੇ ਹੁਕਮਾਂ ਦੀ ਪਾਲਣਾ ਕਰ ਸਕਦੇ ਹਨ, ਸਵਾਲਾਂ ਦੇ ਜਵਾਬ ਦੇ ਸਕਦੇ ਹਨ, ਜਾਣਕਾਰੀ ਮੁਹੱਈਆ ਕਰ ਸਕਦੇ ਹਨ ਅਤੇ ਸਾਡੇ ਘਰਾਂ ਵਿੱਚ ਮੌਜੂਦ ਸਮਾਰਟ ਯੰਤਰਾਂ (devices) ਨੂੰ ਕੰਟਰੋਲ ਕਰ ਸਕਦੇ ਹਨ।
ਸੋਸ਼ਲ ਮੀਡੀਆ ਅਤੇ ਵਰਤੋਂਕਾਰ ਦੀ ਮਨਪਸੰਦ ਸਮੱਗਰੀ ਨਾਲ ਸਬੰਧਤ ਸਿਫਾਰਸ਼ਾਂ: ਏਆਈ ਐਲਗੋਰਿਦਮ ਸੋਸ਼ਲ ਮੀਡੀਆ ਪਲੈਟਫਾਰਮਾਂ, ਜਿਵੇਂ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵਰਤੋਂਕਾਰ ਨੂੰ ਉਸ ਦੀ ਮਨਪਸੰਦ ਸਮੱਗਰੀ ਸਬੰਧੀ ਸੁਝਾਅ ਦੇ ਕੇ, ਲਿਖਤਾਂ (ਪੋਸਟਾਂ) ਨੂੰ ਤਰਜੀਹ ਦੇ ਕੇ ਅਤੇ ਨਵੇਂ ਸੰਪਰਕਾਂ (connections) ਦੀ ਸਿਫ਼ਾਰਸ਼ ਕਰਕੇ ਸੇਵਾ ਕਰਦੇ ਹਨ। ਨੈੱਟਫਲਿਕਸ ਤੇ ਸਪੋਟੀਫਾਈ ਵਰਗੇ ਸਮੱਗਰੀ ਸਟ੍ਰੀਮਿੰਗ ਪਲੈਟਫਾਰਮ ਵਰਤੋਂਕਾਰਾਂ ਦੀਆਂ ਤਰਜੀਹਾਂ ਅਤੇ ਉਨ੍ਹਾਂ ਦੇ ਦੇਖਣ/ਸੁਣਨ ਦੇ ਇਤਿਹਾਸ ਦੇ ਆਧਾਰ ਉੱਤੇ ਨਿੱਜੀ ਸਿਫਾਰਸ਼ਾਂ ਦੀ ਪੇਸ਼ਕਸ਼ ਕਰਨ ਲਈ ਏਆਈ ਦੀ ਵਰਤੋਂ ਕਰਦੇ ਹਨ।
ਵਰਚੁਅਲ ਪਰਸਨਲ ਸਟਾਈਲਿਸਟ: ਏਆਈ ਆਧਾਰਿਤ ਵਰਚੁਅਲ ਸਟਾਈਲਿਸਟ ਸਾਨੂੰ ਫੈਸ਼ਨ ਤੇ ਸਟਾਈਲ ਸਬੰਧੀ ਚੋਣ ਕਰਨ ਵਿੱਚ ਮਦਦ ਕਰਦੇ ਹਨ। ਇਹ ਸਿਸਟਮ ਵਰਤੋਂਕਾਰ ਦੀਆਂ ਪਸੰਦ, ਸਰੀਰਕ ਬਣਾਵਟ ਅਤੇ ਨਵੇਂ ਫੈਸ਼ਨ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਉਸ ਨੂੰ ਉਚਿੱਤ ਪਹਿਰਾਵੇ ਅਤੇ ਨਿੱਜੀ ਫੈਸ਼ਨ ਸਟਾਈਲ ਸਬੰਧੀ ਸਲਾਹ ਦਿੰਦੇ ਹਨ।
ਸਮਾਰਟ ਹੋਮ ਡਿਵਾਈਸ: ਥਰਮੋਸਟੈਟਸ, ਲਾਈਟਿੰਗ ਸਿਸਟਮ ਅਤੇ ਸੁਰੱਖਿਆ ਕੈਮਰੇ ਵਰਗੇ ਸਮਾਰਟ ਹੋਮ ਯੰਤਰ ਵੀ ਏਆਈ ਆਧਾਰਿਤ ਹੀ ਹੁੰਦੇ ਹਨ। ਇਹ ਯੰਤਰ ਵਰਤੋਂਕਾਰ ਦੀ ਪਸੰਦ ਅਨੁਸਾਰ ਯੰਤਰਾਂ ਨੂੰ ਸਵੈਚਲਿਤ ਤਰੀਕੇ ਨਾਲ ਚਲਾ ਕੇ ਅਤੇ ਵਧੀਆ ਸੁਰੱਖਿਆ ਸੇਵਾਵਾਂ ਉਪਲੱਬਧ ਕਰਾਉਣ ਲਈ ਏਆਈ ਦੀ ਵਰਤੋਂ ਕਰਦੇ ਹਨ।
ਨੇਵੀਗੇਸ਼ਨ ਅਤੇ ਨਕਸ਼ੇ: ਨੇਵੀਗੇਸ਼ਨ ਐਪਸ ਜਿਵੇਂ ਕਿ ਗੂਗਲ ਮੈਪਸ ਤੇ ਵੇਜ਼ (Waze) ਸਮੇਂ ਮੁਤਾਬਿਕ ਟਰੈਫਿਕ ਅਪਡੇਟ ਮੁਹੱਈਆ ਕਰਾਉਣ ਵਿੱਚ, ਰੁਕਾਵਟ ਮੁਕਤ ਉਚਿੱਤ ਰੂਟਾਂ ਦੀ ਦੱਸ ਪਾਉਣ ਵਿੱਚ ਅਤੇ ਮੰਜ਼ਿਲ ਤੱਕ ਪਹੁੰਚਣ ਲਈ ਲੱਗਣ ਵਾਲੇ ਸੰਭਾਵੀ ਸਮੇਂ ਦਾ ਅੰਦਾਜ਼ਾ ਲਗਾਉਣ ਲਈ ਏਆਈ ਐਲਗੋਰਿਦਮ ਦੀ ਵਰਤੋਂ ਕਰਦੇ ਹਨ। ਏਆਈ ਆਧਾਰਿਤ ਮੈਪ ਸੇਵਾਵਾਂ ਵਰਤੋਂਕਾਰ ਦੀ ਪਸੰਦਗੀ, ਉਸ ਦਆਰਾ ਇੰਨਰਨੈੱਟ ਉੱਤੇ ਕੀਤੇ ਗਏ ਖੋਜ ਕਾਰਜਾਂ ਦੇ ਇਤਿਹਾਸ ਦੇ ਆਧਾਰ ਉੱਤੇ ਨਜ਼ਦੀਕੀ ਦਿਲਚਸਪੀ ਵਾਲੀਆਂ ਥਾਵਾਂ ਦਾ ਸੁਝਾਅ ਦੇ ਸਕਦੀਆਂ ਹਨ।
ਗਾਹਕ-ਸੇਵਾ ਲਈ ਵਰਚੁਅਲ ਅਸਿਸਟੈਂਟ: ਬਹੁਤ ਸਾਰੀਆਂ ਕੰਪਨੀਆਂ ਏਆਈ ਆਧਾਰਿਤ ਚੈਟਬੋਟਸ ਅਤੇ ਗਾਹਕਾਂ ਨਾਲ ਗੱਲਬਾਤ ਲਈ ਵਰਚੁਅਲ ਅਸਿਸਟੈਂਟਸ ਦੀ ਵਰਤੋਂ ਕਰ ਰਹੀਆਂ ਹਨ। ਅਜਿਹੇ ਵਰਚੁਅਲ ਅਸਿਸਟੈਂਟ ਰੋਜ਼ਾਨਾ ਕੰਮਾਂ ਵਿੱਚ ਆਮ ਪੁੱਛਗਿੱਛ ਵਾਲੇ ਸਵਾਲਾਂ ਦਾ ਜਵਾਬ ਦੇ ਕੇ ਗਾਹਕ ਦੀ ਮਦਦ ਕਰਦੇ ਹਨ।
ਸਪੈਮ ਫਿਲਟਰ ਅਤੇ ਈਮੇਲ ਛਾਂਟੀ: ਏਆਈ ਅਣਚਾਹੀਆਂ (spam) ਈਮੇਲਾਂ ਨੂੰ ਛਾਂਟਣ, ਆਉਣ ਵਾਲੇ ਸੁਨੇਹਿਆਂ ਦੀ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕਰਨ ਅਤੇ ਤਰਜੀਹ ਦੇ ਆਧਾਰ ਉੱਤੇ ਈਮੇਲਾਂ ਦਾ ਸੰਗਠਨ ਕਰਨ ਵਿੱਚ ਮਦਦ ਕਰਦੀ ਹੈ। ਏਆਈ ਐਲਗੋਰਿਦਮ ਈਮੇਲਾਂ ਦੀ ਸਹੀ ਪਛਾਣ ਅਤੇ ਸ਼੍ਰੇਣੀਬੱਧ ਕਰਨ ਲਈ ਵਰਤੋਂਕਾਰ ਦੀਆਂ ਤਰਜੀਹਾਂ ਅਤੇ ਵਿਵਹਾਰ ਤੋਂ ਸਿੱਖਦੇ ਹਨ।
ਰਾਈਡ-ਸ਼ੇਅਰਿੰਗ ਅਤੇ ਫੂਡ ਡਲਿਵਰੀ ਐਪਸ: ਏਆਈ ਐਲਗੋਰਿਦਮ ਰਾਈਡ-ਸ਼ੇਅਰਿੰਗ ਸੇਵਾਵਾਂ ਜਿਵੇਂ ਕਿ ਊਬਰ ਅਤੇ ਲਿਫਟ ਦੇ ਡਰਾਈਵਰਾਂ ਨੂੰ ਯਾਤਰੀਆਂ ਨਾਲ ਕੁਸ਼ਲਤਾ ਭਰਪੂਰ ਮੇਲ ਕਰਾਉਣਾ ਸੰਭਵ ਬਣਾਉਂਦੇ ਹਨ। ਫੂਡ ਡਲੀਵਰੀ ਐਪਸ ਵੀ ਡਲੀਵਰੀ ਰੂਟਾਂ ਬਾਰੇ ਉਚਿੱਤ ਜਾਣਕਾਰੀ ਦੇਣ, ਡਲਿਵਰੀ ਸਮੇਂ ਦਾ ਅੰਦਾਜ਼ਾ ਲਗਾਉਣ ਅਤੇ ਇਸ ਸੇਵਾ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਏਆਈ ਦੀ ਵਰਤੋਂ ਕਰਦੇ ਹਨ।
ਭਾਸ਼ਾ ਅਨੁਵਾਦ: ਏਆਈ ਆਧਾਰਿਤ ਭਾਸ਼ਾ ਦਾ ਅਨੁਵਾਦ ਕਰਨ ਵਾਲੀਆਂ ਸੁਵਿਧਾਵਾਂ ਜਿਵੇਂ ਕਿ ਗੂਗਲ ਟਰਾਂਸਲੇਟ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਲਿਖਤਾਂ ਜਾਂ ਭਾਸ਼ਣ ਦਾ ਅਨੁਵਾਦ ਕਰਨ ਲਈ ਵਿਸ਼ੇਸ਼ ਐਲਗੋਰਿਦਮ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਭਾਸ਼ਾਵਾਂ ਵਿੱਚ ਸੰਚਾਰ ਕਾਰਜਾਂ ਨੂੰ ਸੰਭਵ ਬਣਾਉਂਦੇ ਹਨ।
ਨਿੱਜੀ ਖ਼ਬਰਾਂ ਅਤੇ ਸਮੱਗਰੀ ਇਕੱਤਰੀਕਰਨ: ਏਆਈ ਆਧਾਰਿਤ ਨਿਊਜ਼ ਐਗਰੀਗੇਟਰ ਅਤੇ ਸਮੱਗਰੀ ਕਿਊਰੇਸ਼ਨ ਪਲੈਟਫਾਰਮ ਵਿਅਕਤੀ ਦੀਆਂ ਰੁਚੀਆਂ, ਪਸੰਦਗੀ ਅਤੇ ਪੜ੍ਹਨ ਦੀਆਂ ਆਦਤਾਂ ਦੇ ਆਧਾਰ ਉੱਤੇ ਖ਼ਬਰਾਂ, ਲੇਖ, ਬਲੌਗ ਅਤੇ ਹੋਰ ਸਮੱਗਰੀ ਨੂੰ ਉਸ ਤੱਕ ਪਹੁੰਚਾਉਂਦੇ ਹਨ।
ਏਆਈ ਆਧਾਰਿਤ ਉਤਪਾਦਾਂ ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਦੀਆਂ ਇਹ ਕੁਝ ਕੁ ਉਦਾਹਰਨਾਂ ਹਨ। ਸਾਡੇ ਰੋਜ਼ਾਨਾ ਜੀਵਨ ਵਿੱਚ ਏਆਈ ਦੀ ਵਰਤੋਂ ਨੇ ਸਾਡੀਆਂ ਸਹੂਲਤਾਂ ਵਿੱਚ ਵਾਧਾ ਕੀਤਾ ਹੈ ਤੇ ਇਹ ਵਾਧਾ ਲਗਾਤਾਰ ਜਾਰੀ ਵੀ ਹੈ।
ਪਿਛਲੇ ਸਾਲਾਂ ਦੌਰਾਨ ਏਆਈ ਤਕਨਾਲੋਜੀ ਨੇ ਖੂਬ ਤਰੱਕੀ ਕੀਤੀ ਹੈ, ਪਰ ਇਹ ਤਕਨਾਲੋਜੀ ਅਜੇ ਸਿਰਫ਼ ਖਾਸ ਕੰਮ ਕਰ ਸਕਣ ਵਿੱਚ ਹੀ ਮਾਹਿਰ ਹੈ। ਮਨੁੱਖੀ ਸੂਝ-ਬੂਝ ਦੇ ਮੁਕਾਬਲੇ ਵਿੱਚ ਇਹ ਅਜੇ ਕਾਫ਼ੀ ਪਿੱਛੇ ਹੈ। ਯਾਦ ਰਹੇ ਕਿ ਏਆਈ ਦੀਆਂ ਸਮਰੱਥਾਵਾਂ ਨੂੰ ਹੋਰ ਵਧਾਉਣ ਅਤੇ ਇਸ ਦੀਆਂ ਘਾਟਾਂ ਨੂੰ ਦੂਰ ਕਰਨ ਲਈ ਨਿਰੰਤਰ ਖੋਜ ਅਤੇ ਵਿਕਾਸ ਕਾਰਜ ਚੱਲ ਰਹੇ ਹਨ।
ਈਮੇਲ: drdpsn@hotmail.com
Advertisement

Advertisement