ਆਈਐੱਮਐੱਫ ਨੇ 2024 ਵਿੱਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 6.8 ਫ਼ੀਸਦ ਕੀਤਾ
ਵਾਸ਼ਿੰਗਟਨ, 16 ਅਪਰੈਲ
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਨੇ ਘਰੇਲੂ ਮੰਗ ਵਧਣ ਅਤੇ ਕੰਮਕਾਜੀ ਉਮਰ ਦੀ ਵਧਦੀ ਆਬਾਦੀ ਦਾ ਜ਼ਿਕਰ ਕਰਦੇ ਹੋਏ ਸਾਲ 2024 ਵਾਸਤੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਮੰਗਲਵਾਰ ਨੂੰ 6.5 ਫ਼ੀਸਦ ਤੋਂ ਵਧਾ ਕੇ 6.8 ਫ਼ੀਸਦ ਕਰ ਦਿੱਤਾ। ਇਸ ਤਰ੍ਹਾਂ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧ ਰਿਹਾ ਅਰਥਚਾਰਾ ਬਣਿਆ ਹੋਇਆ ਹੈ। ਇਸੇ ਸਮੇਂ ਦੌਰਾਨ ਚੀਨ ਦੀ ਆਰਥਿਕ ਵਿਕਾਸ ਦਰ 4.6 ਫ਼ੀਸਦ ਰਹਿਣ ਦਾ ਅਨੁਮਾਨ ਹੈ।
ਆਈਐੱਮਐੱਫ ਨੇ ਵਿਸ਼ਵ ਆਰਥਿਕ ਨਜ਼ਰੀਆ (ਵਰਲਡ ਇਕਨੌਮਿਕ ਆਊਟਲੁੱਕ) ਦੇ ਤਾਜ਼ਾ ਅੰਕ ਵਿੱਚ ਕਿਹਾ, ‘‘ਭਾਰਤ ਵਿੱਚ ਵਿਕਾਸ ਦਰ ਸਾਲ 2024 ਵਿੱਚ 6.8 ਫ਼ੀਸਦ ਅਤੇ 2025 ਵਿੱਚ 6.5 ਫ਼ੀਸਦ ਰਹਿਣ ਦਾ ਅਨੁਮਾਨ ਹੈ। ਘਰੇਲੂ ਮੰਗ ਵਿੱਚ ਲਗਾਤਾਰ ਮਜ਼ਬੂਤੀ ਅਤੇ ਕੰਮਕਾਜੀ ਉਮਰ ਦੀ ਵਧਦੀ ਆਬਾਦੀ ਕਾਰਨ ਇਸ ਤੇਜ਼ੀ ਨੂੰ ਮਜ਼ਬੂਤੀ ਮਿਲ ਸਕਦੀ ਹੈ।’’ ਆਈਐੱਮਐੱਫ ਨੇ ਇਹ ਰਿਪੋਰਟ ਆਪਣੀ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬਸੰਤ ਬੈਠਕਾਂ ਤੋਂ ਪਹਿਲਾਂ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ, ਉੱਭਰਦੇ ਤੇ ਵਿਕਾਸਸ਼ੀਲ ਏਸ਼ੀਆ ਵਿੱਚ ਵਿਕਾਸ ਦਰ ਪਿਛਲੇ ਸਾਲ ਦੇ ਅਨੁਮਾਨਿਤ 5.6 ਫ਼ੀਸਦ ਤੋਂ ਘੱਟ ਕੇ ਸਾਲ 2024 ਵਿੱਚ 5.2 ਫ਼ੀਸਦ ਅਤੇ 2025 ਵਿੱਚ 4.9 ਫ਼ੀਸਦ ਰਹਿਣ ਦਾ ਅਨੁਮਾਨ ਹੈ। ਇਹ ਅਨੁਮਾਨ ਜਨਵਰੀ ਵਿੱਚ ਲਗਾਏ ਗਏ ਅਨੁਮਾਨ ਦੇ ਮੁਕਾਬਲੇ ਕੁਝ ਬਿਹਤਰ ਹੈ। ਆਈਐੱਮਐੱਫ ਨੇ ਆਪਣੀ ਜਨਵਰੀ ਦੀ ਰਿਪੋਰਟ ਵਿੱਚ 2024 ਵਾਸਤੇ ਭਾਰਤ ਦੀ ਵਿਕਾਸ ਦਰ 6.5 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਸੀ। ਇਸ ਦੇ ਨਾਲ ਹੀ ਮੁਦਰਾ ਫੰਡ ਨੇ ਚੀਨ ਵਿੱਚ ਵਿਕਾਸ ਦਰ 2023 ਦੇ 5.2 ਫ਼ੀਸਦ ਦੇ ਮੁਕਾਬਲੇ ਢਿੱਲੀ ਪੈ ਕੇ ਇਸ ਸਾਲ 4.6 ਫ਼ੀਸਦ ਅਤੇ 2025 ਵਿੱਚ 4.1 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ। -ਪੀਟੀਆਈ