ਹਰਿਆਣਾ ’ਚ ਲੰਬਾ ਸਮਾਂ ਰਾਜ ਕਰਨ ਵਾਲਿਆਂ ਦੀ ਖ਼ਤਮ ਹੋਣ ਲੱਗੀ ਪਛਾਣ
ਆਤਿਸ਼ ਗੁਪਤਾ
ਚੰਡੀਗੜ੍ਹ, 9 ਅਕਤੂਬਰ
ਦੇਸ਼ ਦੀ ਸਿਆਸਤ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਤੇ ਚੌਟਾਲਾ ਪਰਿਵਾਰ ਨਾਲ ਸਬੰਧਤ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਹਰਿਆਣਾ ਦੀ ਸਿਆਸਤ ਵਿੱਚੋਂ ਸਫਾਇਆ ਹੋ ਗਿਆ ਹੈ। ਕਿਸੇ ਸਮੇਂ ਹਰਿਆਣਾ ਦੀ ਸਿਆਸਤ ’ਤੇ ਰਾਜ ਕਰਨ ਵਾਲੀ ਇਨੈਲੋ ਸਿਰਫ਼ ਦੋ ਸੀਟਾਂ ’ਤੇ ਸਿਮਟ ਕੇ ਰਹਿ ਗਈ ਹੈ, ਜਦੋਂਕਿ ਬਹੁਤ ਘੱਟ ਸਮੇਂ ਵਿੱਚ ਸੂਬੇ ਦੀ ਸਿਆਸਤ ਵਿੱਚ ਪੈਰ ਪਸਾਰਨ ਵਾਲੀ ਜੇਜੇਪੀ ਦਾ ਤਾਂ ਸਫਾਇਆ ਹੀ ਹੋ ਗਿਆ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਜੇਜੇਪੀ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੋ ਸਕੀ।
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਆਜ਼ਾਦ ਸਮਾਜ ਪਾਰਟੀ (ਏਐੱਸਪੀ) ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਸਨ। ਇਨੈਲੋ-ਬਸਪਾ ਗੱਠਜੋੜ ਵੱਲੋਂ 85 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ, ਜਿਨ੍ਹਾਂ ਵਿੱਚੋਂ 70 ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਨੈਲੋ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੂੰ ਵੀ 15 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸੇ ਤਰ੍ਹਾਂ ਜੇਜੇਪੀ ਤੇ ਏਐੱਸਪੀ ਗੱਠਜੋੜ ਵੱਲੋਂ 78 ਉਮੀਦਵਾਰਾਂ ਵਿੱਚੋਂ 77 ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਇਸ ਤਰ੍ਹਾਂ ਜੇਜੇਪੀ ਤੇ ਏਐੱਸਪੀ ਗੱਠਜੋੜ ਸਿਰਫ਼ ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਜ਼ਮਾਨਤ ਬਚਾ ਸਕਿਆ ਹੈ, ਜਿੱਥੋਂ ਜੇਜੇਪੀ ਆਗੂ ਦਿਗਵਿਜੈ ਸਿੰਘ ਚੌਟਾਲਾ ਨੂੰ 35,261 ਵੋਟਾਂ ਪਈਆਂ। ਇਨ੍ਹਾਂ ਚੋਣਾਂ ਵਿੱਚ ਜੇਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਵਿਧਾਨ ਸਭਾ ਹਲਕਾ ਉਚਾਨਾ ਕਲਾਂ ਤੋਂ ਜਮਾਨਤ ਜ਼ਬਤ ਹੋ ਗਈ ਹੈ। ਉਨ੍ਹਾਂ ਨੂੰ 8 ਹਜ਼ਾਰ ਦੇ ਕਰੀਬ ਹੀ ਵੋਟਾਂ ਪਈਆਂ।
ਦੋਵਾਂ ਪਾਰਟੀਆਂ ਦੇ ਦੋ ਦਰਜਨ ਉਮੀਦਵਾਰਾਂ ਨੂੰ ਨੋਟਾ ਤੋਂ ਵੀ ਘੱਟ ਪਈਆਂ ਵੋਟਾਂ
ਦੋਵਾਂ ਪਾਰਟੀਆਂ (ਇਨੈਲੋ ਤੇ ਜੇਜੇਪੀ) ਦੇ ਦੋ ਦਰਜਨ ਦੇ ਕਰੀਬ ਉਮੀਦਵਾਰਾਂ ਨੂੰ ਤਾਂ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ। ਇਨੈਲੋ ਗੱਠਜੋੜ ਦੇ 5 ਉਮੀਦਵਾਰਾਂ ਨੂੰ ਨੋਟਾ ਤੋਂ ਘੱਟ ਵੋਟਾਂ ਪਈਆਂ। ਰੋਹਤਕ ਵਿੱਚ ਇਨੈਲੋ ਗੱਠਜੋੜ ਦੇ ਉਮੀਦਵਾਰ ਨੂੰ 428 ਵੋਟਾਂ ਪਈਆਂ ਜਦੋਂ ਕਿ ਨੋਟਾ ਨੂੰ 569, ਪੁਨਹਾਣਾ ਵਿੱਚ ਇਨੈਲੋ ਨੂੰ 289 ਤੇ ਨੋਟਾ ਨੂੰ 345, ਅੰਬਾਲਾ ਸਿਟੀ ਵਿੱਚ ਇਨੈਲੋ ਗੱਠਜੋੜ ਨੂੰ 1305 ਤੇ ਨੋਟਾ ਨੂੰ 1371, ਬਾਦਸ਼ਾਹਪੁਰ ਵਿੱਚ ਗੱਠਜੋੜ ਨੂੰ 1561 ਤੇ ਨੋਟਾ ਨੂੰ 1803 ਅਤੇ ਫਰੀਦਾਬਾਦ ਵਿੱਚ ਇਨੈਲੋ ਨੂੰ 859 ਤੇ ਨੋਟਾ ਨੂੰ 1025 ਵੋਟਾਂ ਪਈਆਂ ਹਨ। ਦੂਜੇ ਪਾਸੇ ਜੇਜੇਪੀ ਤੇ ਏਐੱਸਪੀ ਗੱਠਜੋੜ ਦੇ 20 ਉਮੀਦਵਾਰਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਪਈਆਂ। ਇਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਰੋਹਤਕ, ਰਿਵਾੜੀ, ਰਤੀਆ, ਰਾਈ, ਪ੍ਰਿਥਲਾ, ਪਾਣੀਪਤ ਦਿਹਾਤੀ, ਯਮੁਨਾਨਗਰ, ਟੋਹਾਣਾ, ਤਿਗਾਓ, ਥਾਨੇਸਰ, ਸੋਨੀਪਤ, ਸ਼ਾਹਬਾਦ, ਲਾਡਵਾ, ਕੋਸਲੀ, ਖਰਖੌਦਾ, ਕਰਨਾਲ, ਨਾਰਨੌਲ, ਬੜਖਲ, ਬਾਦਸ਼ਾਹਪੁਰ, ਗੁਰੂਗ੍ਰਾਮ ਸ਼ਾਮਲ ਹਨ।