ਦੁੁਖੀ ਮਾਵਾਂ ਵੱਲੋਂ ਪੁੱਤਾਂ ਦੀ ਜਾਨ ਬਚਾਉਣ ਦਾ ਵਾਸਤਾ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਜੁਲਾਈ
ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਅਤੇ ਨਸ਼ਿਆਂ ਦੀ ਦਲ-ਦਲ ਵਿੱਚ ਫਸ ਚੁੱਕੇ ਨੌਜਵਾਨਾਂ ਦੀਆਂ ਮਾਵਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਪਿੰਡ ਕੁੰਭੜਾ ਵਿੱਚ ਨਸ਼ੇ ਦੇ ਆਦੀ ਨੌਜਵਾਨਾਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਕੁੰਭੜਾ ਵਿੱਚ ਸ਼ਰ੍ਹੇਆਮ ਨਸ਼ਾ ਵਿੱਕ ਰਿਹਾ ਹੈ ਪਰ ਪੁਲੀਸ ਮਹਿਜ਼ ਖਾਨਾਪੂਰਤੀ ਤੱਕ ਸੀਮਤ ਹੈ।
ਦੁਖੀ ਮਾਵਾਂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਨਸ਼ੇ ਦੀ ਲਤ ਪੂਰੀ ਕਰਨ ਲਈ ਉਨ੍ਹਾਂ ਦੇ ਬੱਚਿਆਂ ਨੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਪੀੜਤ ਮਾਵਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਵਾਸਤਾ ਪਾਉਂਦੇ ਹੋਏ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਣ ਦੀ ਗੁਹਾਰ ਲਗਾਈ ਹੈ। ਸ਼ਰ੍ਹੇਆਮ ਚਿੱਟਾ ਵਿਕਣ ਕਾਰਨ ਨਸ਼ੇੜੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਨਸ਼ੇ ਦ ਲਤ ਪੂਰੀ ਕਰਨ ਲਈ ਨਸ਼ੇੜੀ ਲੋਕਾਂ ਦੇ ਵਾਹਨ ਅਤੇ ਸਮਾਨ ਚੋਰੀ ਕਰਨ ਦੇ ਰਾਹ ਪੈ ਗਏ ਹਨ ਅਤੇ ਆਏ ਦਨਿ ਲੋਕਾਂ ਦੇ ਉਲਾਂਭੇ ਮਿਲ ਰਹੇ ਹਨ। ਦੁਖੀ ਮਾਵਾਂ ਨੇ ਆਪਣੇ ਲਾਡਲੇ ਪੁੱਤਾਂ ਦੀ ਜਾਨ ਬਚਾਉਣ ਦੀ ਗੁਹਾਰ ਲਗਾਈ ਹੈ।
ਬਲਵਿੰਦਰ ਕੁੰਭੜਾ ਨੇ ਕਿਹਾ ਕਿ ਹਾਲਾਂਕਿ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਇਹ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਦੇ ਪਿੰਡ ਵਿੱਚ ਸ਼ਰ੍ਹੇਆਮ ਚਿੱਟਾ ਵਿੱਕ ਰਿਹਾ ਹੈ। ਸੂਚਨਾ ਦੇਣ ਦੇ ਬਾਵਜੂਦ ਪੁਲੀਸ ਬਣਦੀ ਕਾਰਵਾਈ ਤੋਂ ਪੱਲਾ ਝਾੜ ਲੈਂਦੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਐੱਸਐੱਸਪੀ, ਡੀਐੱਸਪੀ ਅਤੇ ਥਾਣਾ ਮੁਖੀ ਦੀ ਜ਼ਿੰਮੇਵਾਰੀ ਫਿਕਸ਼ ਕੀਤੀ ਜਾਵੇ। ਇਸ ਮੌਕੇ ਨੌਜਵਾਨ ਆਗੂ ਮਨਦੀਪ ਸਿੰਘ, ਬਲਮੀਕ ਸਭਾ ਦੇ ਪ੍ਰਧਾਨ ਨੈਬ ਸਿੰਘ, ਸਾਬਕਾ ਪ੍ਰਧਾਨ ਬਚਨ ਸਿੰਘ, ਬਲਵਿੰਦਰ ਸਿੰਘ ਬਿੱਲੂ, ਨਸ਼ੀਬ ਸਿੰਘ, ਪਰਮਜੀਤ ਕੌਰ, ਸੁਨੀਤਾ ਰਾਣੀ, ਸੁਰਿੰਦਰ ਸਿੰਘ, ਲਖਵੀਰ ਕੌਰ, ਬੀਬੀ ਰਾਣੀ ਆਦਿ ਹਾਜ਼ਰ ਸਨ।