ਆਈਸੀਸੀ ਨੇ ਪਾਕਿ ਕ੍ਰਿਕਟ ਬੋਰਡ ਨੂੰ ਚੈਂਪੀਅਨਜ਼ ਟਰਾਫ਼ੀ ਪੀਓਕੇ ਵਿੱਚ ਘੁਮਾਉਣ ਤੋਂ ਰੋਕਿਆ
ਨਵੀਂ ਦਿੱਲੀ, 15 ਨਵੰਬਰ
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਚੈਂਪੀਅਨਜ਼ ਟਰਾਫ਼ੀ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਤਿੰਨ ਸ਼ਹਿਰਾਂ ’ਚ ਘੁਮਾਉਣ ਤੋਂ ਰੋਕ ਦਿੱਤਾ ਹੈ। ਪੀਸੀਬੀ ਨੇ ‘ਐਕਸ’ ’ਤੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਆਈਸੀਸੀ ਚੈਂਪੀਅਨਜ਼ ਟਰਾਫ਼ੀ ਨੂੰ 16 ਨਵੰਬਰ ਨੂੰ ਪੀਓਕੇ ਖ਼ਿੱਤੇ ਦੇ ਤਿੰਨ ਸ਼ਹਿਰਾਂ ਸਕਾਰਦੂ, ਹੁੰਜ਼ਾ ਅਤੇ ਮੁਜ਼ੱਫਰਾਬਾਦ ’ਚ ਘੁਮਾਇਆ ਜਾਵੇਗਾ।
ਰਿਪੋਰਟਾਂ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਕਥਿਤ ਤੌਰ ’ਤੇ ਇਤਰਾਜ਼ ਜਤਾਏ ਜਾਣ ਮਗਰੋਂ ਆਈਸੀਸੀ ਨੇ ਪੀਸੀਬੀ ਨੂੰ ਟਰਾਫ਼ੀ ਮਕਬੂਜ਼ਾ ਕਸ਼ਮੀਰ ’ਚ ਲਿਜਾਣ ਤੋਂ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਆਈਸੀਸੀ ਚੈਂਪੀਅਨਸ ਟਰਾਫ਼ੀ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਭਾਰਤ ਨੇ ਸੁਰੱਖਿਆ ਹਾਲਾਤ ਦਾ ਹਵਾਲਾ ਦਿੰਦਿਆਂ ਉਥੇ ਖੇਡਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਹੈ। ਪੀਸੀਬੀ ਨੇ ਆਈਸੀਸੀ ਨੂੰ ਪੱਤਰ ਲਿਖ ਕੇ ਭਾਰਤ ਤੋਂ ਟੂਰਨਾਮੈਂਟ ’ਚ ਨਾ ਖੇਡਣ ਦੇ ਫ਼ੈਸਲੇ ਸਬੰਧੀ ਸਪੱਸ਼ਟੀਕਰਨ ਮੰਗਣ ਲਈ ਕਿਹਾ ਹੈ। ਉਧਰ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਇਸ ਮਾਮਲੇ ’ਚ ਖੇਡਾਂ ਬਾਰੇ ਸਾਲਸੀ ਅਦਾਲਤ ’ਚ ਪਹੁੰਚ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਪੂਰਾ ਟੂਰਨਾਮੈਂਟ ਮੁਲਕ ’ਚ ਹੀ ਕਰਾਉਣ ਲਈ ਬਜ਼ਿੱਦ ਹੈ। -ਆਈਏਐੱਨਐੱਸ