For the best experience, open
https://m.punjabitribuneonline.com
on your mobile browser.
Advertisement

ਮੰਗਾਂ ਮੰਨੇ ਜਾਣ ਮਗਰੋਂ ਅੰਮ੍ਰਿਤਪਾਲ ਤੇ ਸਾਥੀਆਂ ਦੀ ਭੁੱਖ ਹਡ਼ਤਾਲ ਸਮਾਪਤ

07:16 AM Jul 01, 2023 IST
ਮੰਗਾਂ ਮੰਨੇ ਜਾਣ ਮਗਰੋਂ ਅੰਮ੍ਰਿਤਪਾਲ ਤੇ ਸਾਥੀਆਂ ਦੀ ਭੁੱਖ ਹਡ਼ਤਾਲ ਸਮਾਪਤ
ਡਿਬਰੂਗਡ਼੍ਹ ਜੇਲ੍ਹ ਦਾ ਬਾਹਰੀ ਦ੍ਰਿਸ਼।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਜੂਨ
ਅਸਾਮ ਦੀ ਡਿਬਰੂਗਡ਼੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੇ ਪ੍ਰਸ਼ਾਸਨ ਵੱਲੋਂ ਮੰਗਾਂ ਪ੍ਰਵਾਨ ਕੀਤੇ ਜਾਣ ਮਗਰੋਂ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ। ਇਹ ਜਾਣਕਾਰੀ ੳੁਨ੍ਹਾਂ ਦੇ ਕੇਸ ਦੀ ਪੈਰਵੀ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਅੱਜ ਇਥੇ ਦਿੱਤੀ। ੳੁਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿਤਾ ਨੂੰ ਜੇਲ੍ਹ ’ਚੋਂ ਫੋਨ ਕਰਕੇ ਦੱਸਿਆ ਹੈ ਕਿ ਪ੍ਰਸ਼ਾਸਨ ਨੇ ਬੰਦੀ ਸਿੱਖ ਨੌਜਵਾਨਾਂ ਦੀ ਆਪਣੇ ਘਰ ਫ਼ੋਨ ਕਰਨ ਦੇਣ ਦੀ ਮੰਗ ਪ੍ਰਵਾਨ ਕਰ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਸਭ ਲਈ ਭੋਜਨ ਤਿਆਰ ਕਰਨ ਵਾਲਾ ਖਾਨਸਾਮਾ ਵੀ ਬਦਲ ਦਿੱਤਾ ਗਿਆ ਹੈ। ਅੰਮ੍ਰਿਤਪਾਲ ਦੇ ਪਿਤਾ ਨੇ ਦੋਸ਼ ਲਾਇਆ ਕਿ ਸਰਕਾਰਾਂ ਵੱਲੋਂ ਜੇਲ੍ਹ ਵਿੱਚ ਕੇਸ ਦੀ ਸੁਣਵਾਈ ਅਧੀਨ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਬੇਲੋਡ਼ਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਾਣਬੁੱਝ ਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਤੋਂ ਦੂਰ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ, ਜਿਥੋਂ ਦਾ ਅਮਲਾ ਨਾ ਸਿੱਖ ਰਵਾਇਤਾਂ ਤੋਂ ਜਾਣੂ ਹੈ ਤੇ ਨਾ ਹੀ ਪੰਜਾਬੀ ਭਾਸ਼ਾ ਸਮਝਦਾ ਹੈ। ਇਸ ਕਰਕੇ ਸਿੱਖ ਕੈਦੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਸਿੱਖ ਕੈਦੀਆਂ ਵੱਲੋਂ ਭੁੱਖ ਹੜਤਾਲ ਆਰੰਭਣ ਦੀ ਸੂਚਨਾ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਘਰਾਂ ਵਿੱਚ ਫੋਨ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਸੀ। ਉਸ ਨੇ ਇਹ ਵੀ ਦੱਸਿਆ ਕਿ ਸੀ ਜੇਲ੍ਹ ਵਿੱਚ ਸਿੱਖ ਕੈਦੀਆਂ ਨੂੰ ਜੋ ਭੋਜਨ ਦਿੱਤਾ ਜਾਂਦਾ ਹੈ, ਉਸ ਵਿੱਚੋਂ ਤੰਬਾਕੂ ਵਰਗੇ ਪਦਾਰਥ ਮਿਲੇ ਹਨ। ਕਿਰਨਦੀਪ ਕੌਰ ਨੇ ਦੱਸਿਆ ਸੀ ਕਿ ਉਹ ਹਰ ਹਫ਼ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਡਿਬਰੂਗੜ੍ਹ ਜੇਲ੍ਹ ਜਾਂਦੀ ਹੈ। ਇਸ ਹਡ਼ਤਾਲ ਬਾਰੇ ਉਸ ਨੂੰ ਇਸ ਹਫ਼ਤੇ ਹੀ ਪਤਾ ਲੱਗਿਆ ਸੀ। ਕਿਰਨਦੀਪ ਨੇ ਕਿਹਾ ਕਿ ਅਸਾਮ ਜੇਲ੍ਹ ਵਿੱਚ ਮੁਲਾਕਾਤ ਲਈ ਜਾਣ ਵਾਸਤੇ ਹਰ ਵਾਰ ਹਜ਼ਾਰਾਂ ਰੁਪਏ ਖਰਚ ਹੁੰਦੇ ਹਨ ਤੇ ਹਰ ਪਰਿਵਾਰ ਲਈ ਇਹ ਖਰਚਾ ਕਰ ਸਕਣਾ ਸੰਭਵ ਨਹੀਂ ਹੈ। ਜੇਕਰ ਫੋਨ ’ਤੇ ਗੱਲਬਾਤ ਦੀ ਆਗਿਆ ਮਿਲੇ ਤਾਂ ਇਹ ਖਰਚਾ ਬਚ ਸਕਦਾ ਹੈ।

Advertisement

ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਜੇਲ੍ਹ ’ਚ ਵਾਪਰੀ ਘਟਨਾ ਦੀ ਨਿਖੇਧੀ
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਖਾਣੇ ਵਿੱਚ ਤੰਬਾਕੂ ਮਿਲਣਾ ਇੱਕ ਕੋਝੀ ਤੇ ਅਤਿ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਉਨ੍ਹਾਂ ਤੱਕ ਇਹ ਜਾਣਕਾਰੀ ਪਹੁੰਚੀ ਹੈ ਕਿ ਅੰਮ੍ਰਿਤਪਾਲ ਸਿੰਘ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਨਾਲ ਇਹ ਵਰਤਾਰਾ ਸਹੀ ਨਹੀਂ ਹੈ। ਉਨ੍ਹਾਂ ਇਸ ਵਰਤਾਰੇ ਦੀ ਨਿਖੇਧੀ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ।

Advertisement
Tags :
Author Image

sukhwinder singh

View all posts

Advertisement
Advertisement
×