ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਨਾਨਕ ਦੇਵ ’ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ ਸਮਾਪਤ

06:34 AM Aug 06, 2024 IST
ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਥੇਬੰਦੀ ਵੱਲੋਂ 12 ਦਿਨਾਂ ਦੀ ਭੁੱਖ ਹੜਤਾਲ ਉਸ ਵੇਲੇ ਸਮਾਪਤ ਹੋ ਗਈ ਜਦੋਂ ’ਵਰਸਿਟੀ ਪ੍ਰਸ਼ਾਸਨ ਵੱਲੋਂ ਮੰਗਾਂ- ਬਾਰਡਰ ਏਰੀਏ ਦੇ ਵਿਦਿਆਰਥੀਆਂ ਲਈ ਰਾਖਵਾਂਕਰਨ ਅਤੇ ਯੂਨੀਵਰਸਿਟੀ ਵਿੱਚ ਫੀਸਾਂ ’ਚ ਵਾਧੇ ਦੀ ਸਮੀਖਿਆ ਕਰਨ ’ਤੇ ਸਹਿਮਤੀ ਪ੍ਰਗਟਾਈ ਗਈ। ਜਥੇਬੰਦੀ ‘ਸੱਥ’ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਇਹ ਮੰਗਾਂ ਵਾਰ-ਵਾਰ ਚੁੱਕੀਆਂ ਜਾ ਰਹੀਆਂ ਸਨ, ਪਰ ਸੁਣਵਾਈ ਨਾ ਹੋਣ ਕਾਰਨ ਤਿੰਨ ਵਿਦਿਆਰਥੀ- ਜਸਕਰਨ ਸਿੰਘ ਜ਼ੀਰਾ, ਗੁਰਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਯੂਨੀਵਰਸਿਟੀ ਦੇ ਮੁੱਖ ਗੇਟਾਂ ’ਤੇ ਭੁੱਖ ਹੜਤਾਲ ’ਤੇ ਬੈਠੇ ਸਨ। ‘ਸੱਥ’ ਅਤੇ ਯੂਨਾਈਟਿਡ ਸਿੱਖ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਦਿੱਤੇ ਗਏ ਯੂਨੀਵਰਸਿਟੀ ਬੰਦ ਦੇ ਸੱਦੇ ਤੋਂ ਬਾਅਦ ਅੱਜ ਸਵੇਰੇ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵਿਦਿਆਰਥੀਆਂ ਦੇ ਰਾਖਵੇਂਕਰਨ ਅਤੇ ਫੀਸਾਂ ਵਿੱਚ ਵਾਧੇ ਦੀਆਂ ਮੰਗਾਂ ਨੂੰ ਵਿਚਾਰਨ ਦਾ ਲਿਖਤੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੰਜਾਬੀ ’ਵਰਸਿਟੀ, ਪਟਿਆਲਾ ਵਾਂਗ ਹੀ ਸਰਹੱਦੀ ਪੱਟੀ ਦੇ ਵਿਦਿਆਰਥੀਆਂ ਲਈ ਸੀਟਾਂ ਵਧਾਉਣ ਅਤੇ ਰਾਖਵੀਆਂ ਕਰਨ ਦੀ ਇਜਾਜ਼ਤ ਲੈਣ ਲਈ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੂੰ ਪੇਂਡੂ ਖੇਤਰਾਂ ਲਈ 10 ਪ੍ਰਤੀਸ਼ਤ ਵਾਧੂ ਰਾਖਵੀਆਂ ਸੀਟਾਂ ਦੇਣ ਦੀ ਅਪੀਲ ਕੀਤੀ ਜਾਵੇਗੀ ਤੇ ਸਰਕਾਰ ਨੂੰ ਇੱਕ ਮਹੀਨੇ ਦੇ ਅੰਦਰ ਫੈਸਲਾ ਕਰਨ ਲਈ ਕਿਹਾ ਜਾਵੇਗਾ। ਜੇਕਰ ਸਰਕਾਰ ਇਹ ਮਨਜ਼ੂਰੀ ਨਹੀਂ ਦਿੰਦੀ ਹੈ ਤਾਂ ਜੀਐੱਨਡੀਯੂ ਆਪਣੇ ਪੱਧਰ ’ਤੇ ਅਗਲੀ ਸਿੰਡੀਕੇਟ ਵਿੱਚ ਇਹ ਮਤਾ ਪੇਸ਼ ਕਰ ਕੇ ਸੀਟਾਂ ਨੂੰ ਮਨਜ਼ੂਰੀ ਦੇਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਨਾਲ ਇੱਕ ਕਮੇਟੀ ਬਣਾਈ ਜਾਵੇਗੀ ਜੋ ਹਰ ਸਾਲ ਫੀਸਾਂ ਵਿੱਚ ਕੀਤੇ ਵਾਧੇ ’ਤੇ ਮੁੜ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ’ਵਰਸਿਟੀ ਵੀ ਇਸ ਮੁੱਦੇ ਨੂੰ ਹੱਲ ਕਰਨਾ ਚਾਹੁੰਦੀ ਹੈ, ਪਰ ਨੀਤੀਗਤ ਫੈਸਲੇ ਲੈਣ ਜਾਂ ਨੀਤੀ ਵਿੱਚ ਤਬਦੀਲੀ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਭੁੱਖ ਹੜਤਾਲ ਖਤਮ ਕਰ ਕੇ ਅਰਦਾਸ ਕੀਤੀ। ਇਸ ਦੌਰਾਨ ’ਵਰਸਿਟੀ ਬੰਦ ਦੇ ਸੱਦੇ ਦਾ ਕੰਮ-ਕਾਜ ’ਤੇ ਅਸਰ ਨਹੀਂ ਪਿਆ ਕਿਉਂਕਿ ਇਹ ਮਾਮਲਾ ਵਿਦਿਆਰਥੀਆਂ ਤੇ ’ਵਰਸਿਟੀ ਮੈਨੇਜਮੈਂਟ ਦਰਮਿਆਨ ਸਵੇਰੇ ਹੀ ਹੱਲ ਹੋ ਗਿਆ ਸੀ।

Advertisement

Advertisement
Advertisement