ਮੀਂਹ ਪੈਣ ਨਾਲ ਹੁੰਮਸ ਤੋਂ ਰਾਹਤ ਮਿਲੀ
ਜਸਬੀਰ ਸਿੰਘ ਚਾਨਾ
ਫਗਵਾੜਾ, 5 ਜੁਲਾਈ
ਸ਼ਹਿਰ ਵਿੱਚ ਅੱਜ ਹੋਈ ਬਾਰਿਸ਼ ਨਾਲ ਜਿਥੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਬਾਰਿਸ਼ ਨਾਲ ਕਿਸਾਨ ਬਾਗੋ-ਬਾਗ ਹੋ ਗਏ ਹਨ ਤੇ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ। ਸਵੇਰ ਤੋਂ ਪੈ ਰਹੀ ਲਗਾਤਾਰ ਬਾਰਿਸ਼ ਨਾਲ ਬਾਜ਼ਾਰਾ ’ਚ ਪਾਣੀ ਭਰ ਗਿਆ, ਜਿਸ ਕਾਰਨ ਕੰਮਕਾਰਾਂ ਵਾਲਿਅਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ’ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਅੱਜ ਸ਼ਹਿਰ ਦੇ ਵੱਖ ਵੱਖ ਬਾਜ਼ਾਰਾ ਗਊਸ਼ਾਲਾ ਰੋਡ, ਸੁਭਾਸ਼ ਨਗਰ ਚੌਕ, ਹਰਗੋਬਿੰਦ ਨਗਰ, ਹਦੀਆਬਾਦ ਤੇ ਹੋਰ ਇਲਾਕੇ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਏ। ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ, ਕਿਸਾਨ ਗੁਰਬਖਸ਼ ਸਿੰਘ ਅਠੋਲੀ ਨੇ ਕਿਹਾ ਕਿ ਮੀਂਹ ਨਾਲ ਜਿਥੇ ਮੋਟਰਾਂ ਨੂੰ ਸਾਹ ਮਿਲਿਆ ਹੈ, ਉੱਥੇ ਹੀ ਜ਼ਮੀਨ ਨੂੰ ਚੰਗਾ ਪਾਣੀ ਨਸੀਬ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੇ ਕੱਦੂ ਹੋਣੋਂ ਰਹਿ ਗਏ ਸਨ ਉਨ੍ਹਾਂ ਨੂੰ ਇਸ ਦਾ ਚੰਗਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ 2-3 ਦਿਨ ਬਾਰਿਸ਼ ਨਾ ਪਵੇ ਤਾਂ ਠੀਕ ਰਹੇਗਾ ਤੇ ਜੇਕਰ ਜ਼ਿਆਦਾ ਬਾਰਿਸ਼ ਮੁੜ ਹੋ ਗਈ ਤਾਂ ਫ਼ਿਰ ਫ਼ਸਲਾਂ ਦੇ ਨੁਕਸਾਨ ਦਾ ਡਰ ਰਹੇਗਾ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਹੋਈ ਅੱਜ ਦੁੂਜੇ ਦਿਨ ਵੀ ਮੌਨਸੂਨ ਦੀ ਹੋਈ ਭਾਰੀ ਬਾਰਿਸ਼ ਨੇ ਜਨ-ਜੀਵਨ ਅਸਤ ਵਿਅਸਤ ਕਰ ਕੇ ਰੱਖ ਦਿੱਤਾ। ਪਿਛਲੇ ਕਈ ਦਿਨਾਂ ਤੋਂ ਅੰਤਾਂ ਦੀ ਪੈ ਰਹੀ ਹੁੰਮਸ ਭਰੀ ਗਰਮੀ ਨੇ ਇਲਾਕੇ ਦੇ ਲੋਕਾਂ ਨੂੰ ਜਿੱਥੇ ਰਾਹਤ ਦਿੱਤੀ ਹੈ, ਉੱਥੇ ਝੋਨੇ ਦੀ ਫਸਲ ਲਈ ਵੀ ਇਹ ਬਾਰਿਸ਼ ਵਰਦਾਨ ਸਾਬਤ ਹੋਈ ਹੈ। ਸਵੇਰੇ 9 ਕੁ ਵਜੇ ਸ਼ੁਰੂ ਹੋਈ ਭਾਰੀ ਬਾਰਿਸ਼ ਨੇ ਜਲ-ਥਲ ਕਰ ਕੇ ਰੱਖ ਦਿੱਤਾ, ਜਿਸ ਨਾਲ ਇਲਾਕੇ ਦੇ ਪਿੰਡਾਂ ਅਤੇ ਬਲਾਚੌਰ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸਵੇਰਸਾਰ ਸ਼ੁਰੂ ਹੋਈ ਭਾਰੀ ਬਾਰਿਸ਼ ਸਾਰਾ ਦਿਨ ਰੁਕ-ਰੁਕ ਕੇ ਜਾਰੀ ਰਹੀ, ਜਿਸ ਕਾਰਨ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਹੀ ਮਜਬੂਰ ਹੋਣਾ ਪਿਆ। ਬਾਰਿਸ਼ ਕਾਰਨ ਇਲਾਕੇ ਭਰ ਵਿਚ ਬਿਜਲੀ ਦੀ ਸਪਲਾਈ ਵੀ ਬੰਦ ਰਹੀ, ਜਿਸ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ।
ਹੁਸ਼ਿਆਰਪੁਰ ਵਿੱਚ ਜਨ-ਜੀਵਨ ਪ੍ਰਭਾਵਿਤ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਬਰਸਾਤ ਕਾਰਨ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਪਾਣੀ ਨਾਲ ਭਰ ਗਏ। ਮੌਸਮ ਵਿਭਾਗ ਵੱਲੋਂ 96 ਐੱਮਐੱਮ ਬਰਸਾਤ ਰਿਕਾਰਡ ਕੀਤੀ ਗਈ। ਸ਼ਹਿਰ ਦੀਆਂ ਸੜਕਾਂ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸ਼ਹਿਰ ਦੇ ਮੁੱਖ ਚੌਕਾਂ ’ਚ ਪਾਣੀ ਖੜ੍ਹਾ ਹੋ ਗਿਆ। ਪੇਮਗੜ੍ਹ, ਕ੍ਰਿਸ਼ਨਾ ਨਗਰ, ਹਰੀ ਨਗਰ ਵਰਗੇ ਕਈ ਨੀਵੇਂ ਇਲਾਕਿਆਂ ’ਚ ਪਾਣੀ ਘਰਾਂ ’ਚ ਦਾਖਲ ਹੋ ਗਿਆ। ਡਰੇਨੇਜ ਦਾ ਸਥਾਈ ਪ੍ਰਬੰਧ ਨਾ ਹੋਣ ਕਰ ਕੇ ਬਰਸਾਤ ਰੁਕਣ ਤੋਂ ਬਾਅਦ ਵੀ ਕਈ ਚਿਰ ਪਾਣੀ ਸੜਕਾਂ ’ਤੇ ਖੜ੍ਹਾ ਰਿਹਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਕੌਂਸਲ, ਵਾਟਰ ਸਪਲਾਈ ਤੇ ਸੀਵਰੇਜ ਅਧਿਕਾਰੀਆਂ ਨੂੰ ਨਾਲ ਕੇ ਸ਼ਹਿਰ ਦਾ ਦੌਰਾ ਕੀਤਾ। ਜਿੱਥੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੀ, ਉਸ ਨੂੰ ਠੀਕ ਕਰਨ ਦੇ ਆਦੇਸ਼ ਦਿੱਤੇ। ਘੰਟਾ ਘਰ ਕੌਤਵਾਲੀ ਬਾਜ਼ਾਰ, ਰੇਲਵੇ ਰੋਡ, ਕਮਾਲਪੁਰ, ਗਊੂਸ਼ਾਲਾ ਬਾਜ਼ਾਰ ਸਥਿਤ ਦੁਕਾਨਾਂ ’ਚ ਪਾਣੀ ਭਰ ਗਿਆ। ਕੁਝ ਘੰਟੇ ਆਵਾਜਾਈ ਬੰਦ ਵਰਗੀ ਹੋ ਗਈ। ਸ਼ਹਿਰ ਦੇ ਨਾਲ ਲੱਗਦੇ ਭੰਗੀ ਚੋਅ ’ਚ ਵੀ ਪਾਣੀ ਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਚੋਅ ਵਿਚ ਝੁੱਗੀਆਂ ਬਣਾ ਕੇ ਰਹਿ ਰਹੇ ਲੋਕਾਂ ਨੂੰ ਜਾਣ ਦੀ ਹਦਾਇਤ ਕੀਤੀ। ਦੂਜੇ ਪਾਸੇ ਚੱਕ ਸਾਦੂ ਚੋਅ ਵਿਚ ਵੀ ਪਾਣੀ ਆ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਮਹਿੰਗਰੋਵਾਲ ਚੋਅ ਵਿਚ ਇਕ ਕਾਰ ਪਾਣੀ ’ਚ ਬਹਿ ਗਈ। ਬਰਸਾਤ ਕਾਰਨ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਕਿਸਾਨਾਂ ਦੀਆਂ ਫਸਲਾਂ ਪਾਣੀ ’ਚ ਡੁੱਬ ਗਈਆਂ।