ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ ਤੇ ਹਮਾਇਤੀਆਂ ਦੇ ਘਰਾਂ ’ਤੇ ਛਾਪੇ
* ਛਾਪਿਆਂ ਦੌਰਾਨ ਮੋਬਾਈਲ ਫ਼ੋਨ, ਪੈੱਨ ਡਰਾਈਵ, ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਕਬਜ਼ੇ ’ਚ ਲਈ
* ਮੁਹਾਲੀ ’ਚ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦੇ ਘਰ ਦੀ ਤਲਾਸ਼ੀ ਲਈ
ਜਗਤਾਰ ਸਿੰਘ ਲਾਂਬਾ/ਦਵਿੰਦਰ ਸਿੰਘ ਭੰਗੂ
ਅੰਮ੍ਰਿਤਸਰ/ਰੱਈਆ, 13 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਕੇ-ਸਬੰਧੀਆਂ ਤੇ ਹੋਰ ਸਹਿਯੋਗੀਆਂ ਦੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਮੋਗਾ ਜ਼ਿਲ੍ਹੇ ਵਿਚਲੀਆਂ ਰਿਹਾਇਸ਼ਾਂ ਤੇ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ। ਐੱਨਆਈਏ ਦੀਆਂ ਟੀਮਾਂ ਜਾਂਦੇ ਹੋਏ ਮੋਬਾਈਲ ਫੋਨ, ਪੈੱਨ ਡਰਾਈਵਾਂ, ਸੀਸੀਟੀਵੀ ਫੁਟੇਜਾਂ ਦੀ ਡੀਵੀਆਰ ਆਪਣੇ ਨਾਲ ਲੈ ਗਈ। ਟੀਮ ਨੇ ਮੁਹਾਲੀ ਵਿਚ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦੇ ਘਰ ਦੀ ਤਲਾਸ਼ੀ ਵੀ ਲਈ। ਟੀਮ ਨੇ ਅੰਮ੍ਰਿਤਪਾਲ ਸਿੰਘ ਦੇ ਜੱਲੂਪੁਰ ਖੇੜਾ ਰਹਿੰਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਪੁੱਛ ਪੜਤਾਲ ਲਈ 26 ਸਤੰਬਰ ਨੂੰ ਚੰਡੀਗੜ੍ਹ ਸੱਦਿਆ ਹੈ। ਇਹ ਛਾਪੇ ਦਹਿਸ਼ਤਗਰਦਾਂ ਤੇ ਗੈਂਗਸਟਰਾਂ ਵਿਚਲੇ ਗੱਠਜੋੜ ਨੂੰ ਤੋੜਨ ਅਤੇ ਮਾਰਚ 2023 ਵਿਚ ਕੈਨੇਡਾ ਦੇ ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨ ਪੱਖੀ ਹਮਾਇਤੀਆਂ ਵੱਲੋਂ ਕੀਤੇ ਪ੍ਰਦਰਸ਼ਨ ਤੇ ਕਮਿਸ਼ਨ ਦੇ ਅਹਾਤੇ ਵਿਚ ਦੋ ਗ੍ਰਨੇਡ ਸੁੱਟਣ ਦੇ ਸਬੰਧ ਵਿਚ ਮਾਰੇ ਗਏ ਹਨ। ਅੰਮ੍ਰਿਤਪਾਲ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।
ਐੱਨਆਈਏ ਦੀਆਂ ਟੀਮਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਅੱਜ ਸਵੇਰੇ 5:30 ਵਜੇ ਕੀਤੀ ਛਾਪੇਮਾਰੀ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਚਾਚਾ ਪਰਗਟ ਸਿੰਘ ਜੱਲੂੁਪੁਰ ਖੇੜਾ ਦੇ ਘਰ ਤੇ ਰਈਆ ਸਥਿਤ ਫਰਨੀਚਰ ਵਾਲੀ ਦੁਕਾਨ ਅਤੇ ਪਿੰਡ ਬੁਤਾਲਾ (ਅੰਮ੍ਰਿਤਸਰ) ਵਿਚ ਉਸ ਦੇ ਭਣੋਈਏ ਅਮਰਜੋਤ ਸਿੰਘ, ਜੋ ਇਸ ਵੇਲੇ ਕੈਨੇਡਾ ਵਿਚ ਰਹਿ ਰਿਹਾ ਹੈ, ਦੇ ਘਰ ਨੂੰ ਨਿਸ਼ਾਨਾ ਬਣਾਇਆ। ਛਾਪੇ ਮੌਕੇ ਅਮਰਜੋਤ ਦੇ ਘਰ ਵਿਚ ਉਸ ਦੀ ਭਰਜਾਈ ਹੀ ਮੌਜੂਦ ਸੀ। ਟੀਮ ਪੰਜ ਘੰਟੇ ਦੇ ਕਰੀਬ ਉਥੇ ਮੌਜੂਦ ਰਹੀ ਤੇ ਜਾਂਦੇ ਹੋਏ ਪੈੱਨ ਡਰਾਈਵ ਅਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਨਾਲ ਲੈ ਗਈ। ਐੱਨਆਈਏ ਟੀਮ ਨੇ ਮਹਿਤਾ (ਅੰਮ੍ਰਿਤਸਰ), ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਅੰਮ੍ਰਿਤਸਰ ਦੇ ਗੁਰਨਾਮ ਨਗਰ ਵਿਚ ਵੀ ਛਾਪੇ ਮਾਰੇ ਹਨ।
ਇਸ ਮਗਰੋਂ ਟੀਮ ਅੰਮ੍ਰਿਤਪਾਲ ਸਿੰਘ ਦੇ ਚਾਚੇ ਪਰਗਟ ਸਿੰਘ ਸੰਧੂ ਦੇ ਪਿੰਡ ਜੱਲੂਪੁਰ ਖੇੜਾ ਵਿਚਲੇ ਘਰ ਪੁੱਜੀ। ਇਥੇ ਜਦੋਂ ਕੋਈ ਨਹੀਂ ਮਿਲਿਆ ਤਾਂ ਟੀਮ ਸੰਧੂ ਦੀ ਫੇਰੂਮਾਨ ਰੋਡ ਸਥਿਤ ਫਰਨੀਚਰ ਵਾਲੀ ਦੁਕਾਨ ਕਮ ਘਰ ਪੁੱਜੀ। ਸੰਧੂ ਇਸ ਮੌਕੇ ਘਰ ਵਿਚ ਨਹੀਂ ਸੀ। ਦੋ ਘੰਟੇ ਦੀ ਫਰੋਲਾ-ਫਰੋਲੀ ਮਗਰੋਂ ਐੱਨਆਈਏ ਟੀਮ ਘਰ ਵਿਚ ਮੌਜੂਦ ਦੋ ਮੋਬਾਈਲ ਫ਼ੋਨ, ਪੈੱਨ ਡਰਾਈਵ, ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਦੇ ਨਾਲ ਅਮਰਜੀਤ ਕੌਰ ਨੂੰ ਪੁੱਛ ਪੜਤਾਲ ਲਈ ਬਿਆਸ ਥਾਣੇ ਲੈ ਗਈ। ਲਗਪਗ ਚਾਰ-ਪੰਜ ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਟੀਮ ਨੇ ਪਰਗਟ ਸਿੰਘ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ 26 ਸਤੰਬਰ ਨੂੰ ਚੰਡੀਗੜ੍ਹ ਸੱਦਿਆ ਹੈ। ਸੂਤਰਾਂ ਮੁਤਾਬਕ ਐੱਨਆਈਏ ਟੀਮ ਦੇ ਛਾਪੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਕਥਿਤ ਤੌਰ ’ਤੇ ਘਰੋਂ ਚਲਾ ਗਿਆ ਸੀ। ਕਸਬਾ ਰਈਆ ਤੋਂ ਇਲਾਵਾ ਸਠਿਆਲਾ, ਘੁਮਾਣ, ਮਚਰਾਵਾ, ਭਾਮ, ਮਹਿਤਾ ਵਿਚ ਵੀ ਐੱਨਆਈਏ ਟੀਮ ਨੇ ਦਸਤਕ ਦਿੱਤੀ।
ਮੁਹਾਲੀ (ਦਰਸ਼ਨ ਸਿੰਘ ਸੋਢੀ):
ਐੱਨਆਈਏ ਟੀਮ ਨੇ ਮੁਹਾਲੀ ਦੇ ਸੈਕਟਰ-69 ਵਿੱਚ ਰਹਿੰਦੇ ਜਤਿੰਦਰ ਸਿੰਘ ਭੰਗੂ ਦੇ ਘਰ ਵੀ ਛਾਪਾ ਮਾਰਿਆ ਅਤੇ ਘਰ ਦੀ ਤਲਾਸ਼ੀ ਲਈ। ਭੰਗੂ ਪੰਜਾਬ ਮੰਡੀ ਬੋਰਡ ਵਿੱਚ ਮੁੱਖ ਨਿਗਰਾਨ ਦੇ ਅਹੁਦੇ ’ਤੇ ਤਾਇਨਾਤ ਹਨ। ਉਹ ਸੈਕਟਰ-69 ਵਿੱਚ ਆਪਣੀ ਪਤਨੀ ਨਾਲ ਰਹਿੰਦੇ ਹਨ ਜਦੋਂਕਿ ਉਨ੍ਹਾਂ ਦਾ ਬੇਟਾ ਕੈਨੇਡਾ ਵਿੱਚ ਰਹਿੰਦਾ ਹੈ। ਰਾਜਪੁਰਾ ਨੇੜਲੇ ਪਿੰਡ ਕੁੱਥਾਖੇੜੀ ਵਿੱਚ ਐੱਨਆਈਏ ਦੀ ਟੀਮ ਨੇ ਜਤਿੰਦਰ ਸਿੰਘ ਖਾਲਸਾ ਦੇ ਘਰ ਰੇਡ ਕੀਤੀ। ਜਾਂਚ ਟੀਮ ਉਨ੍ਹਾਂ ਦੇ ਦੋ ਫੋਨ ਅਤੇ ਦੋ ਕਿਤਾਬਾਂ ਨਾਲ ਲੈ ਗਈ ਅਤੇ ਉਨ੍ਹਾਂ ਨੂੰ 26 ਸਤੰਬਰ ਨੂੰ ਚੰਡੀਗੜ੍ਹ ਦੀ ਮਾਡਲ ਜੇਲ੍ਹ ਵਿੱਚ ਜਾਂਚ ਲਈ ਸੱਦਿਆ ਹੈ।
ਸਮਾਲਸਰ (ਗੁਰਜੰਟ ਕਲਸੀ):
ਮੁਹਾਲੀ ਤੋਂ ਹੀ ਗਈ ਐੱਨਆਈਏ ਦੀ ਇਕ ਹੋਰ ਟੀਮ ਨੇ ਮੋਗਾ ਜ਼ਿਲ੍ਹੇ ਵਿਚ ਸਮਾਲਸਰ ਦੇ ਕਵੀਸ਼ਰੀ ਜਥੇ ਦੇ ਆਗੂ ਮੱਖਣ ਸਿੰਘ ਮੁਸਾਫਰ ਦੇ ਘਰ ਛਾਪਾ ਮਾਰਿਆ। ਸਥਾਨਕ ਪੁਲੀਸ ਨੂੰ ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਟੀਮ ਬਿਨਾਂ ਸਬੂਤਾਂ ਦੇ ਵਾਪਸ ਪਰਤ ਗਈ। ਸਮਾਲਸਰ ਦੇ ਸਰਪੰਚ ਅਮਰਜੀਤ ਸਿੰਘ ਅਤੇ ਮੱਖਣ ਸਿੰਘ ਮੁਸਾਫਰ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਛਾਪੇ ਵੇਲੇ ਮੱਖਣ ਸਿੰਘ ਘਰ ਵਿਚ ਨਹੀਂ ਸੀ। ਮੱਖਣ ਸਿੰਘ ਮੁਸਾਫਰ ਝੋਨੇ ਦੀ ਪਰਾਲੀ ਦੀਆਂ ਗੱਠਾਂ ਬੰਨ੍ਹਣ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਬੇਲਰ ਵੀ ਹੈ। ਪੁਲੀਸ ਨਾਲ ਸਿਵਲ ਵਰਦੀ ਵਿੱਚ ਆਏ ਮੁਲਾਜ਼ਮਾਂ ਨੇ ਪਰਿਵਾਰ ਦੇ ਮੋਬਾਈਲ ਫੋਨ ਖੋਹ ਲਏ ਅਤੇ ਘਰ ਵਿੱਚ ਪਏ ਆਟੇ ਦੇ ਪੀਪੇ ਤੱਕ ਚੈੱਕ ਕੀਤੇ। ਵੀਰਪਾਲ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ 24 ਸਤੰਬਰ ਨੂੰ ਐੱਨਆਈਏ ਦੇ ਮੁਹਾਲੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੂਤਰਾਂ ਮੁਤਾਬਕ ਐੱਨਆਈਏ ਦੀ ਟੀਮ ਲੋਕ ਸਭਾ ਚੋਣਾਂ ਦੌਰਾਨ ਵਿਦੇਸ਼ ਤੋਂ ਫੰਡਿੰਗ ਤੋਂ ਇਲਾਵਾ ਅਤੇ ਹਾਲ ਹੀ ਵਿੱਚ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਰਵਾਇਤੀ ਰੱਖੜ ਪੁੰਨਿਆ ਸਮਾਗਮ ਦੌਰਾਨ ਕਰਵਾਈ ਕਾਨਫਰੰਸ ਵਿੱਚ ਕੀਤੇ ਖਰਚੇ ਤੇ ਓਟਵਾ(ਕੈਨੇਡਾ) ਵਿਖੇ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੀ ਜਾਂਚ ਕਰ ਰਹੀ ਹੈ। ਕਮਿਸ਼ਨ ਦੀ ਇਮਾਰਤ ਵਿੱਚ ਦੋ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਦੇ ਭਣੋਈਏ ਅਮਰਜੋਤ ਸਿੰਘ ਨੂੰ ਮਸ਼ਕੂਕ ਵਜੋਂ ਨਾਮਜ਼ਦ ਕੀਤਾ ਗਿਆ ਸੀ। ਐੱਨਆਈਏ ਨੇ ਜੂਨ 2023 ਵਿੱਚ ਇਹ ਕੇਸ ਆਪਣੇ ਹੱਥ ਲੈ ਲਿਆ ਸੀ। ਇਸ ਦੌਰਾਨ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਬੁਲਾਰੇ ਚਰਨਜੀਤ ਸਿੰਘ ਭਿੰਡਰ ਨੇ ਐੱਨਆਈਏ ਦੇ ਛਾਪਿਆਂ ਨੂੰ ਦਬਾਅ ਬਣਾਉਣ ਅਤੇ ਸੰਸਦ ਮੈਂਬਰ ਦੇ ਹਮਾਇਤੀਆਂ ਨੂੰ ਪ੍ਰੇਸ਼ਾਨ ਕਰਨ ਦੀ ਰਣਨੀਤੀ ਕਰਾਰ ਦਿੱਤਾ ਹੈ।