ਭੁੱਕੀ ਦੀ ਤਸਕਰੀ ’ਚ ਫੜੀ ਮੁਲਜ਼ਮ ਦਾ ਮਕਾਨ ਜ਼ਬਤ
ਪੱਤਰ ਪ੍ਰੇਰਕ
ਜਗਰਾਉਂ, 19 ਅਕਤੂਬਰ
ਥਾਣਾ ਦਾਖਾ ਅਧੀਨ ਪੈਂਦੇ ਪਿੰਡ ਕੈਲਪੁਰ ਦੀ ਨਸ਼ਾ ਤਸਕਰੀ ’ਚ ਫੜੀ ਮਹਿਲਾ ਸੁਨੀਤਾ ਦਾ ਮਕਾਨ ਪੁਲੀਸ ਨੇ ਅੱਜ ਜ਼ਬਤ ਕਰ ਲਿਆ। ਡੀਐੱਸਪੀ ਵਰਿੰਦਰ ਸਿੰਘ ਖੋਸਾ ਥਾਣਾ ਦਾਖਾ ਦੇ ਹੋਰ ਪੁਲੀਸ ਅਧਿਕਾਰੀਆਂ ਸਮੇਤ ਪਿੰਡ ਕੈਲਪੁਰ ਪਹੁੰਚੇ ਅਤੇ ਚਾਰ ਮਰਲੇ ਦੇ ਰਿਹਾਇਸ਼ੀ ਮਕਾਨ ਨੂੰ ਜ਼ਬਤ ਕਰਨ ਦੀ ਕਾਰਵਾਈ ਸਿਰੇ ਚੜ੍ਹਾਈ। ਗੌਰਤਲਬ ਹੈ ਕਿ ਸੁਨੀਤਾ ਨੂੰ ਪੁਲੀਸ ਨੇ ਸੱਤ ਸੌ ਕਿਲੋ ਭੁੱਕੀ ਸਮੇਤ ਫੜਿਆ ਸੀ। ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਇਸ ਸਬੰਧ ਵਿੱਚ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਨਿਰਦੇਸ਼ਾਂ ਤਹਿਤ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਨੀਤਾ ਨੇ ਨਸ਼ਿਆਂ ਦੇ ਵਪਾਰ ’ਚੋਂ ਕਮਾਈ ਕਰਕੇ ਇਹ ਮਕਾਨ ਬਣਾਇਆ ਸੀ ਜਿਸ ਦੀ ਕੀਮਤ ਅੰਦਾਜ਼ਨ ਗਿਆਰਾਂ ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਹੀ ਅੱਜ ਮਕਾਨ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਦਾਖਾ ਅਧੀਨ ਪੈਂਦੇ ਹੋਰਨਾਂ ਨਸ਼ਾ ਤਸਕਰਾਂ ਦਾ ਰਿਕਾਰਡ ਵੀ ਘੋਖਿਆ ਜਾ ਰਿਹਾ। ਇਸ ਪੜਤਾਲ ਦੌਰਾਨ ਜੇਕਰ ਕਿਸੇ ਹੋਰ ਨਸ਼ਾ ਤਸਕਰ ਵੱਲੋਂ ਵੀ ਨਸ਼ਿਆਂ ਦੀ ਤਸਕਰੀ ਕਰਕੇ ਜਾਇਦਾਦ ਬਣਾਉਣ ਦੀ ਗੱਲ ਸਾਹਮਣੇ ਆਵੇਗੀ ਤਾਂ ਉਹ ਵੀ ਕਾਨੂੰਨੀ ਪ੍ਰਕਿਰਿਆ ਮੁਤਾਬਕ ਜ਼ਬਤ ਕੀਤੀ ਜਾਵੇਗੀ।